ਪਟਿਆਲਾ

ਨਗਰ ਨਿਗਮ ਵੱਲੋਂ ਮਨੁੱਖੀ ਸਿਹਤ ਲਈ ਹਾਨੀਕਾਰਕ ਥਰਮੋਕੋਲ ਤੇ ਪਲਾਸਟਿਕ ਦੇ ਬਰਤਨ ਨਾ ਵਰਤਣ ਦੀ ਸਲਾਹ

ਨਗਰ ਨਿਗਮ ਦੀ ਹਦੂਦ ਅੰਦਰ ਲੰਗਰ ਲਗਾਉਣ ਸਮੇਂ ਨਿਗਮ ਤੋਂ ਪ੍ਰਵਾਨਗੀ ਲੈਣੀ ਯਕੀਨੀ ਬਣਾਈ ਜਾਵੇ – ਕਮਿਸ਼ਨਰ
ਲੰਗਰ ਲਗਾਉਣ ਸਮੇਂ ਸਾਫ਼-ਸਫ਼ਾਈ ਅਤੇ ਕੂੜੇ ਦਾ ਪ੍ਰਬੰਧਨ ਜ਼ਰੂਰੀ
ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਸ਼ਹਿਰ ਵਾਸੀਆਂ ਨੂੰ ਪਾਲਣਾ ਕਰਨ ਦੀ ਅਪੀਲ
ਪਟਿਆਲਾ, 18 ਦਸੰਬਰ (ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰ ਵਾਸੀਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਧਾਰਮਿਕ ਸਮਾਗਮ ਸਮੇਂ ਜੋ ਲੰਗਰ ਲਗਾਏ ਜਾਂਦੇ ਹਨ, ਉਨ੍ਹਾਂ ਨੂੰ ਲਗਾਉਣ ਸਮੇਂ ਨਗਰ ਨਿਗਮ ਦੀ ਪ੍ਰਵਾਨਗੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਾਲਿਡ ਵੇਸਟ ਮੈਨੇਜਮੈਂਟ 2016 ਦੀ ਪਾਲਣਾ ਕੀਤੀ ਜਾਵੇ।

ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਆਮ ਦੇਖਣ ਵਿਚ ਆਇਆ ਹੈ ਕਿ ਲੰਗਰ ਦੌਰਾਨ ਸੰਸਥਾਵਾਂ ਵੱਲੋਂ ਪਲਾਸਟਿਕ ਜਾਂ ਥਰਮੋਕੋਲ ਦੀਆਂ ਪਲੇਟਾਂ, ਡੂੰਨੇ, ਗਲਾਸਾਂ ਅਤੇ ਹੋਰ ਡਿਸਪੋਜ਼ੇਬਲ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਇਹ ਡਿਸਪੋਜ਼ੇਬਲ ਸਮਾਨ ਜਿਥੇ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ, ਉਸ ਦੇ ਨਾਲ ਇਹ ਵਾਤਾਵਰਣ ਲਈ ਵੀ ਨੁਕਸਾਨਦੇਹ ਹੈ ਅਤੇ ਇਸ ਨਾਲ ਸ਼ਹਿਰ ਦੀ ਦਿਖ ਵੀ ਖਰਾਬ ਹੁੰਦੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਕੋਈ ਵੀ ਧਾਰਮਿਕ ਸਮਾਗਮ ਅਤੇ ਲੰਗਰ ਆਦਿ ਲਈ ਉਕਤ ਡਿਸਪੋਜ਼ੇਬਲ ਸਮਾਨ ਦੀ ਵਰਤੋਂ ਨਾ ਕਰੇ ਅਤੇ ਜਿਥੇ ਲੰਗਰ ਲਗਾਇਆ ਜਾਣਾ ਹੈ, ਉਸ ਦੀ ਮਨਜ਼ੂਰੀ ਦਫ਼ਤਰ ਨਗਰ ਨਿਗਮ ਪਟਿਆਲਾ ਤੋਂ ਪ੍ਰਾਪਤ ਕੀਤੀ ਜਾਵੇ ਅਤੇ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਵਾਲੀ ਜਗ੍ਹਾ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੂੜਾ ਕਰਕਟ ਬਾਹਰ ਸੜਕ ਉਪਰ ਨਾ ਸੁੱਟਿਆ ਜਾਵੇ ਅਤੇ ਲੰਗਰ ਵਾਲੀ ਜਗ੍ਹਾ ‘ਤੇ ਇਕ ਕੂੜਾਦਾਨ ਰੱਖਿਆ ਜਾਵੇ ਅਤੇ ਸਾਰਾ ਕੂੜਾ ਕਰਕਟ ਇਸ ਕੂੜਾਦਾਨ ਵਿਚ ਹੀ ਪਾਇਆ ਜਾਵੇ।
ਕਮਿਸ਼ਨਰ ਨਗਰ ਨਿਗਮ ਪਟਿਆਲਾ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਜਾਣਕਾਰੀ ਦੇਣ ਅਤੇ ਇਨ੍ਹਾਂ ਨੂੰ ਲਾਗੂ ਕਰਾਉਣ ਹਿਤ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਨਾਲ ਜਲਦੀ ਹੀ ਇਕ ਮੀਟਿੰਗ ਵੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *