ਪਟਿਆਲਾ

ਨਗਰ ਨਿਗਮ ਪਟਿਆਲਾ ਨੇ ਟੈਕਸ ਤੋਂ ਕੀਤੀ ਮੋਟੀ ਕਮਾਈ, ਸੀਵਰੇਜ ਜਾਮ ਤੋਂ ਪਰੇਸ਼ਾਨ ਲੋਕ : ਸੰਦੀਪ ਬੰਧੂ

ਪਟਿਆਲਾ, 3 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਵਲੋਂ ਸੀਵਰੇਜ ਅਤੇ ਪਾਣੀ ਟੈਕਸ ਦੇ ਨਾਮ ਉਪਰ ਆਮ ਲੋਕਾਂ ਕੋਲੋ ਆਏ ਸਾਲ ਇਕ ਵੱਡੀ ਰਕਮ ਵਸੂਲੀ ਜਾ ਰਹੀ ਹੈ। ਜਦਕਿ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਆਮ ਲੋਕ ਸੀਵਰੇਜ ਜਾਮ ਅਤੇ ਪਾਣੀ ਵਾਲੇ ਗੰਦੇ ਪਾਣੀ ਦੀ ਸਪਲਾਈ ਦੀ ਵੱਡੀ ਸਮੱਸਿਆ ਨਾਲ ਪਿਛਲੇ ਕਈ ਸਾਲਾਂ ਤੋਂ ਤੰਗ ਪਰੇਸ਼ਾਨ ਹਨ, ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਰਹੇ ਹਨ।

ਪੰਜਾਬੀ ਏਕਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਆਰ ਟੀ ਆਈ ਐਕਟੀਵਿਸਟ ਸੰਦੀਪ ਬੰਧੂ ਨੇ ਕਿਹਾ ਕਿ ਉਹਨਾਂ ਨੇ ਇਕ ਆਰ ਟੀ ਆਈ ਨੰ: 4096 ਮਿਤੀ 29-11-2018 ਰਾਹੀਂ ਨਗਰ ਨਿਗਮ ਪਟਿਆਲਾ ਕੋਲੋ ਜਾਣਕਾਰੀ ਮੰਗੀ ਸੀ ਕਿ ਪਿਛਲੇ ਦੋ ਸਾਲਾਂ ਵਿੱਚ ਨਗਰ ਨਿਗਮ ਪਟਿਆਲਾ ਨੇ ਵਾਟਰ ਸਪਲਾਈ ਤੇ ਸੀਵਰੇਜ ਟੈਕਸ ਅਤੇ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ ਕੁਲ ਕਿੰਨੀ ਰਕਮ ਜਮਾਂ ਕੀਤੀ ਹੈ। ਜਿਸਦੇ ਜਵਾਬ ਵਿੱਚ ਨਗਰ ਨਿਗਮ ਪਟਿਆਲਾ ਨੇ ਦੱਸਿਆ ਕਿ ਉਹਨਾਂ ਕੋਲ ਵਿੱਤੀ ਸਾਲ 2016-17 ਵਿੱਚ 25 ਕਰੋੜ 66 ਲੱਖ 95 ਹਜ਼ਾਰ ਰੁਪਏ ਅਤੇ ਵਿੱਤੀ ਸਾਲ 2017-18 ਵਿੱਚ 12 ਕਰੋੜ 95 ਲੱਖ 38 ਹਜ਼ਾਰ ਰੁਪਏ ਵਾਟਰ ਸਪਲਾਈ ਤੇ ਸੀਵਰੇਜ ਟੈਕਸ ਦੇ ਜਮਾਂ ਹੋਏ ਹਨ । ਇਹਨਾਂ ਦੋ ਸਾਲ ਦੀ ਕੁਲ ਰਕਮ 38 ਕਰੋੜ 62 ਲੱਖ 33 ਹਜ਼ਾਰ ਰੁਪਏ ਬਣਦੀ ਹੈ।
ਸੰਦੀਪ ਬੰਧੂ ਨੇ ਕਿਹਾ ਕਿ ਦੂਜੇ ਪਾਸੇ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ ਵਿੱਤੀ ਸਾਲ 2016-17 ਵਿੱਚ 8 ਕਰੋੜ 95 ਲੱਖ 57 ਹਜ਼ਾਰ ਰੁਪਏ ਅਤੇ ਵਿੱਤੀ ਸਾਲ 2017-18 ਵਿੱਚ 14 ਕਰੋੜ 58 ਲੱਖ 63 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਦੇ ਜਮਾਂ ਹੋਏ ਹਨ । ਇਹਨਾਂ ਦੋ ਸਾਲ ਦੀ ਕੁਲ ਰਕਮ 23 ਕਰੋੜ 54 ਲੱਖ 20 ਹਜ਼ਾਰ ਰੁਪਏ ਬਣਦੀ ਹੈ।
ਸੰਦੀਪ ਬੰਧੂ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਟੈਕਸਾਂ ਦੇ ਨਾਮ ਉਪਰ ਤਾਂ ਆਏ ਸਾਲ ਕਰੋੜਾਂ ਰੁਪਏ ਪਟਿਆਲਾ ਸ਼ਹਿਰ ਦੇ ਆਮ ਲੋਕਾਂ ਕੋਲੋ ਵਸੂਲ ਰਿਹਾ ਹੈ, ਪਰ ਸ਼ਹਿਰ ਨਿਵਾਸੀਆਂ ਨੂੰ ਸੁਵਿਧਾਵਾਂ ਦੇਣ ਦੇ ਨਾਮ ਉਪਰ ਬਿਲਕੁਲ ਨਾਕਾਮ ਸਿੱਧ ਹੋਇਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਬਣੀ ਹੋਈ ਹੈ। ਜਿਸ ਦੀ ਮਿਸਾਲ ਸ਼ਹਿਰ ਦੇ ਵਾਰਡ ਨੰ: 49 ਵਿੱਚ ਮਹੁੱਲਾ ਪੁਰਾਣਾ ਲਾਲ ਬਾਗ, ਗੱਡਾ ਖਾਨਾ ਸਕੂਲ ਦੇ ਨਾਲ ਗਲੀ ਵਿੱਚ ਸੀਵਰੇਜ ਪਾਈਪ ਪਿਛਲੇ ਤਕਰੀਬਨ ਇਕ ਸਾਲ ਤੋਂ ਖਰਾਬ ਹੈ। ਸੀਵਰੇਜ ਲਗਾਤਾਰ ਗਲੀ ਵਿੱਚ ਫੈਲਿਆ ਹੋਇਆ । ਘਰਾਂ ਦੇ ਵਿੱਚ ਗੰਦਗੀ ਲੋਕਾਂ ਦੇ ਪੈਰਾਂ ਨਾਲ ਲਗ ਕੇ ਜਾ ਰਹੀ ਹੈ। ਬੱਚੇ ਖੇਡਦੇ ਹੋਏ ਇਸ ਗੰਦਗੀ ਦੇ ਪਾਣੀ ਵਿੱਚ ਗਿਰ ਰਹੇ ਹਨ। ਲੋਕ ਬਿਮਾਰ ਪੈ ਰਹੇ ਹਨ। ਸਾਰਾ ਸੀਵਰੇਜ ਦਾ ਗੰਦ ਨਾਲੀ ਵਿੱਚ ਪਾਇਆ ਜਾ ਰਿਹਾ ਹੈ। ਮੁਹੱਲਾ ਨਿਵਾਸੀਆਂ ਵਲੋਂ ਨਗਰ ਨਿਗਮ ਪਟਿਆਲਾ ਨੂੰ ਬਾਰ ਬਾਰ ਪਾਈਪ ਬਦਲਣ ਦੀ ਸਿਕਾਇਤ ਲਗਾਤਾਰ ਕੀਤੀ ਜਾ ਰਹੀ ਹੈ, ਪਰ ਨਗਰ ਨਿਗਮ ਪਟਿਆਲਾ ਚਾਦਰ ਤਾਨ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਸੰਦੀਪ ਬੰਧੂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਪਟਿਆਲਾ ਪ੍ਰਸ਼ਾਸ਼ਨ ਨੂੰ ਸੀਵਰੇਜ ਜਾਮ ਅਤੇ ਗੰਦੇ ਪਾਣੀ ਦੀ ਗੰਭੀਰ ਬਣ ਚੁੱਕੀ ਸਮੱਸਿਆ ਵੱਲ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਕੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ। ਇਹਨਾਂ ਟੈਕਸਾਂ ਦੇ ਨਾਮ ਉਪਰ ਆਮ ਲੋਕਾਂ ਕੋਲੋ ਜੋ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਉਹਨਾਂ ਪੈਸਿਆਂ ਨੂੰ ਪਟਿਆਲਾ ਸ਼ਹਿਰ ਦੇ ਆਮ ਲੋਕਾਂ ਨੂੰ ਸੁਖ-ਸੁਵਿਧਾਵਾਂ ਦੇਣ ਵਾਸਤੇ ਹੀ ਖਰਚ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਨਗਰ ਨਿਗਮ ਪਟਿਆਲਾ ਉਸ ਟੈਕਸ ਦੇ ਪੈਸੇ ਨਾਲ ਆਪਣੇ ਹੋਰ ਫਾਲਤੂ ਖਰਚੇ ਪੂਰੇ ਕਰੇ।

Leave a Reply

Your email address will not be published. Required fields are marked *