ਅਬਜ਼ਰਵਰ ਵੱਲੋਂ ਪਟਿਆਲਾ, ਭੁਨਰਹੇੜੀ, ਸਨੌਰ ਤੇ ਨਾਭਾ ਬਲਾਕ ‘ਚ ਚੋਣਾਂ ਸਬੰਧੀ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ
ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ-ਅਬਜ਼ਰਵਰ
ਚੋਣ ਪ੍ਰਕ੍ਰਿਆ ਸੁਤੰਤਰ ਢੰਗ ਨਾਲ ਨੇਪਰੇ ਚੜ੍ਹਾਉਣ ‘ਚ ਕੋਈ ਅਣਗਹਿਲੀ ਨਾ ਵਰਤੀ ਜਾਵੇ-ਮੁਨੀਸ਼ ਕੁਮਾਰ
ਅਬਜ਼ਰਵਰ ਮੁਨੀਸ਼ ਕੁਮਾਰ ਵੱਲੋਂ ਐਸ.ਡੀ.ਐਮਜ, ਆਰ.ਓਜ ਤੇ ਏ.ਆਰ.ਓਜ ਨਾਲ ਮੀਟਿੰਗ
ਪਟਿਆਲਾ, 18 ਦਸੰਰ (ਕੰਵਰ ਬੇਦੀ/ਮਧੂਸਾਰ ਬਿਊਰੋ) 30 ਦਸੰਬਰ ਨੂੰ ਗ੍ਰਾਮ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਚੋਣ ਅਮਲ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨਤਾ ਨਾਲ ਨੇਪਰੇ ਚਾੜਨ ਲਈ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ 4 ਬਲਾਕਾਂ ਪਟਿਆਲਾ, ਸਨੌਰ, ਭੁਨਰਹੇੜੀ ਅਤੇ ਨਾਭਾ ਲਈ ਤਾਇਨਾਤ ਕੀਤੇ ਗਏ ਅਬਜ਼ਰਵਰ ਸ੍ਰੀ ਮੁਨੀਸ਼ ਕੁਮਾਰ ਨੇ ਅੱਜ ਇਨ੍ਹਾਂ ਬਲਾਕਾਂ ‘ਚ ਕੀਤੇ ਗਏ ਸਮੁੱਚੇ ਚੋਣ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਐਸ.ਡੀ.ਐਮਜ ਤੇ ਰਿਟਰਨਿੰਗ ਅਧਿਕਾਰੀਆਂ ਤੇ ਨਾਲ ਮੀਟਿੰਗ ਕੀਤੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਮੀਟਿੰਗ ਦੌਰਾਨ ਅਬਜ਼ਰਵਰ-ਕਮ-ਵਧੀਕ ਸਕੱਤਰ ਜੰਗਲਾਤ ਤੇ ਡਾਇਰੈਕਟਰ ਪ੍ਰਾਹੁਣਚਾਰੀ ਸ੍ਰੀ ਮੁਨੀਸ਼ ਕੁਮਾਰ ਨੇ ਕਿਹਾ ਕਿ ਇਹ ਚੋਣਾਂ ਆਜ਼ਾਦਾਨਾ, ਨਿਰਪੱਖ ਤੇ ਪੂਰੀ ਪਾਰਦਸ਼ਤਾ ਨਾਲ ਕਰਵਾਉਣੀਆਂ ਯਕੀਨੀ ਬਨਾਉਣ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਸਖਤੀ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਚੋਣ ਪ੍ਰਕ੍ਰਿਆ ਤੇ ਲੋਕਤੰਤਰ ‘ਚ ਵਿਸ਼ਵਾਸ਼ ਬਹਾਲ ਰਹੇ ਇਸ ਲਈ ਰਿਟਰਨਿੰਗ ਅਧਿਕਾਰੀ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਯਕੀਨੀ ਬਣਾਉਣ।
ਸ੍ਰੀ ਮੁਨੀਸ਼ ਕੁਮਾਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਸ਼ਿਕਾਇਤ ਮਿਲਣ ‘ਤੇ ਸ਼ਿਕਾਇਤ ਤੁਰੰਤ ਕਾਰਵਾਈ ਕਰਕੇ ਰਿਪੋਰਟ ਦਿੱਤੀ ਜਾਵੇ। ਉਨ੍ਹਾਂ ਨੇ ਪੋਲਿੰਗ ਬੂਥਾਂ ਸਬੰਧੀ ਪੋਲਿੰਗ ਬੂਥਾਂ ਦੀ ਸੰਵੇਦਨਸ਼ੀਲਤਾ ਤੇ ਨਾਜੁਕ ਹੋਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਕਮਿਸ਼ਨ ਦੀਆਂ ਹੋਰ ਹਦਾਇਤਾਂ ਤੋਂ ਜਾਣੂ ਕਰਵਾਇਆ ਅਤੇ ਸਮੁੱਚੀ ਚੋਣ ਪ੍ਰਕ੍ਰਿਆ ਦੌਰਾਨ ਕੀਤੇ ਜਾ ਰਹੇ ਪ੍ਰਬੰਧਾਂ ਦਾ ਮੁਕੰਮਲ ਜਾਇਜਾ ਲਿਆ। ਉਨ੍ਹਾਂ ਨੇ ਰਿਟਰਨਿੰਗ ਅਫ਼ਸਰਾਂ ਨੂੰ ਆਪਸੀ ਤਾਲਮੇਲ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਸ੍ਰੀ ਮੁਨੀਸ਼ ਕੁਮਾਰ ਦਾ ਸਵਾਗਤ ਕਰਦਿਆਂ ਦੁੱਧਨ ਸਾਧਾਂ ਦੇ ਐਸ.ਡੀ.ਐਮ. ਸ੍ਰੀ ਅਜੇ ਅਰੋੜਾ, ਪਟਿਆਲਾ ਦੇ ਐਸ.ਡੀ.ਐਮ. ਸ੍ਰੀ ਅਨਮੋਲ ਸਿੰਘ ਧਾਲੀਵਾਲ ਤੇ ਨਾਭਾ ਦੇ ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾ ਰਹੀ ਹੈ ਤੇ ਚੋਣ ਅਮਲ ਨਿਰਵਿਘਨਤਾ ਸਹਿਤ ਨੇਪਰੇ ਚੜ੍ਹਾਉਣ ਲਈ ਚੋਣ ਅਮਲੇ ਦੀਆਂ ਰਿਹਰਸਲਾਂ ਕਰਵਾਉਣ ਸਮੇਤ ਵੋਟਾਂ ਪੁਆਉਣ ਦੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਅਬਜਰਵਰ ਨੂੰ ਭਰੋਸਾ ਦਿੱਤਾ ਕਿ ਚੋਣ ਅਮਲ ਨੂੰ ਨਿਰਪੱਖਤਾ, ਪਾਰਦਰਸ਼ਤਾ ਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਜਾਵੇਗਾ।
ਇਸ ਮੌਕੇ ਡੀ.ਐਫ.ਐਸ.ਸੀ. ਸ੍ਰੀ ਨਰਿੰਦਰ ਸਿੰਘ, ਡੀ.ਪੀ.ਓ. ਸ੍ਰੀ ਗੁਲਬਹਾਰ ਸਿੰਘ ਤੂਰ, ਡੀ.ਐਸ.ਐਸ.ਓ. ਸ. ਵਰਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਪਟਿਆਲਾ ਸ੍ਰੀ ਪਰਵੀਨ ਕੁਮਾਰ ਸਿੰਗਲਾ ਆਦਿ ਸਮੇਤ ਹੋਰ ਅਧਿਕਾਰੀ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।

