ਸ਼ਰਾਬ ਦਾ ਜਖ਼ੀਰਾ ਬਰਾਮਦ, ਦੋਸ਼ੀਆਂ ਕਾਰਵਾਈ ਕਰੇ ਚੋਣ ਕਮਿਸ਼ਨਰ : ਡਾ. ਗਾਂਧੀ
ਅਣਸੁਖਾਵੀਂ ਘਟਨਾ ਵਾਪਰੀ ਤਾਂ ਇਸ ਲਈ ਮੁੱਖ ਚੋਣ ਕਮਿਸ਼ਨ ਪੰਜਾਬ, ਜ਼ਿਲਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ
ਕਾਂਗਰਸੀ ਆਗੂ ਸ਼ਰੇਆਮ ਵੰਡ ਰਹੇ ਹਨ ਵੋਟਰਾਂ ਨੂੰ ਨਸ਼ੇ- ਡਾ. ਗਾਂਧੀ
ਪਟਿਆਲਾ, 18 ਮਈ (ਅਮਰੀਕ ਇੰਦਰ ਸਿੰਘ) ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ ‘ਤੇ ਦੋਸ਼ ਲਗਾਏ ਹਨ ਕਿ ਉਹ ਵੋਟਰਾਂ ਨੂੰ ਨਸ਼ਿਆਂ ਦਾ ਲਾਲਚ ਦੇ ਕੇ ਖਰੀਦ ਰਹੇ ਹਨ, ਜਿਸਦਾ ਪ੍ਰਮਾਣ ਬੀਤੀ ਰਾਤ ਸਮਾਣਾ ਦੇ ਇੱਕ ਕਾਂਗਰਸੀ ਆਗੂ ਦੇ ਸ਼ੈਲਰ ਵਿੱਚੋਂ ਭਾਰੀ ਮਾਤਰਾ ਵਿੱਚ ਮਿਲੇ ਸ਼ਰਾਬ ਦੇ ਜਖ਼ੀਰੇ ਤੋਂ ਮਿਲਦਾ ਹੈ।
ਡਾ. ਗਾਂਧੀ ਨੇ ਕਿਹਾ ਕਿ ਮੈਂ ਅਤੇ ਅਕਾਲੀ ਉਮੀਦਵਾਰ ਸ. ਸੁਰਜੀਤ ਸਿੰਘ ਰੱਖੜਾ ਆਪਣੇ ਸਮਰਥਕਾਂ ਸਮੇਤ ਬੀਤੀ ਰਾਤ 12 ਵਜੇ ਤੋਂ ਸਵੇਰ ਦੇ 7 ਵਜੇ ਤੱਕ ਸੜਕ ‘ਤੇ ਬੈਠੇ ਰਹੇ ਪ੍ਰੰਤੂ ਪੂਰੀ ਰਾਤ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਵਾਰ-ਵਾਰ ਫੋਨ ਕਰਨ ਤੋਂ ਬਾਅਦ ਸਵੇਰੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਧਿਕਾਰੀ ਅਤੇ ਐਸ.ਐਸ.ਪੀ ਮੌਕੇ ‘ਤੇ ਪੁੱਜੇ। ਉਹਨਾਂ ਕਿਹਾ ਸਾਰੀ ਰਾਤ ਸ਼ੈਲਰ ਵਿੱਚੋਂ ਪਿਛਲੀ ਕੰਧ ਤੋਂ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਪੇਟੀਆਂ ਕਿਤੇ ਹੋਰ ਠਿਕਾਣੇ ਲਗਾਈਆਂ ਗਈਆਂ ਜਦਕਿ ਪ੍ਰਸ਼ਾਸ਼ਨ ਨੇ ਸ਼ੈਲਰ ਦਾ ਪੂਰੀ ਰਾਤ ਗੇਟ ਤੱਕ ਨਹੀਂ ਖੁਲਵਾਇਆ, ਜਿਸ ਤੋਂ ਇਹ ਖ਼ਦਸ਼ਾ ਪੈਦਾ ਹੁੰਦਾ ਹੈ ਕਿ ਇਹ ਸਾਰਾ ਗੌਰਖ ਧੰਦਾ ਜ਼ਿਲਾ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਹੀ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਬੰਦ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਖੁਦ ਆਪਣੀ ਪਤਨੀ ਨੂੰ ਜਿਤਾਉਣ ਲਈ ਨਸ਼ੇ ਵੰਡਵਾ ਰਹੇ ਹਨ।
ਡਾ. ਗਾਂਧੀ ਨੇ ਕਿਹਾ ਕਿ ਮੈਂ ਵਾਰ-ਵਾਰ ਮੁੱਖ ਚੋਣ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਕਰ ਚੁੱਕਿਆ ਹਾਂ ਕਿ ਪਟਿਆਲਾ ਨੂੰ ਅਤਿ ਸੰਵੇਦਨਸ਼ੀਲ ਹਲਕਾ ਘੋਸ਼ਿਤ ਕੀਤਾ ਜਾਵੇ ਕਿਉਂਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਚੋਣ ਲੜ ਰਹੀ ਹੈ ਅਤੇ ਸੰਭਾਵਿਕ ਹੈ ਕਿ ਕਾਂਗਰਸ ਵੱਲੋਂ ਸਰਕਾਰੀ ਅਮਲੇ ਅਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਜਾਵੇਗਾ, ਇਸ ਲਈ ਇੱਥੇ ਵੱਡੀ ਤਾਦਾਦ ਵਿੱਚ ਪੈਰਾ-ਮਿਲਟਰੀ ਫੋਰਸ ਤੈਨਾਤ ਕੀਤੀ ਜਾਵੇ ਪ੍ਰੰਤੂ ਅਜੇ ਤੱਕ ਮੇਰੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਵੱਲੋਂ ਅਮਲ ਨਹੀਂ ਕੀਤਾ ਗਿਆ। ਡਾ. ਗਾਂਧੀ ਨੇ ਕਿਹਾ ਕਿ ਅਸੀਂ ਦਰਜਨਾਂ ਟੀਮਾਂ ਬਣਾ ਦਿੱਤੀਆਂ ਹਨ ਜੋ ਅੱਜ ਸਾਰਾ ਦਿਨ ਅਤੇ ਸਾਰੀ ਰਾਤ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਨਸ਼ਾ ਵੰਡਣ ਵਾਲਿਆਂ ਉੱਤੇ ਤਿੱਖੀ ਨਜ਼ਰ ਰੱਖਣਗੇ।
ਡਾ. ਗਾਂਧੀ ਨੇ ਕਿਹਾ ਸ਼੍ਰੀਮਤੀ ਪ੍ਰਨੀਤ ਕੌਰ ਦੀ ਇਖ਼ਲਾਕੀ ਤੌਰ ‘ਤੇ ਹਾਰ ਹੋ ਚੁੱਕੀ ਹੈ ਅਤੇ ਇਸਦੇ ਡਰੋਂ ਹੀ ਕਾਂਗਰਸੀ ਆਗੂ ਲਗਾਤਾਰ ਮੇਰੇ ਸਮਰਥਕਾਂ ਨੂੰ ਬੂਥ ਨਾ ਲਗਾਉਣ ਲਈ ਧਮਕਾ ਰਹੇ ਹਨ ਅਤੇ ਮੈਂਨੂੰ ਖਦਸ਼ਾ ਹੈ ਕਿ ਜਿਸ ਤਰਾਂ ਨਗਮ ਨਿਗਮ ਚੋਣਾਂ ਅਤੇ ਪੰਚਾਇਤੀ ਚੋਣਾਂ ਵਿੱਚ ਗੂੰਡਾ ਗਰਦੀ ਦਾ ਨੰਗਾ ਨਾਚ ਕਰਦਿਆਂ ਕਾਂਗਰਸੀਆਂ ਨੇ ਸ਼ਰੇਆਮ ਬੂਥਾਂ ‘ਤੇ ਕਬਜ਼ੇ ਕੀਤੇ ਸਨ, ਠੀਕ ਉਸੇ ਤਰਾਂ 19 ਮਈ ਨੂੰ ਵੋਟਾਂ ਵਾਲੇ ਦਿਨ ਵੀ ਕਾਂਗਰਸੀ ਆਗੂ ਪ੍ਰਸ਼ਾਸ਼ਨ ਦੀ ਸ਼ਹਿ ‘ਤੇ ਬੂਥਾਂ ਉੱਤੇ ਕਬਜ਼ੇ ਕਰਨਗੇ। ਡਾ. ਗਾਂਧੀ ਨੇ ਕਿਹਾ ਕਿ ਆਪਣੀ ਪਤਨੀ ਨੂੰ ਜਿਤਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਜੇਕਰ ਵੋਟਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸਦੀ ਸਿੱਧੇ ਤੌਰ ‘ਤੇ ਜਿੰਮੇਵਾਰੀ ਮੁੱਖ ਚੋਣ ਕਮਿਸ਼ਨ ਪੰਜਾਬ, ਜ਼ਿਲਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

