ਜੇਤੂ ਉਮੀਦਵਾਰਾਂ ਦਾ ਸਨਮਾਨ ਅਤੇ ਵਰਕਰਾਂ ਦਾ ਧੰਨਵਾਦ ਸਮਾਰੋਹ 10 ਜਨਵਰੀ ਨੂੰ ਹੋਵੇਗਾ : ਅਸ਼ੋਕ ਚੌਧਰੀ
ਸੰਸਦ ਮੈਂਬਰ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਵਿਸ਼ੇਸ਼ ਤੌਰ ‘ਤੇ ਹੋਣਗੇ ਸ਼ਾਮਲ
ਦੀਨਾਨਗਰ, 9 ਜਨਵਰੀ (ਸਰਬਜੀਤ ਸਾਗਰ/ਮਧੂਸਾਰ ਬਿਊਰੋ) ਕਾਂਗਰਸ ਪਾਰਟੀ ਵੱਲੋਂ ਚੋਣਾਂ ਲੜ ਕੇ ਜੇਤੂ ਬਣੇ ਦੀਨਾਨਗਰ ਹਲਕੇ ਦੇ ਸਮੂਹ ਸਰਪੰਚਾਂ-ਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ ਕਰਨ ਅਤੇ ਕਾਂਗਰਸੀ ਵਰਕਰਾਂ ਦਾ ਚੋਣਾਂ ਜਿਤਾਉਣ ਲਈ ਧੰਨਵਾਦ ਕਰਨ ਵਾਸਤੇ ਇੱਕ ਵਿਸ਼ੇਸ਼ ਸਮਾਰੋਹ 10 ਜਨਵਰੀ (ਦਿਨ ਵੀਰਵਾਰ) ਨੂੰ ਦੁਪਹਿਰ 1:30 ਵਜੇ ਕ੍ਰਿਸ਼ਨਾ ਰਿਜ਼ੋਰਟਸ ਬਹਿਰਾਮਪੁਰ ਰੋਡ ਦੀਨਾਨਗਰ ਵਿਖੇ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਦੱਸਿਆ ਕਿ ਸਮਾਰੋਹ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਦੇ ਐਮਪੀ ਸ਼੍ਰੀ ਸੁਨੀਲ ਜਾਖੜ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਸ਼੍ਰੀਮਤੀ ਅਰੁਨਾ ਚੌਧਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੀਨਾਨਗਰ ਦੇ ਸਮੂਹ ਕਾਂਗਰਸੀਆਂ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਇੱਕ ਸਾਂਝਾ ਪ੍ਰੋਗਰਾਮ ਹੈ। ਜਿਸ ਵਿੱਚ ਜੇਤੂ ਉਮੀਦਵਾਰਾਂ ਦੇ ਸਨਮਾਨ ਤੋਂ ਇਲਾਵਾ ਪਾਰਟੀ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਵਰਕਰਾਂ ਦਾ ਧੰਨਵਾਦ ਵੀ ਉਚੇਚੇ ਤੌਰ ‘ਤੇ ਕੀਤਾ ਜਾਵੇਗਾ, ਕਿਉਂਕਿ ਇਨ੍ਹਾਂ ਵਰਕਰਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਨੇ ਪਹਿਲਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਹੁਣ ਪੰਚਾਂ-ਸਰਪੰਚਾਂ ਦੀਆਂ ਅਹਿਮ ਚੋਣਾਂ ‘ਚ ਕਾਂਗਰਸੀ ਉਮੀਦਵਾਰਾਂ ਨੂੰ ਹੂੰਝਾ ਫੇਰ ਜਿੱਤਾਂ ਦਿਵਾਈਆਂ ਹਨ। ਉਨ੍ਹਾਂ ਦੱਸਿਆ ਕਿ ਸਮਾਰੋਹ ਉਪਰੰਤ ਸਾਰਿਆਂ ਲਈ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ।

