ਪਟਿਆਲਾ

ਚੋਣ ਪ੍ਰਕ੍ਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰ ਸਿਆਸੀ ਪਾਰਟੀ ਬੂਥ ਪੱਧਰ ‘ਤੇ ਆਪਣੇ ਸਹਾਇਕ ਤਾਇਨਾਤ ਕਰੇ-ਦੀਪਿੰਦਰ ਸਿੰਘ

ਪਟਿਆਲਾ, 11 ਦਸੰਬਰ (ਮਧੂਸਾਰ ਬਿਊਰੋ) ਪਟਿਆਲਾ ਡਵੀਜਨ ਦੇ ਰੋਲ ਅਬਜ਼ਰਵਰ-ਕਮ-ਡਵੀਜਨਲ ਕਮਿਸ਼ਨਰ ਸ. ਦੀਪਿੰਦਰ ਸਿੰਘ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਸੁਧਾਈ ਅਤੇ ਚੋਣ ਪ੍ਰਕ੍ਰਿਆ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਹਰ ਸਿਆਸੀ ਪਾਰਟੀ ਨੂੰ ਹਰ ਹਲਕੇ ‘ਚ ਆਪਣੇ ਬੂਥ ਪੱਧਰ ਦੇ ਸਹਾਇਕ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਅਜਿਹੇ ਬੀ.ਐਲ.ਏ. ਹਰ ਬੂਥ ‘ਤੇ ਤਾਇਨਾਤ ਬੀ.ਐਲ.ਓਜ ਨਾਲ ਤਾਲਮੇਲ ਕਰਕੇ ਵੋਟਾਂ ਬਨਵਾਉਣ ਅਤੇ ਵੋਟਰ ਦੀ ਮੌਤ ਜਾਂ ਕਿਸੇ ਹੋਰ ਕਾਰਨ ਤਬਦੀਲੀ ਹੋਣ ਵਾਲੀਆਂ ਵੋਟਾਂ ਨੂੰ ਅਪਡੇਟ ਕਰਵਾਉਣ ‘ਚ ਸਹਾਇਤਾ ਕਰਨਗੇ।
ਸ. ਦੀਪਿੰਦਰ ਸਿੰਘ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਰ ਸੂਚੀਆਂ ਦੀ ਅੰਤਮ ਸੁਧਾਈ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੇ ਦਾਅਵੇ ਅਤੇ ਇਤਰਾਜ ਜਾਨਣ ਲਈ ਪੰਜ ਜ਼ਿਲ੍ਹਿਆਂ ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ ਅਤੇ ਬਰਨਾਲਾ ਦੇ ਡਿਪਟੀ ਕਮਿਸ਼ਨਰਾਂ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕਰ ਰਹੇ ਸਨ।
ਡਵੀਜਨਲ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਪਟਿਆਲਾ ਡਵੀਜਨ ਦੇ ਸਾਰੇ ਜ਼ਿਲ੍ਹਿਆਂ ‘ਚ ਫੋਟੋ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਤੋਂ ਪਹਿਲਾਂ ਦੀ ਪ੍ਰਕ੍ਰਿਆ ਵਿੱਚੋਂ 95 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਵੀ 14 ਦਸੰਬਰ ਤੱਕ ਖ਼ਤਮ ਕਰ ਲਿਆ ਜਾਵੇਗਾ। ਇਸ ਤਰ੍ਹਾਂ ਯੋਗਤਾ ਮਿਤੀ 1 ਜਨਵਰੀ 2019 ਦੇ ਅਧਾਰ ‘ਤੇ ਵੋਟਰ ਸੂਚੀਆਂ ਦੀ ਸੁਧਾਈ ਤੋਂ ਬਾਅਦ ਇਨ੍ਹਾਂ ਦੀ 4 ਜਨਵਰੀ 2019 ਨੂੰ ਅੰਤਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।
ਸ. ਦੀਪਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਅਗਾਮੀ ਲੋਕ ਸਭਾ ਚੋਣਾਂ ਲਈ ਹਰ ਯੋਗ ਨਾਗਰਿਕ ਦੀ ਵੋਟ ਬਨਵਾਉਣ ਅਤੇ ਦਿਵਯਾਂਗ ਵੋਟਰਾਂ ਦੀ ਪਛਾਣ ਤੇ ਉਨ੍ਹਾਂ ਦੀ ਵੋਟ ਬਨਵਾਉਣ ਸਮੇਤ ਇਸਦਾ ਭੁਗਤਾਨ ਯਕੀਨੀ ਬਨਾਉਣ ਲਈ ਸਹਾਇਤਾ ਕਰਨ ਲਈ ਇਹ ਪ੍ਰਕ੍ਰਿਆ ਚੱਲ ਰਹੀ ਹੈ, ਪ੍ਰੰਤੂ ਜੇਕਰ ਅਜੇ ਵੀ ਕਿਸੇ ਵੋਟਰ ਦੀ ਵੋਟ ਬਨਣੀ ਬਕਾਇਆ ਰਹਿ ਗਈ ਹੈ ਤਾਂ ਉਹ ਆਨ ਲਾਇਨ ਰਜਿਸਟ੍ਰੇਸ਼ਨ ਕਰਵਾ ਕੇ ਆਪਣੀ ਵੋਟ ਬਣਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਿਸ ਪ੍ਰਕਾਰ ਬੀ.ਐਲ.ਓਜ ਨਵੇਂ ਵੋਟਰਾਂ, ਹਲਕਾ ਛੱਡ ਚੁੱਕੇ ਜਾਂ ਮ੍ਰਿਤਕ ਹੋਏ ਵੋਟਰਾਂ ਬਾਬਤ ਸੂਚੀਆਂ ਅਪਡੇਟ ਕਰ ਰਹੇ ਹਨ, ਉਸੇ ਪ੍ਰਕਾਰ ਹੀ ਸਿਆਸੀ ਪਾਰਟੀਆਂ ਵੀ ਆਪਣੇ ਵਰਕਰਾਂ ਨੂੰ ਬੀ.ਐਲ.ਏ. ਵਜੋਂ ਤਾਇਨਾਤ ਕਰਕੇ ਇਸ ਕੰਮ ਲਈ ਸਹਿਯੋਗ ਕਰਨ ਤਾਂ ਕਿ ਕੋਈ ਯੋਗ ਵੋਟਰ ਬਾਕੀ ਨਾ ਰਹੇ ਅਤੇ ਕੋਈ ਗ਼ਲਤ ਵੋਟ ਨਾ ਬਣ ਸਕੇ। ਉਨ੍ਹਾਂ ਨੇ ਇਸ ਮੌਕੇ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਵੀ ਕਿਹਾ ਕਿ ਉਹ ਆਗਾਮੀ ਚੋਣਾਂ ਤੋਂ ਪਹਿਲਾਂ ਆਪਣੇ ਅਧੀਨ ਖੇਤਰਾਂ ‘ਚ ਪੋਲਿੰਗ ਸਟੇਸ਼ਨਾਂ ਦੀ ਇਮਾਰਤ ਦੀ ਪੜਤਾਲ ਚੰਗੀ ਤਰ੍ਹਾਂ ਕਰਵਾ ਲੈਣ।
ਇਸ ਮੌਕੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਕੁਝ ਸੁਝਾਉ ਦਿੰਦਿਆਂ ਡੁਪਲੀਕੇਟ ਵੋਟਾਂ ਕੱਟਣ ਅਤੇ ਨਵੀਆਂ ਵੋਟਾਂ ਬਨਵਾਉਣ ਸਮੇਂ ਆਉਂਦੀਆਂ ਦਿੱਕਤਾਂ ਦਾ ਜ਼ਿਕਰ ਕੀਤਾ, ਜਿਸ ਨੂੰ ਹੱਲ ਕਰਨ ਲਈ ਡਵੀਜਨਲ ਕਮਿਸ਼ਨਰ ਨੇ ਮੌਕੇ ‘ਤੇ ਹੀ ਨਿਰਦੇਸ਼ ਦਿੱਤੇ।
ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ, ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਧਰਮ ਪਾਲ ਗੁਪਤਾ ਅਤੇ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਸ. ਰਾਜਦੀਪ ਸਿੰਘ ਬਰਾੜ ਨੇ ਆਪਣੇ ਜ਼ਿਲ੍ਹਿਆਂ ‘ਚ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ‘ਚ ਪੁੱਜੇ ਕਾਂਗਰਸ ਪਾਰਟੀ ਦੇ ਪਟਿਆਲਾ ਸ਼ਹਿਰੀ ਪ੍ਰਧਾਨ ਸ੍ਰੀ ਪ੍ਰੇਮ ਕ੍ਰਿਸਨ ਪੁਰੀ, ਹਰਮੇਸ਼ ਗੋਇਲ, ਸ. ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਗਰਚਾ ਅਤੇ ਮਲਕੀਤ ਸਿੰਘ, ਐਸ.ਐਸ. ਵਾਲੀਆ, ਪ੍ਰਦੀਪ ਦੀਵਾਨ, ਐਨ.ਪੀ.ਸੀ ਦੇ ਜਸਵਿੰਦਰ ਸਿੰਘ, ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਮਲਕੀਤ ਸਿੰਘ ਮਠਾੜੂ, ਗੁਰਮੀਤ ਸਿੰਘ ਧਾਲੀਵਾਲ, ਪਟਿਆਲਾ ਤੋਂ ਸ. ਜਸਵਿੰਦਰ ਸਿੰਘ ਚੀਮਾ, ਸੰਗਰੂਰ ਤੋਂ ਗੁਰਮੀਤ ਸਿੰਘ, ਸੁਖਜਿੰਦਰ ਸਿੰਘ ਆਦਿ ਨੇ ਵੋਟਰ ਸੂਚੀਆਂ ਦੀ ਸੁਧਾਈ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ ਅਤੇ ਬਰਨਾਲਾ ਦੇ ਤਹਿਸੀਲਦਾਰ ਚੋਣਾਂ ਕ੍ਰਮਵਾਰ ਸ੍ਰੀ ਰਾਮ ਜੀ ਲਾਲ, ਸ੍ਰੀਮਤੀ ਅੰਜੂ ਬਾਲਾ, ਸ. ਲਾਭ ਸਿੰਘ, ਹਰਿੰਦਰਪਾਲ ਸਿੰਘ ਅਤੇ ਸ੍ਰੀਮਤੀ ਨਰੇਸ਼ ਕਿਰਨ, ਚੋਣ ਕਾਨੂਗੋ ਸ੍ਰੀ ਵਿਜੇ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *