ਪਟਿਆਲਾ

ਭੁੱਖਮਰੀ ਤੇ ਕੁਪੋਸ਼ਣ ਦੇ ਖਾਤਮੇ ਲਈ ਕੌਮੀ ਭੋਜਨ ਸੁਰੱਖਿਆ ਐਕਟ ਅਹਿਮ ਭੂਮਿਕਾ ਨਿਭਾਏਗਾ- ਡੀ.ਪੀ. ਰੈਡੀ

ਪਟਿਆਲਾ, 21 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਕਿਹਾ ਹੈ ਕਿ ਕੌਮੀ ਫੂਡ ਸੁਰੱਖਿਆ ਐਕਟ ਦੇਸ਼ ਵਿੱਚੋਂ ਭੁੱਖਮਰੀ ਅਤੇ ਕੁਪੋਸ਼ਣ ਦੇ ਖਾਤਮੇ ਲਈ ਅਹਿਮ ਭੂਮਿਕਾ ਨਿਭਾਏਗਾ। ਸ੍ਰੀ ਰੈਡੀ ਇਥੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਕੀਤੀ ਇੱਕ ਅਹਿਮ ਮੀਟਿੰਗ ਦੌਰਾਨ ਇਸ ਐਕਟ ਅਧੀਨ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ।

ਸ੍ਰੀ ਰੈਡੀ ਨੇ ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ‘ਚ ਕੋਈ ਢਿੱਲਮੱਠ ਨਾ ਦਿਖਾਉਣ ਕਿਉਂਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਬੱਚਿਆਂ ‘ਚ ਕੁਪੋਸ਼ਣ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਣਾ ਸਾਡੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਮਿਲਣੀ ਵੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਸ ਮੌਕੇ ਸ੍ਰੀ ਡੀ.ਪੀ. ਰੈਡੀ ਨੂੰ ਜ਼ਿਲ੍ਹੇ ‘ਚ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਬਤ ਜਾਣਕਾਰੀ ਦਿੰਦਿਆਂ ਭਰੋਸਾ ਦਿੱਤਾ ਕਿ ਇਸ ਐਕਟ ਨੂੰ ਪੂਰੀ ਸਫ਼ਲਤਾ ਨਾਲ ਜ਼ਿਲ੍ਹੇ ‘ਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਅੰਦਰ ਪਹਿਲਾਂ ਹੀ ਇਸ ਐਕਟ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ ਵੱਲੋਂ ਐਨ.ਐਫ਼.ਐਸ.ਏ. ਤਹਿਤ ਕਣਕ ਦੀ ਸਪਲਾਈ ਸਮੇਂ ਸਿਰ ਕਰਵਾਈ ਜਾਵੇਗੀ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਤੇ ਮਿਡ ਡੇ ਮੀਲ ਕੋਆਰਡੀਨੇਟਰ ਵੱਲੋਂ ਸਕੂਲਾਂ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ ਡੇ ਮੀਲ ‘ਚ ਲੋੜੀਂਦੇ ਖੁਰਾਕੀ ਤੱਤ ਪੂਰੇ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹ੍ਹਾ ਮੈਨੇਜਰ ਪਨਸਪ ਮਿਡ ਡੇ ਮੀਲ ਲਈ ਸਕੂਲਾਂ ਨੂੰ ਜਾਰੀ ਹੋਣ ਵਾਲਾ ਰਾਸ਼ਨ ਸਮੇਂ ਸਿਰ ਪਹੁੰਚਾਉਣਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਿੰਡਾਂ ਦੀਆਂ ਆਂਗਣਵਾੜੀਆਂ ‘ਚ ਆਉਣ ਵਾਲੇ ਰਾਸ਼ਨ ਦੀ ਗੁਣਵਤਾ ਤੇ ਮਾਤਰਾ ਯਕੀਨੀ ਬਨਾਉਣ ਸਮੇਤ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਖਾਣ ਪੀਣ ਦੇ ਸਮਾਨ ਦੀ ਗੁਵਣਤਾ ਅਤੇ ਪਿੰਡਾਂ ਸ਼ਹਿਰਾਂ ‘ਚ ਮੈਡੀਕਲ ਚੈਕਅਪ ਸਮੇਂ ਸਿਰ ਕਰਵਾਉਣਗੇ। ਇਸ ਸਾਰੇ ਕਾਰਜ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਕੀਤੀ ਜਾਵੇਗੀ ਅਤੇ ਇਸ ਸਬੰਧੀਂ ਆਉਣ ਵਾਲੀਆਂ ਸ਼ਿਕਾਇਤਾ ਦੀ ਪੜਤਾਲ ਕਰਨਗੇ।
ਇਸ ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪੂਨਮਦੀਪ ਕੌਰ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ ਸ. ਨਰਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਗੁਲਬਹਾਰ ਸਿੰਘ ਤੂਰ, ਡੀ.ਈ.ਓ. ਪ੍ਰਾਇਮਰੀ ਸ੍ਰੀਮਤੀ ਕੰਵਲ ਕੁਮਾਰੀ, ਪਨਸਪ ਦੇ ਜ਼ਿਲ੍ਹਾ ਮੈਨੇਜ਼ਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *