ਛੱਤਰਪਤੀ ਕਤਲਕਾਂਡ ਮਾਮਲਾ : ਜੱਜ ਨੇ ਸੁਣਵਾਈ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
ਪੰਚਕੂਲਾ 16 ਜਨਵਰੀ (ਮਧੂਸਾਰ ਬਿਊਰੋ) ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ਮਾਮਲੇ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਮੇਤ 4 ਦੋਸ਼ੀਆਂ ਨੂੰ ਪੰਚਕੂਲਾ ਦੀ ਸਪੈਸ਼ਲ ਸੀ. ਬੀ. ਆਈ. ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ‘ਚ ਰਾਮ ਰਹੀਮ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ ਹੋਇਆ।
ਸੂਤਰਾਂ ਮੁਤਾਬਕ ਰਾਮ ਰਹੀਮ ਕੋਰਟ ਸਾਹਮਣੇ ਹੱਥ ਜੋੜ ਕੇ ਖੜ੍ਹਾ ਰਿਹਾ ਅਤੇ ਉਸ ਦੇ ਚਿਹਰੇ ‘ਤੇ ਉਦਾਸੀ ਸੀ। ਇੱਥੇ ਦੱਸ ਦੇਈਏ ਕਿ ਸੀ.ਬੀ. ਆਈ. ਕੋਰਟ ਦੇ ਜੱਜ ਜਗਦੀਪ ਸਿੰਘ ਨੇ ਬੀਤੀ 11 ਜਨਵਰੀ 2019 ਨੂੰ ਰਾਮ ਰਹੀਮ ਤੋਂ ਇਲਾਵਾ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕਿਸ਼ਨ ਲਾਲ ਨੂੰ ਦੋਸ਼ੀ ਠਹਿਰਾਇਆ ਸੀ। ਤਿੰਨੋਂ ਦੋਸ਼ੀ ਅੰਬਾਲਾ ਜੇਲ ‘ਚ ਬੰਦ ਹਨ। ਰਾਮ ਰਹੀਮ ਦੋ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਦੋਸ਼ ‘ਚ ਇਸ ਸਮੇਂ ਰੋਹਤਕ ਦੀ ਸੁਨਾਰਿਆ ਜੇਲ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਨੂੰ ਲੈ ਕੇ ਪੰਚਕੂਲਾ ਸਮੇਤ ਹਰਿਆਣਾ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ। ਪੰਚਕੂਲਾ, ਸਿਰਸਾ ‘ਚ ਧਾਰਾ 144 ਲਾਈ ਗਈ। ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਮਗਰੋਂ ਉਨ੍ਹਾਂ ਦਾ ਬੇਟਾ ਅੰਸ਼ੂਲ ਛੱਤਰਪਤੀ ਨਿਆਂ ਲਈ ਭਟਕਦਾ ਰਿਹਾ, ਆਖਰਕਾਰ ਅੱਜ ਇਸ ਮਾਮਲੇ ਵਿਚ ਕੋਰਟ ਨੇ ਸਜ਼ਾ ਸੁਣਾਈ ਹੈ।

