ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨੇ ਕੀਤੀ ਜਿਲਾ ਸਿੱਖਿਆ ਅਧਿਕਾਰੀ ਨਾਲ ਮੁਲਾਕਾਤ
ਵਾਲਮੀਕਿ ਸਮਾਜ ਵਲੋਂ ਦੋ ਦਿਨ ਤੱਕ ਕਾਰਵਾਈ ਕਰਨ ਦਾ ਦਿੱਤਾ ਸਮਾਂ
ਸਾਜਿਸ਼ ‘ਚ ਸ਼ਾਮਿਲ ਸਟਾਫ ਨਾ ਬਦਲਿਆ ਤਾਂ ਸੜਕਾਂ ‘ਤੇ ਉਤਰੇਗਾ ਦਲਿਤ ਸਮਾਜ : ਡਾ. ਜਤਿੰਦਰ ਮੱਟੂ
ਪਟਿਆਲਾ 8 ਜਨਵਰੀ (ਮਧੂਸਾਰ ਬਿਊਰੋ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਜਿਲਾ ਪਟਿਆਲਾ ਦੀ 11ਵੀਂ ਜਮਾਤ ਦੀ ਵਾਲਮੀਕਿ ਭਾਈਚਾਰੇ ਦੀ ਵਿਦਿਆਰਥਣ ਵੀਰਪਾਲ ਕੌਰ ਦੇ ਮਾਮਲੇ ‘ਤੇ ਅਜੇ ਤੱਕ ਸਿੱਖਿਆ ਵਿਭਾਗ ਵਲੋਂ ਸਾਜਿਸ਼ ‘ਚ ਸ਼ਾਮਿਲ ਸਟਾਫ ਖਿਲਾਫ ਕੋਈ ਵੀ ਵਿਭਾਗੀ ਕਾਰਵਾਈ ਨਾ ਕਰਨ ਅਤੇ ਉਸ ਸਟਾਫ ਨੂੰ ਸਕੂਲ ਵਿਚੋਂ ਅਜੇ ਤੱਕ ਨਾ ਬਦਲੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਵਾਲਮੀਕਿ ਸਮਾਜ ਦੀਆਂ ਰਾਸ਼ਟਰੀ ਅਤੇ ਸੂਬਾ ਪੱਧਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨਾਲ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਕੰਵਲ ਕੁਮਾਰੀ ਨਾਲ ਮੁਲਾਕਾਤ ਕੀਤੀ।
ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਜੇਕਰ ਆਉਣ ਵਾਲੇ ਇਕ ਜਾਂ ਦੋ ਦਿਨਾਂ ਵਿਚ ਵਿਦਿਆਰਥਣ ਨਾਲ ਜਾਤੀ ਵਿਤਕਰਾ ਕਰਨ ਅਤੇ ਉਸ ਖਿਲਾਫ ਵਾਲਮੀਕਿ ਜਾਤੀ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਸਟਾਫ ਨੂੰ ਫੌਰੀ ਸਕੂਲ ਵਿਚੋਂ ਨਾ ਬਦਲਿਆ ਅਤੇ ਉਨਾਂ ਖਿਲਾਫ ਵਿਭਾਗੀ ਕਾਰਵਾਈ ਨਾ ਕੀਤੀ ਤਾਂ ਅਨੁਸੂਚਿਤ ਜਾਤੀਆਂ ਅਤੇ ਹੋਰ ਐਸ.ਸੀ ਵਰਗ ਨਾਲ ਸਬੰਧਿਤ ਜਥੇਬੰਦੀਆਂ ਵਿਦਿਆਰਥਣ ਨੂੰ ਇਨਸਾਫ ਦਿਵਾਉਣ ਲਈ ਜਿਲਾ ਸਿੱਖਿਆ ਅਫਸਰ ਦੇ ਦਫਤਰ ਦਾ ਘਿਰਾਓ ਕਰਨਗੇ।ਇਸ ਮੌਕੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ ਮੱਟੂ ਨਾਲ ਆਦਿ ਧਰਮ ਸਮਾਜ ਆਧਸ ਦੇ ਮਹਾਂਮੰਤਰੀ ਵੀਰ ਲਵਲੀ ਅਛੂਤ, ਭਾਵਾਧਸ ਤੋਂ ਜਿਲਾ ਪਟਿਆਲਾ ਪ੍ਰਧਾਨ ਵੀਰ ਅਰੁਣ ਧਾਲੀਵਾਲ, ਡਾ. ਬੀ.ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਪੰਜਾਬ ਦੇ ਜਿਲਾ ਪਟਿਆਲਾ ਪ੍ਰਧਾਨ ਜੀਵਨਦਾਸ ਗਿੱਲ ਵੀ ਹਾਜਰ ਸਨ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਹ ਇਨਸਾਫ ਦੀ ਲੜਾਈ ਹੈ ਅਤੇ ਸਮਾਜ ਵਿਚ ਹਰ ਕਿਸੇ ਨੂੰ ਇੱਜਤ ਤੇ ਸਤਿਕਾਰ ਨਾਲ ਰਹਿਣ ਦਾ ਹੱਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਵਿਚ ਦਿੱਤਾ ਹੈ। ਪਰ ਕੁਝ ਜਾਤੀਵਾਦੀ ਵਿਚਾਰਧਾਰਾ ਵਾਲੇ ਲੋਕ ਅਜੇ ਵੀ ਸਾਡੇ ਸਮਾਜ ਦੇ ਲੋਕਾਂ ਨਾਲ ਜਾਤੀ ਵਿਤਕਰਾ ਕਰਕੇ ਉਨਾਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਤੋਂ ਪਰੇ ਹੈ। ਵੀਰ ਅਰੁਣ ਧਾਲੀਵਾਲ ਨੇ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਵੀ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ। ਇਸ ਮੌਕੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਕੰਵਲ ਕੁਮਾਰੀ ਨੇ ਵਾਲਮੀਕਿ ਸਮਾਜ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਅੱਜ ਹੀ ਸਕੱਤਰ ਸਿੱਖਿਆ ਵਿਭਾਗ ਨੂੰ ਆਪਣੀ ਜਾਂਚ ਰਿਪੋਰਟ ਭੇਜ ਦੇਣਗੇ। ਉਸ ਤੋਂ ਬਾਅਦ ਫੈਸਲਾ ਸਕੱਤਰ ਨੇ ਕਰਨਾ ਹੈ।

