ਪੰਜਾਬਪਟਿਆਲਾ

ਲੋਕਾਂ ਦੀ ਸ਼ਿਕਾਇਤ ‘ਤੇ ਕਰਵਾਈ ਨਾ ਕਰਨ ਕਰਕੇ ਥਾਣਾ ਤ੍ਰਿਪੜੀ ਦੇ ਮੁਖੀ ਵਿਰੁੱਧ ਜਾਂਚ ਦੇ ਆਦੇਸ਼

-ਦੋ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਬਾਅਦ ਲੋਕਾਂ ਨੇ ਐਸ.ਐਸ.ਪੀ. ਦੇ ਧਿਆਨ ‘ਚ ਲਿਆਂਦਾ ਮਾਮਲਾ
-ਐਸ.ਐਸ.ਪੀ. ਸਿੱਧੂ ਵੱਲੋਂ ਸਮੂਹ ਥਾਣਾ ਮੁਖੀਆਂ ਨੂੰ ਸੁਚੇਤ ਰਹਿਣ ਦੇ ਆਦੇਸ਼
– ਲੋਕਾਂ ਨੂੰ ਆਪਣੇ ਆਲੇ-ਦੁਆਲੇ ‘ਤੇ ਨਜ਼ਰ ਰੱਖਣ ਤੇ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ
ਪਟਿਆਲਾ, 3 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਰਾਜੇਸ਼ ਮਲਹੋਤਰਾ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਸ. ਸਿੱਧੂ ਨੇ ਇਹ ਹੁਕਮ ਬੀਤੀ ਸ਼ਾਮ ਥਾਣਾ ਤ੍ਰਿਪੜੀ ਇਲਾਕੇ ਅਧੀਨ ਆਉਂਦੇ ਮੁਹੱਲਾ ਰਣਜੀਤ ਨਗਰ ਵਿਖੇ ਪਟਿਆਲਾ ਪੁਲਿਸ ਵੱਲੋਂ ਇੱਕ ਉਪਰੇਸ਼ਨ ਦੌਰਾਨ ਮੁੱਠਭੇੜ ‘ਚ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਇਲਾਕੇ ਦੇ ਪਤਵੰਤੇ ਲੋਕਾਂ ਵੱਲੋਂ ਥਾਣਾ ਮੁਖੀ ਵੱਲੋਂ ਉਨ੍ਹਾਂ ਦੀ ਸੂਚਨਾ ‘ਤੇ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਬਾਰੇ ਐਸ.ਐਸ.ਪੀ. ਦੇ ਧਿਆਨ ‘ਚ ਲਿਆਉਣ ਤੋਂ ਬਾਅਦ ਜਾਰੀ ਕੀਤੇ ਹਨ।

ਸਥਾਨਕ ਨਿਵਾਸੀਆਂ ਨੇ ਐਸ.ਐਸ.ਪੀ. ਦੇ ਧਿਆਨ ‘ਚ ਲਿਆਂਦਾਂ ਕਿ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਇੱਥੇ ਰਹਿੰਦੇ ਨੌਜਵਾਨਾਂ ਦੀਆਂ ਗਤੀਵਿਧੀਆਂ ਬਾਰੇ ਥਾਣਾ ਤ੍ਰਿਪੜੀ ਦੇ ਮੁਖੀ ਨੂੰ ਜਾਣੂ ਕਰਵਾਇਆ ਸੀ ਕਿ ਕੁਝ ਮੁੰਡੇ ਇਸ ਇਲਾਕੇ ਵਿੱਚ ਸ਼ਰਾਬ ਤੇ ਹੋਰ ਨਸ਼ਿਆਂ ਦਾ ਸੇਵਨ ਕਰਕੇ ਹੁੜਦੰਗ ਮਚਾਉਂਦੇ ਹਨ, ਇਸ ਲਈ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਪਰੰਤੂ ਸਮੇਂ ਸਿਰ ਕਾਰਵਾਈ ਨਾ ਹੋਣ ਕਾਰਨ ਇਨ੍ਹਾਂ ਮੁੰਡਿਆਂ ਦੀ ਰਿਹਾਇਸ਼ ਇੱਥੇ ਪੁਲਿਸ ਵੱਲੋਂ ਫੜੇ ਗਏ ਗੈਂਗਸਟਰਾਂ ਦੀ ਠਾਹਰ ਬਣ ਗਈ ਸੀ। ਇਸ ਮਾਮਲੇ ਦਾ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਗੰਭੀਰ ਨੋਟਿਸ ਲੈਂਦਿਆਂ ਇੰਸਪੈਕਟਰ ਰਾਜੇਸ਼ ਮਲਹੋਤਰਾ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ।
ਐਸ.ਐਸ.ਪੀ. ਸ. ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਥਾਣਾ ਮੁਖੀਆਂ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਉਹ ਆਪਣੇ ਇਲਾਕੇ ‘ਚ ਹੁੰਦੀ ਹਰ ਚੰਗੀ ਮਾੜੀ ਗਤੀਵਿਧੀ ‘ਤੇ ਤਿੱਖੀ ਨਜ਼ਰ ਰੱਖਣ। ਉਨ੍ਹਾਂ ਨੇ ਕਿਹਾ ਕਿ ਥਾਣਾ ਤ੍ਰਿਪੜੀ ਦੇ ਇੰਚਾਰਜ ਨੇ ਰਣਜੀਤ ਨਗਰ ਇਲਾਕੇ ਦੇ ਲੋਕਾਂ ਵੱਲੋਂ ਦਿੱਤੀ ਸੂਚਨਾ ‘ਤੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ, ਇਸ ਦੀ ਜਾਂਚ ਕੀਤੀ ਜਾਵੇਗੀ। ਸ. ਸਿੱਧੂ ਨੇ ਕਿਹਾ ਕਿ ਜੇਕਰ ਕੋਈ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਸ. ਸਿੱਧੂ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ-ਦੁਆਲੇ ਹੁੰਦੀ ਕਿਸੇ ਵੀ ਤਰ੍ਹਾਂ ਦੀ ਗ਼ੈਰ ਸਮਾਜੀ ਗਤੀਵਿਧੀ ‘ਤੇ ਨਜ਼ਰ ਰੱਖਣ ਅਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਵੀ ਦੇਣ। ਇਸ ਤੋਂ ਬਿਨ੍ਹਾਂ ਪੀ.ਜੀ. ਜਾਂ ਆਪਣੇ ਕਿਰਾਏਦਾਰਾਂ ਦੀ ਸੂਚਨਾ ਵੀ ਪੁਲਿਸ ਕੋਲ ਜਰੂਰ ਦੇਣ, ਕਿਉਂਕਿ ਰਣਜੀਤ ਨਗਰ ‘ਚ ਫੜੇ ਗਏ ਦੋ ਗੈਂਗਸਟਰਾਂ ਦੀ ਠਾਹਰ ਬਣੀ ਨੌਜਵਾਨਾਂ ਦੀ ਰਿਹਾਇਸ਼ ਬਾਰੇ ਉਸ ਮਕਾਨ ਮਾਲਕ ਨੇ ਪੁਲਿਸ ਕੋਲ ਕੋਈ ਸੂਚਨਾ ਨਹੀਂ ਸੀ, ਜੋ ਕਿ ਗੰਭੀਰ ਮਾਮਲਾ ਹੈ।

Leave a Reply

Your email address will not be published. Required fields are marked *