ਪੰਜਾਬ

ਹਰਸਿਮਰਤ ਸਿਆਸੀ ਸ਼ੋਹਰਤ ਖੱਟਣ ਦੀ ਕੋਸ਼ਿਸ਼ ਨਾ ਕਰਰੇ : ਕੈਪਟਨ

ਚੰਡੀਗੜ, 13 ਅਪ੍ਰੈਲ (ਮਧੂਸਾਰ ਬਿਊਰੋ) ਹਰਸਿਮਰਤ ਕੌਰ ਬਾਦਲ ਵੱਲੋਂ ਸੂਬੇ ਵਿਚ ਮੌਜੂਦਾ ਕੋਵਿਡ ਸੰਕਟ ਉਤੇ ਸਿਆਸੀ ਹੋ-ਹੱਲਾ ਮਚਾ ਕੇ ਅਸੰਵੇਦਨਸ਼ੀਲ ਕੋਸ਼ਿਸ਼ਾਂ ਕੀਤੇ ਜਾਣ ’ਤੇ ਹੈਰਾਨੀ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਝੂਠ ਬੋਲਣਾ ਅਕਾਲੀ ਨੇਤਾ ਦੀ ਆਦਤ ਹੈ ਅਤੇ ਇੱਥੋਂ ਤੱਕ ਕਿ ਬਹੁਤ ਹੀ ਸੰਜੀਦਾ ਮਸਿਲਆਂ ਉਤੇ ਝੂਠ ਮਾਰਨਾ ਹੋਰ ਵੀ ਸ਼ਰਮਨਾਕ ਹੈ, ਖਾਸ ਕਰਕੇ ਉਸ ਵੇਲੇ, ਜਦੋਂ ਸੂਬੇ ਦੇ ਸਿਹਤ ਸੰਭਾਲ ਵਰਕਰਾਂ ਦੇ ਅਣਥੱਕ ਯਤਨਾਂ ਸਦਕਾ ਕੁਝ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ,‘‘ਭਾਵੇਂ ਕਿ ਸਾਰੇ ਪੰਜਾਬੀ ਇਹ ਜਾਣਦੇ ਹਨ ਕਿ ਹਰਸਿਮਰਤ ਬਾਦਲ ਪੈਦਾਇਸ਼ੀ ਝੂਠੀ ਹੈ ਅਤੇ ਕੋਵਿਡ ਦੀ ਸਥਿਤੀ ਬਾਰੇ ਉਸ ਦੀ ਟਿੱਪਣੀ ਨੇ ਹੋਰ ਵੀ ਨੀਵਾਂ ਪੱਧਰ ਉਜਾਗਰ ਕੀਤਾ ਹੈ।’’ ਉਨਾਂ ਨੇ ਮਹਾਂਮਾਰੀ ਦੇ ਮਸਲੇ ਉਤੇ ਘਟੀਆ ਸਿਆਸਤ ਖੇਡਣ ਲਈ ਸਾਬਕਾ ਕੇਂਦਰੀ ਮੰਤਰੀ ਦੀ ਆਲੋਚਨਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਠੋਸ ਉਪਰਾਲਿਆਂ, ਜਿਸ ਨਾਲ ਕੋਵਿਡ ਫਰੰਟ ਉਤੇ ਕੁਝ ਸਫਲਤਾ ਮਿਲੀ ਹੈ, ਦਾ ਸਾਥ ਦੇਣ ਦੀ ਬਜਾਏ ਹਰਸਿਮਰਤ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਬਾਕੀ ਲੀਡਰਸ਼ਿਪ ਮਹਾਂਮਾਰੀ ਦੇ ਪ੍ਰਬੰਧਨ ਉਤੇ ਉਨਾਂ ਦੀ ਸਰਕਾਰ ਦੀ ਘਟੀਆ ਪੱਧਰ ਦੀ ਆਲੋਚਨਾ ਕਰ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਕਿਸੇ ਵੀ ਸੂਬੇ ਜਾਂ ਮੁਲਕ ਨੂੰ ਨਹੀਂ ਬਖਸ਼ਿਆ ਅਤੇ ਸਾਡੇ ਸੂਬੇ ਦਾ ਮੈਡੀਕਲ ਭਾਈਚਾਰਾ ਇਸ ਵਿਰੁੱਧ ਲੜਨ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਮੈਡੀਕਲ ਭਾਈਚਾਰੇ ਦੇ ਅਣਥੱਕ ਯਤਨਾਂ ਸਦਕਾ ਪਿਛਲੇ ਕੁਝ ਦਿਨਾਂ ਵਿਚ ਸਥਿਤੀ ਵਿਚ ਕੁਝ ਸੁਧਾਰ ਹੋਇਆ ਹੈ ਅਤੇ ਪੰਜਾਬ ਹੁਣ ਕੋਵਿਡ ਦੇ ਵੱਧ ਤੋਂ ਵੱਧ ਕੇਸਾਂ ਵਾਲੇ ਪੰਜ ਸਿਖਰਲੇ ਸੂਬਿਆਂ ਵਿਚ ਸ਼ਾਮਲ ਨਹੀਂ ਹੈ। ਬੀਤੇ ਦਿਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਸਰਕਾਰੀ ਅੰਕੜਿਆਂ ਮੁਤਾਬਕ 10 ਸੂਬਿਆਂ ਵਿਚ ਕੋਵਿਡ-19 ਦੇ ਨਵੇਂ ਕੇਸਾਂ ਵਿਚ ਵੱਡਾ ਵਾਧਾ ਹੋਇਆ ਹੈ ਜਿਸ ਨਾਲ 24 ਘੰਟਿਆਂ ਦੇ ਸਮੇਂ ਵਿਚ 80.92 ਫੀਸਦੀ ਕੇਸ ਨਵੇਂ ਵਾਇਰਸ ਨਾਲ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਇਸ ਸੂਚੀ ਵਿਚ ਸ਼ਾਮਲ ਨਹੀਂ ਅਤੇ ਇਹ ਸਥਿਤੀ ਅੱਜ ਵੀ ਬਰਕਰਾਰ ਹੈ। ਉਨਾਂ ਅੱਗੇ ਕਿਹਾ ਕਿ ਕੁਝ ਦਿਨ ਤੋਂ ਸਥਿਤੀ ਵਿਚ ਸੁਧਾਰ ਹੋਇਆ ਹੈ।

Leave a Reply

Your email address will not be published. Required fields are marked *