ਪੰਜਾਬ

ਪ੍ਰੀਖਿਆਵਾਂ ਵਿਚ ਨਕਲ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਮਨੋਹਰ ਕਾਂਤ

-ਸਮੁੱਚੇ ਅਧਿਕਾਰੀਆਂ ਨੇ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਦਾ ਲਿਆ ਅਹਿਦ
ਪਟਿਆਲਾ, 4 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਅਗਵਾਈ ਹੇਠ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਸੰਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਇੰਸ ਆਡੀਟੋਰੀਅਮ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਸੰਬੋਧਨ ਕਰਦਿਆਂ ਚੇਅਰਮੈਨ ਮਨੋਹਰ ਕਾਂਤ ਨੇ ਕਿਹਾ ਕਿ ਨਕਲ ਇਕ ਬਹੁਤ ਵੱਡਾ ਕੋਹੜ ਹੈ, ਜਿਸ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਸਾਫ ਕੀਤਾ ਕਿ ਕਿਸੇ ਵੀ ਕੀਮਤ ‘ਤੇ ਪ੍ਰੀਖਿਆਵਾਂ ਵਿਚ ਨਕਲ ਨਹੀਂ ਹੋਣ ਦਿੱਤੀ ਜਾਵੇਗੀ। ਜਿਹੜਾ ਵੀ ਸੁਪਰਵਾਈਜ਼ਰ ਜਾਂ ਫਿਰ ਸਬੰਧਤ ਅਧਿਕਾਰੀ ਨਕਲ ਕਰਵਾਉਣ ਵਿਚ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਬੋਰਡ ਵਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਚੇਅਰਮੈਨ ਮਨੋਹਰ ਕਾਂਤ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਲੋਂ ਸਾਫ ਤੌਰ ‘ਤੇ ਨਿਰਦੇਸ਼ ਹਨ ਕਿ ਨਕਲ ਰਹਿਤ ਅਤੇ ਸਾਫ ਸੁਥਰੇ ਤਰੀਕੇ ਨਾਲ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਵੇ ਤਾਂ ਕਿ ਸਾਡੇ ਨੌਜਵਾਨ ਇਨ੍ਹਾਂ ਪ੍ਰੀਖਿਆਵਾਂ ਵਿਚੋਂ ਲੰਘ ਕੇ ਜਿਥੇ ਕਿਤੇ ਵੀ ਜਾਣ ਉਥੇ ਆਪਣੀ ਸਫਲਤਾ ਦੇ ਝੰਡੇ ਗੱਡਣ ਕਿਉਂਕਿ ਅੱਜ ਮੁਕਾਬਲੇਬਾਜ਼ੀ ਦਾ ਯੁਗ ਹੈ ਅਤੇ ਇਸ ਮੁਕਾਬਲੇਬਾਜ਼ੀ ਵਿਚ ਨੌਜਵਾਨਾਂ ਨੂੰ ਉਸੇ ਹਿਸਾਬ ਨਾਲ ਤਰਾਸ਼ਨਾ ਸਮੇਂ ਦੀ ਮੰਗ ਹੈ। ਇਸੇ ਗੱਲ ਨੂੰ ਲੈ ਕੇ ਬੋਰਡ ਵਲੋਂ ਪੂਰੀ ਸਖਤੀ ਕੀਤੀ ਗਈ ਹੈ ਅਤੇ ਕਿਸੇ ਵੀ ਕੀਮਤ ‘ਤੇ ਕਿਸੇ ਵੀ ਵਿਦਿਆਰਥੀ ਨੂੰ ਨਕਲ ਨਹੀਂ ਕਰਨ ਦਿੱਤੀ ਜਾਵੇਗੀ। ਸੈਮੀਨਾਰ ਵਿਚ ਸ਼ਾਮਲ ਸਮੁੱਚੇ ਅਧਿਕਾਰੀਆਂ ਨੇ ਨਕਲ ਰਹਿਤ ਪ੍ਰੀਖਿਆਵਾਂ ਦਾ ਆਯੋਜਨ ਕਰਨ ਦਾ ਅਹਿਦ ਲਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਇਸ ਵਾਰ 10ਵੀਂ ਦੀ ਪ੍ਰੀਖਿਆ ਵਿਚ 26643 ਅਤੇ 12ਵੀਂ ਦੀ ਪ੍ਰੀਖਿਆ ਵਿਚ 20049 ਵਿਦਿਆਰਥੀ ਪ੍ਰੀਖਿਆ ਵਿਚ ਬੈਠਣਗੇ ਤੇ ਉਨ੍ਹਾਂ ਲਈ ਬਕਾਇਦਾ ਸੈਂਟਰ ਬਣਾ ਦਿੱਤੇ ਗਏ ਹਨ। ਸੈਮੀਨਾਰ ਵਿਚ ਸ਼ਾਮਲ ਹੋਣ ਆਏ ਹੋਰ ਅਧਿਕਾਰੀਆਂ ਨੇ ਵੀ ਚੇਅਰਮੈਨ ਨੂੰ ਵਿਸ਼ਵਾਸ਼ ਦਵਾਇਆ ਕਿ ਕਿਸੇ ਵੀ ਕੀਮਤ ‘ਤੇ ਪ੍ਰੀਖਿਆਵਾਂ ਵਿਚ ਨਕਲ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਸੁਖਵਿੰਦਰ ਕੌਰ ਸਰੋਆ, ਡਾਇਰੈਕਟਰ ਕੰਪਿਊਟਰ-ਕਮ-ਨੋਡਲ ਅਫਸਰ ਪਟਿਆਲਾ ਸ਼੍ਰੀਮਤੀ ਨਵਨੀਤ ਕੌਰ, ਜ਼ਿਲਾ ਮੈਨੇਜਰ ਜਤਿੰਦਰ ਸਿੰਘ ਸੋਢੀ, ਜ਼ਿਲਾ ਸਿੱਖਿਆ ਅਫਸਰ ਕੁਲਭੂਸ਼ਣ ਸਿੰਘ ਬਾਜਵਾ, ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਬਾਂਸਲ ਅਤੇ ਮਨਜੀਤ ਸਿੰਘ, ਉਪ ਜ਼ਿਲਾ ਸਿੱਖਿਆ ਅਫਸਰ ਪ੍ਰਾਈਮਰੀ ਮਧੂ ਬਰੂਆ, ਸਹਾਇਕ ਸਪੋਰਟਸ ਅਫਸਰ ਜਗਤਾਰ ਸਿੰਘ ਟਿਵਾਣਾ ਤੋਂ ਇਲਾਵਾ ਸਰਕਾਰੀ ਏਡਿਡ ਐਫੀਲੇਟਿਡ ਸਕੂਲਾਂ ਦੇ ਪਿੰ੍ਰਸੀਪਲ ਸੈਮੀਨਾਰ ਵਿਚ ਹਾਜ਼ਰ ਹੋਏ।

Leave a Reply

Your email address will not be published. Required fields are marked *