ਏਡਿਡ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਵੱਲੋਂਰਜ਼ੀਆ ਸੁਲਤਾਨਾ ਦੇ ਹਲਕੇ ਮਲੇਰਕੋਟਲੇ ‘ਚ ਸੂਬਾ ਪੱਧਰੀ ਰੈਲੀ ਦਾ ਐਲਾਨ
ਪਟਿਆਲਾ 6 ਜਨਵਰੀ (ਮਧੂਸਾਰ ਬਿਊਰੋ) ਸੂਬੇ ਦੇ ਏਡਿਡ ਕਾਲਜਾਂ ਵਿੱਚ ਨਿਊ ਗ੍ਰਾਂਟ ਇਨ ਏਡ ਸਕੀਮ ਤਹਿਤ ਮੁੱਢਲੇ ਤਿੰਨ ਸਾਲ ਬੇਸਿਕ ਪੇਅ ਉੱਤੇ ਕੰਮ ਕਰਦੇ 1925 ਅਸਿਸਟੈਂਟ ਪ੍ਰੋਫੈਸਰਾਂ ਨੇ 10 ਫਰਵਰੀ ਨੂੰ ਰਜ਼ੀਆ ਸੁਲਤਾਨਾ ਦੇ ਹਲਕੇ ਮਲੇਰਕੋਟਲੇ ‘ਚ ਰੋਸ ਮੁਜਾਹਰਾ ਕਰਨ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਬੁਲਾਰੇ ਨੇ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਉਚੇਰੀ ਸਿੱਖਿਆ ਮੰਤਰੀ ਵੱਲੋਂ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਸੰਬੰਧੀ ਲਾਏ ਜਾ ਰਹੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਹੁਕਮਰਾਨ ਕਾਂਗਰਸ ਪਾਰਟੀ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਹੁਣ ਆਰ ਪਾਰ ਦੀ ਲੜਾਈ ਲੜਨ ਲਈ ਸੜਕਾਂ ‘ਤੇ ਉੱਤਰਨ ਲਈ ਮਜ਼ਬੂਰ ਹਨ। ਉਨ•ਾਂ ਸਰਕਾਰ ਨੂੰ ਆਗਾਮੀ ਲੋਕ ਸਭਾ ਚੋਣਾਂ ‘ਚ ਨਤੀਜੇ ਭੁਗਤਣ ਦੀ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਕਾਂਗਰਸ ਸਰਕਾਰ ਨੇ ਸਾਨੂੰ ਪੂਰੇ ਸਕੇਲ ਉੱਤੇ ਰੈਗੂਲਰ ਕਰਨ ਦੇ ਝੂਠੇ ਲਾਰੇ ਲਾ ਕੇ ਨੈੱਟ, ਐੱਮ. ਫਿਲ., ਪੀ.ਐੱਚ.ਡੀ. ਜਿਹੀਆਂ ਉੱਚ ਵਿੱਦਿਅਕ ਯੋਗਤਾਵਾਂ ਹਾਸਲ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਨਿਊ ਗ੍ਰਾਂਟ ਇਨ ਏਡ ਸਕੀਮ ਤਹਿਤ ਨਿਗੂਣੀਆਂ ਤਨਖਾਹਾਂ ਉੱਤੇ ਭਰਤੀ ਕੀਤੇ ਉਕਤ ਕਾਲਜ ਅਧਿਆਪਕਾਂ ਵਿੱਚੋਂ ਬਹੁ-ਗਿਣਤੀ ਆਪਣਾ 31 ਜੁਲਾਈ 2018 ਨੂੰ ਮੁਕੰਮਲ ਕਰ ਚੁੱਕੇ ਹਨ, ਪਰ ਸੂਬੇ ਦੀ ਗੂੰਗੀ ਬੋਲੀ ਸਰਕਾਰ ਨੇ ਗਰੀਬ ਵਿਦਿਆਰਥੀਆਂ ਨੂੰ ਕਿਫਾਇਤੀ ਦਰਾਂ ਉੱਤੇ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਵਾਲੇ 136 ਏਡਿਡ ਕਾਲਜਾਂ ਦੀ ਬਾਂਹ ਫੜਨ ਤੋਂ ਪੂਰੀ ਤਰ•ਾਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ।
ਜਥੇਬੰਦੀ ਦੇ ਬੁਲਾਰੇ ਨੇ ਸਰਕਾਰ ਦੇ ਢਿੱਲੇ ਮੱਠੇ ਰਵੱਈਏ ਉੱਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ•ਾਂ ਦੁਆਰਾ ਕਈ ਕਈ ਸਾਲਾਂ ਦੀ ਸਖਤ ਮਿਹਨਤ ਅਤੇ ਖੋਜ ਕਾਰਜ ਤੋਂ ਬਾਅਦ ਹਾਸਲ ਕੀਤੀਆਂ ਯੂ.ਜੀ.ਸੀ. ਨੈੱਟ, ਐੱਮ. ਫਿਲ ਅਤੇ ਪੀ-ਐੱਚ ਡੀ ਜਿਹੀਆਂ ਵੱਕਾਰੀ ਡਿਗਰੀਆਂ ਅੱਜ ਸਾਨੂੰ ਸਥਾਈ ਰੁਜ਼ਗਾਰ ਦਿਵਾਉਣ ਵਿੱਚ ਅਸਫਲ ਸਿੱਧ ਹੋ ਰਹੀਆਂ ਹਨ। ਉਨ•ਾਂ ਸੂਬੇ ਦੇ ਨੀਤੀ ਘਾੜਿਆਂ ਦੀ ਸੋਚ ਉੱਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਉੱਚ ਕੋਟੀ ਦੇ ਅਧਿਆਪਕਾਂ ਅਤੇ ਮਿਆਰੀ ਵਿੱਦਿਅਕ ਪ੍ਰਬੰਧਾਂ ਦੀ ਅਣਹੋਂਦ ‘ਚ ਤੁਸੀਂ ਕਿਸੇ ਕੌਮ ਦੇ ਉਸਾਰੂ ਵਿਕਾਸ ਦੀ ਉਮੀਦ ਕਿਵੇਂ ਕਰ ਸਕਦੇ ਹੋ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਦੀਆਂ ਉਚੇਰੀ ਸਿੱਖਿਆ ਸੰਬੰਧੀ ਮਾਰੂ ਨੀਤੀਆਂ ਦੀ ਬਦੌਲਤ ਪੰਜਾਬ ਦੇ ਏਡਿਡ ਕਾਲਜ ਬੇਹੱਦ ਨਾਜ਼ੁਕ ਦੌਰ ‘ਚੋਂ ਲੰਘ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਜ਼ਮਹੂਰੀ ਢੰਗ ਤਰੀਕਿਆਂ ਨਾਲ ਅਸੀਂ ਕਈ ਮਹੀਨਿਆਂ ਤੋਂ ਸਰਕਾਰੀ ਨੁਮਾਇੰਦਿਆਂ ਦਾ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਂਦੇ ਆ ਰਹੇ ਹਾਂ, ਪਰ ਸਰਕਾਰ ਦੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ, ਇਸ ਲਈ ਸਰਕਾਰ ਨੇ ਸਾਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ‘ਤੇ ਉੱਤਰਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਖੁਦ ਮਜ਼ਬੂਰ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਰਜੁਨ ਜੈਨ, ਡਾ. ਦਵਿੰਦਰ ਸਿੰਘ. ਪ੍ਰੋ. ਤਰਨਜੀਤ ਸਿੰਘ ਅਤੇ ਡਾ. ਮਨਦੀਪ ਸਿੰਘ ਆਦਿ ਵੱਡੀ ਗਿਣਤੀ ‘ਚ ਅਧਿਆਪਕ ਮੌਜੂਦ ਸਨ।

