ਹਰਭਗਵਾਨ ਸਕੂਲ ਸਮਾਣਾ ਦੀ ਲੰਘ ਚੁੱਕੀ ਮਿਆਦ ਦਾ ਮਾਮਲਾ
ਪ੍ਰਸ਼ਾਸਨ ਕਮੇਟੀ ਮੈਂਬਰਾਂ ‘ਤੇ ਮਾਮਲਾ ਦਰਜ ਕਰਕੇ ਸਕੂਲ ਦਾਖਲੇ ‘ਚ ਲਗਾਵੇ ਪਾਬੰਦੀ : ਫਰੰਟ
ਪਟਿਆਲਾ 30 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ, ਸੰਗਠਨ ਸਕੱਤਰ ਨੇਤ ਸਿੰਘ ਧਾਲੀਵਾਲ, ਪ੍ਰੈੱਸ ਸਕੱਤਰ ਗੁਰਦੀਸ਼ ਸਿੰਘ, ਹਰਦੇਵ ਸਿੰਘ, ਪ੍ਰਿੰਸੀਪਲ ਕੇ.ਕੇ. ਸ਼ਰਮਾ ਖੰਨਾ, ਪ੍ਰਿੰਸੀਪਲ ਧਰਮਿੰਦਰ ਸਿੰਘ ਫਤਿਹਗੜ੍ਹ ਸਾਹਿਬ, ਮਲਕੀਤ ਸਿੰਘ ਗੁਰਾਇਆ ਅਤੇ ਜਸਵਿੰਦਰ ਸਿੰਘ ਰੰਧਾਵਾ ਨੇ ਸਾਂਝੇ ਬਿਆਨ ‘ਚ ਕਿਹਾ ਕਿ ਹਰਭਗਵਾਨ ਸਕੂਲ ਸਮਾਣਾ ਦੀ ਪ੍ਰਬੰਧਕ ਕਮੇਟੀ ਆਪਣੀ ਮਿਆਦ ਪੂਰੀ ਕਰਨ ਉਪਰੰਤ ਵੀ ਬੇਵਜਾਅ ਸਕੂਲ ਦੇ ਕੰਮ-ਕਾਜ ‘ਚ ਦਖਲ ਅੰਦਾਜੀ ਕਰ ਰਹੀ ਹੈ ਅਤੇ ਅਧਿਆਪਕਾਂ/ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਇਸ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਫਰੰਟ ਸੂਬਾ ਪ੍ਰਧਾਨ ਉਪਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਵਿਵਾਦਿਕ ਅਤੇ ਗੈਰ ਸੰਵਿਧਾਨਿਕ ਕਮੇਟੀ ਦੇ ਮੈਂਬਰ ਸਕੂਲ ਅੰਦਰ ਆ ਕੇ ਬਾਰ-ਬਾਰ ਵਿਦਿਆਥੀਆਂ ਅਤੇ ਅਧਿਆਪਕਾਂ ਨੂੰ ਬਿਨ੍ਹਾਂ ਦੱਸੇ ਮੋਬਾਇਲਾਂ ਤੇ ਵੀਡੀਓ ਬਣਾਉਂਦੇ ਹਨ। ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਇਸ ਦਾ ਵਿਦਿਆਰਥੀਆਂ ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ। ਕਮੇਟੀ ਦੇ ਮੈਂਬਰ ਇਨ੍ਹਾਂ ਵੀਡੀਓ ਨਾਲ ਛੇੜ-ਛਾੜ ਕਰਕੇ ਇਸ ਦੀ ਗਲਤ ਵਰਤੋਂ ਵੀ ਕਰ ਸਕਦੇ ਹਨ। ਇਸ ਪੁਰਾਣੀ ਕਮੇਟੀ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਬਕਾਇਦਾ ਜਿਲ੍ਹਾ ਸਿੱਖਿਆ ਅਫਸਰ (ਸੈਕੰ) ਪਟਿਆਲਾ ਨੂੰ ਬਤੌਰ ਕਾਰਸਪਾਡੈਂਟ ਵਜੋਂ ਪੂਰੇ ਅਧਿਕਾਰ ਦਿੱਤੇ ਹੋਏ ਹਨ ਹੁਣ ਇਸ ਸਕੂਲ ਡੀ.ਈ.ਓ. (ਸ) ਪਟਿਆਲਾ ਅਧੀਨ ਕੰਮ ਕਰ ਰਿਹਾ ਹੈ। ਪਰੰਤੂ ਇਸ ਵਿਵਾਦਿਤ ਕਮੇਟੀ ਦੀਆਂ ਇਸ ਸਕੂਲ ‘ਚ ਦਾਖਲ ਹੋ ਕੇ ਗੈਰ ਕਾਨੂੰਨੀ ਗਤੀਵਿਧੀਆਂ ਨਿਰੰਤਰ ਜਾਰੀ ਹਨ। ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ‘ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਨਾਲ ਸ਼ਹਿਰ ਦਾ ਮਾਹੌਲ ਵੀ ਖਰਾਬ ਹੋ ਸਕਦਾ ਹੈ। ਇਸ ਲਈ ਫਰੰਟ ਨੇਤਾਵਾਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਪੁਰਾਣੀ ਕਮੇਟੀ ਦੇ ਮੈਂਬਰਾਂ ਨੂੰ ਸਕੂਲ ‘ਚ ਦਾਖਲੇ ਤੇ ਰੋਕ ਲਗਾਉਣ ਸਬੰਧੀ ਸਪਸ਼ਟ ਨਿਰਦੇਸ਼ ਜਾਰੀ ਕਰੇ ਜਾਂ ਇਨ੍ਹਾਂ ਦੇ ਫਿਰ ਵੀ ਨਾ ਰੁਕਣ ਤੇ ਪਰਚਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ।
ਪ੍ਰਸ਼ਾਸ਼ਨ ਅਗਰ ਤੁਰੰਤ ਕੋਈ ਅਜਿਹੇ ਠੋਸ ਕਦਮ ਨਹੀਂ ਚੁੱਕਦਾ ਤਾਂ ਫਰੰਟ ਵੱਲੋਂ ਐੱਸ.ਡੀ.ਐਮ. ਸਮਾਣਾ ਖਿਲਾਫ ਧਰਨਾ ਦਿੱਤਾ ਜਾਵੇਗਾ। ਜਿਸ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।

