ਦੇਸ਼-ਵਿਦੇਸ਼ਪੰਜਾਬ

ਕੇਂਦਰ ਦੀ ਬੇਰੁੱਖੀ ਦੇ ਰੋਸ ਵਜੋਂ ਔਜਲਾ ਵੱਲੋਂ ਲੋਕ ਸਭਾ ਦੇ ਬਾਹਰ ਪ੍ਰਦਰਸ਼ਨ

ਅੰਮ੍ਰਿਤਸਰ ਹਵਾਈ ਅੱਡੇ ਤੋਂ ਬੰਦ ਕੀਤੀਆਂ ਤੇ ਹੋਰ ਨਵੀਆਂ ਉਡਾਣਾਂ ਨੂੰ ਸ਼ੁਰੂ ਕਰਨ ਦੀ ਮੰਗ ਪ੍ਰਤੀ
ਮੋਦੀ ਨੇ ਅੰਮ੍ਰਿਤਸਰ ਲੰਡਨ ਦਰਮਿਆਨ ਚੱਲਦੀ ਉਡਾਣ ਬੰਦ ਕਰਾ ਕੇ ਅਹਿਮਦਾਬਾਦ ਤੋਂ ਸ਼ੁਰੂ ਕਰਾਈ ਸੀ ਏਅਰ ਇੰਡੀਆ ਦੀ ਉਡਾਣ
ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਤੋਂ ਵੱਖ-ਵੱਖ ਮੁਲਕਾਂ ਨੂੰ ਉਡਾਣਾਂ ਸ਼ੁਰੂ ਕਰਨ ਸੰਬੰਧੀ ਕੋਈ ਹਾਂ ਪੱਖੀ ਹੁੰਗਾਰਾ ਨਾਂ ਦੇਣ ਕਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਲੋਕ ਸਭਾ ਸ: ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਲੋਕ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਅਮ੍ਰਿਤਸਰ ਤੋਂ ਲੰਡਣ ਅਤੇ ਟੋਰਾਂਟੋ ਜਾਣ ਵਾਲੀਆਂ ਬੰਦ ਪਈਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਲੋਕ ਸਭਾ ਸ: ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਾਲ ੨੦੧੭-੧੮ ਵਿੱਚ ਵੱਖ-ਵੱਖ ਹਵਾਈ ਉਡਾਣਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਚ ੨੩੧੯੯੯੫ ਯਾਤਰੂ ਵੱਖ-ਵੱਖ ਦੇਸ਼ਾਂ ਤੋਂ ਆਏ ਅਤੇ ਗਏ ਸਨ ਅਤੇ ੨੦੧੮-੧੯ ਵਿੱਚ ੨੫ ਲੱਖ ਯਾਤਰੂ ਇਥੇ ਆਉਣ ਜਾਣ ਦਾ ਅਨੁਮਾਨ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਪਾਕਿਸਤਾਨ ਦੋਵਾਂ ਸਰਕਾਰਾਂ ਦੀ ਸਹਿਮਤੀ ਨਾਲ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੁੱਲਣ ਨਾਲ ਹਰ ਸਾਲ ਇਥੇ ਵਿਦੇਸ਼ਾਂ ਤੋਂ ੩੫ ਲੱਖ ਯਾਤਰੂਆਂ ਦੇ ਆਉਣ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਇਸ ਹਵਾਈ ਅੱਡਾ ਵਿਖੇ ਰੋਜ਼ਾਨਾਂ ਵਿਦੇਸ਼ਾਂ ਤੋਂ ੧੧ ਉਡਾਣਾਂ ਆਉਂਦੀਆਂ ਜਾਂਦੀਆਂ ਹਨ ਅਤੇ ਦਿੱਲੀ ਵਿਖੇ ਧੁੰਦ ਪੈਣ ਕਾਰਨ ਵੱਡੀਆਂ ਤੋਂ ਵੱਡੀਆਂ ਹਵਾਈ ਉਡਾਣਾਂ ਹੰਗਾਮੀ ਹਾਲਤ ਵਿਚ ਉਤਾਰੀਆਂ ਤਾਂ ਜਾ ਸਕਦੀਆਂ ਹਨ ਪਰ ਏਹ ਸਾਰੀਆਂ ਅਧੁਨਿਕ ਸਹੂਲਤਾਂ ਨਾਲ ਲੈਸ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਦਿੱਲੀ ਤਖਤ ਵੱਲੋਂ ਏਸ ਹਵਾਈ ਅੱਡੇ ਨਾਲ ਵਿਤਕਰਾ ਕਿਓ ਕੀਤਾ ਜਾ ਰਿਹਾ ਹੈ? ਸ: ਔਜਲਾ ਨੇ ਸ੍ਰੀ ਅੰਮ੍ਰਿਤਸਰ ਤੋਂ ਲੰਡਨ ਅਤੇ ਟੋਰਾਂਟੋ ਵਿਚਾਲੇ ਚੱਲਣ ਵਾਲੀਆਂ ਬੰਦ ਪਈਆਂ ਹਵਾਈ ਉਡਾਣਾਂ ਨੂੰ ਮੁੜ ਚਾਲੂ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਜੇਕਰ ਇੰਨ੍ਹਾਂ ਉਡਾਣਾਂ ਨੂੰ ਮੁੜ ਚਾਲੂ ਕਰ ਦਿੱਤਾ ਜਾਵੇ ਤਾਂ ਲੰਡਣ ਅਤੇ ਬਰਮਿੰਘਮ ਦੇ ਆਲੇ ਦੁਆਲੇ ਰਹਿੰਦ ੫ ਲੱਖ ਪੰਜਾਬੀਆਂ ਤੋਂ ਇਲਾਵਾ ਇਟਲੀ ਤੇ ਜਰਮਨੀ ਰਹਿੰਦੇ ੫ ਲੱਖ ਪੰਜਾਬੀ ਪਰਿਵਾਰਾਂ ਅਤੇ ਵੈਨਕੂਵਰ ਅਤੇ ਟੋਰਾਂਟੋ ਵਿਖੇ ਰਣਿ ਵਾਲੇ ਕਰੀਬ ੪ ਲੱਖ ਪੰਜਬੀਆਂ ਨੂੰ ਸਿੱਧਾ ਲਾਹਾ ਪ੍ਰਾਪਤ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਹਵਾਈ ਉਡਾਣਾਂ ਵਧਾਉਣ ਸੰਬੰਧੀ ਸਾਰਾ ਮਸਲਾ ਸੈਕਟਰੀ ਏਵੀਏਸ਼ਨ ਦੇ ਧਿਆਨ ਵਿੱਚ ਕਈ ਵਾਰ ਲਿਆਉਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ ਹੈ। ਸ: ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਜਰਾਤ ਦੇ ਲੋਕਾਂ ਨੂੰ ਫਾਇਦਾ ਦੇਣ ਲਈ ਅੰਮ੍ਰਿਤਸਰ ਤੋਂ ਲੰਡਣ ਜਾਣ ਵਾਲੀ ਫਲਾਈਟ ਦੀ ਜਗ੍ਹਾ ਨਾਦਰਸ਼ਾਹੀ ਫੁਰਮਾਣ ਜਾਰੀ ਕਰਕੇ ਅਹਿਮਦਾਬਾਦ ਤੋਂ ਲੰਡਣ ਤੱਕ ਹਵਾਈ ਉਡਾਣ ਚਲਾਈ ਹੈ ਜੋ ਕਿ ਪੰਜਾਬੀਆਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੰਦ ਕੀਤੀਆਂ ਹਵਾਈ ਉਡਾਣਾਂ ਤੁਰੰਤ ਚਲਾਈਆਂ ਜਾਣ।

Leave a Reply

Your email address will not be published. Required fields are marked *