ਪੰਜਾਬ

ਰਾਜਾਂ ਨੂੰ ਵੱਧ ਅਧਿਕਾਰਾਂ ਦੇ ਮੁੱਦੇ ‘ਤੇ ਬਾਦਲਾਂ ਦਾ ਦੋਹਰਾ ਚਿਹਰਾ ਨੰਗਾ ਹੋਇਆ: ਆਪ

ਪ੍ਰੋ. ਬਲਜਿੰਦਰ ਕੌਰ ਨੇ ਅਸਲੀ ਸੰਘੀ ਢਾਂਚਾ ਲਾਗੂ ਕਰਨ ਦੀ ਮੰਗ ਰੱਖੀ
ਚੰਡੀਗੜ੍ਹ, 2 ਜਨਵਰੀ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵਾਸਤਵਿਕ ਸੰਘੀ ਢਾਂਚੇ ਅਧੀਨ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਮੁੱਦੇ ‘ਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਚੀਫ਼ ਸਪੋਕਸਪਰਸਨ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦਹਾਕਿਆਂ ਤੋਂ ਵਾਸਤਵਿਕ ਸੰਘੀ ਢਾਂਚੇ (ਟਰੂ ਫੈਡਰਲਿਜ਼ਮ) ਦਾ ਰਾਗ ਅਲਾਪਣ ਵਾਲੇ ਬਾਦਲ ਪਿਛਲੇ ਸਾਢੇ ਚਾਰ ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੇਂਦਰ ਦੀ ਸੱਤਾ ਭੋਗ ਰਹੇ ਹਨ, ਪਰੰਤੂ ਅਸਲੀ ਸੰਘੀ ਢਾਂਚੇ ਤਹਿਤ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਨਹੀਂ ਉਠਾਈ ਅਤੇ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਲਈ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਗਹਿਣੇ ਰੱਖ ਦਿੱਤੇ। ਇੱਥੋਂ ਤੱਕ ਕਿ ਆਪਣੀ ਭਾਈਵਾਲ ਵਾਲੀ ਵਾਜਪਾਈ ਸਰਕਾਰ ਵੱਲੋਂ ਗਵਾਂਢੀ ਪਹਾੜੀ ਰਾਜਾਂ ਨੂੰ ਦਿੱਤੀਆਂ ਵਿਸ਼ੇਸ਼ ਟੈਕਸ ਛੋਟਾਂ ਨੂੰ ਪੰਜਾਬ ‘ਚ ਲਾਗੂ ਨਹੀਂ ਕਰਵਾ ਸਕੇ, ਸਿੱਟੇ ਵਜੋਂ ਪੰਜਾਬ ਦਾ ਸਾਰਾ ਉਦਯੋਗ ਤਬਾਹ ਹੋ ਗਿਆ ਅਤੇ ਬਾਕੀ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ‘ਚ ਹਿਜਰਤ ਕਰ ਗਿਆ, ਪਰੰਤੂ ਬਾਦਲ ਪਰਿਵਾਰ ਨੇ ਕੇਂਦਰੀ ਮੰਤਰੀ ਦੀ ਕੁਰਸੀ ਨੂੰ ਹੀ ਪਹਿਲ ਦਿੱਤੀ, ਦੂਜੇ ਪਾਸੇ ਟੀਡੀਪੀ ਸਮੇਤ ਕਈ ਖੇਤਰੀ ਦਲਾਂ ਨੇ ਆਪਣੇ ਰਾਜਾਂ ਦੇ ਹਿੱਤਾਂ ਦੀ ਆਵਾਜ਼ ਚੁੱਕਦੇ ਹੋਏ, ਕੇਂਦਰ ਸਰਕਾਰ ਦੀਆਂ ਵਜੀਰੀਆਂ ਨੂੰ ਲੱਤ ਮਾਰ ਦਿੱਤੀ।
ਪ੍ਰੋ. ਬਲਜਿੰਦਰ ਕੌਰ ਨੇ ਦੇਸ਼ ‘ਚ ਅਸਲੀ ਸੰਘੀ ਢਾਂਚਾ ਲਾਗੂ ਕਰਨ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਦਾ ਘਾਣ ਕਰਨ ‘ਚ ਭਾਜਪਾ ਨੇ ਕਾਂਗਰਸ ਨੂੰ ਵੀ ਮਾਤ ਦੇ ਦਿੱਤੀ ਹੈ। ਦਿਨ ਪ੍ਰਤੀ ਦਿਨ ਸਾਂਝੀ ਅਤੇ ਰਾਜਾਂ ਦੇ ਅਧਿਕਾਰਾਂ ਦੀ ਸੂਚੀ ‘ਚ ਸੇਧ ਲਗਾ ਕੇ ਸੱਤਾ ਦਾ ਪੂਰੀ ਤਰ੍ਹਾਂ ਕੇਂਦਰੀਕਰਨ ਕੀਤਾ ਜਾ ਰਿਹਾ ਹੈ, ਰਾਜਾਂ ਨੂੰ ਵਿੱਤੀ ਤੌਰ ‘ਤੇ ਭਿਖਾਰੀ ਬਣਾ ਦਿੱਤਾ ਹੈ। ਜਿਸ ਦੀ ਆਮ ਆਦਮੀ ਪਾਰਟੀ ਜ਼ੋਰਦਾਰ ਨਿੰਦਾ ਕਰਦੀ ਹੈ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਾਦਲਾਂ ਨੂੰ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਉਦੋਂ ਯਾਦ ਆਉਂਦੀ ਹੈ ਜਦ ਸੱਤਾ ਖੁੱਸ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਬਾਦਲਾਂ ਦਾ ਅਸਲੀ ਕਿਰਦਾਰ ਪਹਿਚਾਣ ਚੁੱਕੇ ਹਨ ਅਤੇ ਭਵਿੱਖ ‘ਚ ਇਨ੍ਹਾਂ ਦੀਆਂ ਦੋਗਲੀਆਂ ਗੱਲਾਂ ਤੋਂ ਗੁਮਰਾਹ ਨਹੀਂ ਹੋਣਗੇ।

Leave a Reply

Your email address will not be published. Required fields are marked *