ਪੰਜਾਬਪਟਿਆਲਾ

ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਸ਼ਿਰਕਤ

ਪਟਿਆਲਾ 9 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਨੂੰ ਵਿਚਾਰਨ ਹਿਤ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਦੋਂ ਕਿ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਐੱਚ. ਐੱਸ. ਹੰਸਪਾਲ, ਕਪੂਰਥਲਾ ਰਿਆਸਤ ਤੋਂ ਰਾਜਕੁਮਾਰੀ ਅਨੀਤਾ ਸਿੰਘ ਅਤੇ ਕੈਨੇਡਾ ਦੇ ਸਰੀ-ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ। 9 ਜਨਵਰੀ ਤੋਂ 11 ਜਨਵਰੀ ਤਕ ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਦੇ ਸਾਇੰਸ ਆਡੀਟੋਰੀਅਮ ਵਿਖੇ ਹੋਏ ਇਸ ਉਦਘਾਟਨੀ ਸਮਾਰੋਹ ਵਿਚ ਉਦਘਾਟਨੀ ਸ਼ਬਦ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਵੱਲੋਂ ਬੋਲੇ ਗਏ ਜਦੋਂ ਕਿ ਕੁੰਜੀਵਤ ਭਾਸ਼ਣ ਪ੍ਰਸਿੱਧ ਚਿੰਤਕ ਹਰਚੰਦ ਸਿੰਘ ਬੇਦੀ ਵੱਲੋਂ ਦਿੱਤਾ ਗਿਆ।

ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਸਵਾਗਤੀ ਸ਼ਬਦ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਮੰਤਵ ਅਤੇ ਇਸ ਦਿਸ਼ਾ ਵਿਚ ਉਠਾਏ ਜਾਣ ਵਾਲੇ ਕੰਮਾਂ ਬਾਰੇ ਗੱਲਬਾਤ ਕੀਤੀ ਗਈ।
ਮਹਾਰਾਣੀ ਪਰਨੀਤ ਕੌਰ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੰਜਾਬੀ ਭਾਸ਼ਾ ਲਈ ਨਿੱਠ ਕੇ ਕੀਤੇ ਜਾ ਰਹੇ ਕੰਮਾਂ ਲਈ ਵਧਾਈ ਦਿੱਤੀ ਗਈ। ਯੂਨੀਵਰਸਿਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਨਫਰੰਸਾਂ ਰਾਹੀਂ ਪਰਵਾਸ ਦੇ ਮਸਲਿਆਂ ਬਾਰੇ ਗੱਲ ਕਰਨ ਨਾਲ ਜਿੱਥੇ ਬਾਹਰ ਵਸਦੇ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ ਉੱਥੇ ਹੀ ਪੰਜਾਬੀ ਭਾਸ਼ਾ ਵੀ ਦੂਰ ਦੂਰ ਤਕ ਫੈਲੇਗੀ।
ਸ਼੍ਰੀ ਐਚ. ਐੱਸ. ਹੰਸਪਾਲ ਵੱਲੋਂ ਕਿਹਾ ਗਿਆ ਕਿ ਸਾਡੇ ਨੌਜਵਾਨਾਂ ਨੂੰ ਬਾਹਰ ਜਾ ਕੇ ਵਸਣ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ ਬਲਕਿ ਉੱਥੋਂ ਉਚੇਰੀ ਸਿੱਖਿਆ ਹਾਸਲ ਕਰ ਕੇ ਇਸ ਦਾ ਲਾਭ ਆਪਣੇ ਦੇਸ਼ ਨੂੰ ਦੇਣਾ ਚਾਹੀਦਾ ਹੈ।
ਕਵੀ ਸੁਰਜੀਤ ਪਾਤਰ ਵੱਲੋਂ ਆਪਣੇ ਉਦਘਾਟਨੀ ਸ਼ਬਦਾਂ ਵਿਚ ਇਕ ਬੋਲੀ ‘ਮੈਂ ਨੱਚਾਂ ਮੋਗੇ ਜਾਗੋ ਵਿਚ…ਮੇਰੀ ਪੈਂਦੀ ਧਮਕ ਸ਼ਿਕਾਗੋ ਵਿਚ….!’ ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀਅਤ ਦੀ ਖੁਸ਼ਬੋ ਹੁਣ ਹੱਦਾਂ ਸਰਹੱਦਾਂ ਨੂੰ ਤੋੜ ਕੇ ਦੂਰ ਦੂਰ ਤਕ ਫੈਲ ਰਹੀ ਹੈ।
ਕੈਨੇਡੀਅਨ ਐਮ.ਪੀ. ਸੁੱਖ ਧਾਲੀਵਾਲ ਵੱਲੋਂ ਕੈਨੇਡਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉੱਥੋਂ ਦੇ ਲੋਕ ਵਿਭਿੰਨਤਾ ਦੇ ਕਾਇਲ ਹਨ ਅਤੇ ਜਾਣਦੇ ਹਨ ਕਿ ਵਿਭਿੰਨਤਾ ਹੀ ਉਸ ਦੇਸ਼ ਦੀ ਤਾਕਤ ਹੈ।
ਹਰਚੰਦ ਸਿੰਘ ਬੇਦੀ ਵੱਲੋਂ ਆਪਣੇ ਪ੍ਰਭਾਵਸ਼ਾਲੀ ਕੁੰਜੀਵਤ ਭਾਸ਼ਣ ਦਾ ਸਿਖਰ ਇਸ ਆਸ ਨਾਲ ਕੀਤਾ ਕਿ ਸਾਨੂੰ ਸਾਂਝੇ ਅਕਾਦਮਿਕ ਯਤਨਾਂ ਇਕ ਅਜਿਹਾ ਮੁਹਾਵਰਾ ਸਿਰਜ ਲੈਣ ਚਾਹੀਦਾ ਹੈ ਜਿਸ ਨਾਲ ਵਿਦੇਸ਼ਾਂ ਵਿਚ ਵਸਦੇ ਲੋਕ ਆਪਣੀ ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਸਰਲ ਅਤੇ ਸਹੀ ਅਰਥਾਂ ਵਿਚ ਦੱਸ ਸਕਣ ਕਿ ਉਨ੍ਹਾਂ ਦਾ ਪੰਜਾਬੀ ਭਾਸ਼ਾ ਨਾਲ ਜੁੜਨਾ ਕਿਉਂ ਜ਼ਰੂਰੀ ਹੈ।
ਇਸ ਉਦਘਾਟਨੀ ਸ਼ੈਸਨ ਵਿਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਹਰਜੋਧ ਸਿੰਘ ਵੱਲੋਂ ਵਿਭਾਗ ਦੀਆਂ ਪ੍ਰਾਪਤੀਆਂ ਦੱਸਿਆ ਗਿਆ ਅਤੇ ਕਾਨਫਰੰਸ ਦੇ ਕੋਆਰਡੀਨੇਟਰ ਡਾ. ਭੀਮ ਇੰਦਰ ਸਿੰਘ ਵੱਲੋਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਗਈ।
ਇਸ ਸੈਸ਼ਨ ਵਿਚ ਵਿਦੇਸ਼ਾਂ ਵਿਚ ਵਸਦੇ ਸੱਤ ਨਾਮੀ ਸਾਹਿਤਕਾਰਾਂ, ਜਿਨ੍ਹਾਂ ਵਿਚ ਨਵਤੇਜ ਭਾਰਤੀ, ਪਰਮਿੰਦਰ ਸੋਢੀ, ਜਰਨੈਲ ਸੇਖਾ, ਸੁਖਵਿੰਦਰ ਕੰਬੋਜ਼, ਦਰਸ਼ਨ ਬੁਲੰਦਵੀ, ਅਵਤਾਰਜੀਤ ਧੰਜਲ, ਕੁਲਵਿੰਦਰ ਸਿੰਘ ਅਮਰੀਕਾ ਦਾ ਪਰਵਾਸੀ ਸਾਹਿਤ ਵਿਚ ਪਾਏ ਯੋਗਦਾਨ ਕਾਰਨ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਬਲਜਿੰਦਰ ਸੰਘਾ, ਪਰਮਜੀਤ ਗਿੱਲ ਅਤੇ ਜਸਵੰਤ ਸਿੰਘ ਬਰਾੜ ਨੂੰ ਵੀ ਵਿਦੇਸ਼ ਦੀ ਧਰਤੀ ਤੇ ਪੰਜਾਬੀਅਤ ਲਈ ਕੀਤੇ ਜਾ ਰਹੇ ਕੰਮ ਕਾਰਨ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਕੁੱਝ ਵਿਭਾਗੀ ਪ੍ਰਕਾਸ਼ਨਾਵਾਂ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿਚ ਪਿਆਰਾ ਸਿੰਘ ਭੋਗਲ, ਡਾ. ਹਰਜੋਧ ਸਿੰਘ, ਡਾ. ਮੋਹਨ ਤਿਆਗੀ ਅਤੇ ਡਾ.ਜਸਵੀਰ ਕੌਰ ਦੀਆਂ ਕਿਤਾਬਾਂ ਸ਼ਾਮਿਲ ਸਨ।

Leave a Reply

Your email address will not be published. Required fields are marked *