ਪਟਿਆਲਾ ਪੁਲਿਸ ਨੇ ਪ੍ਰਵਾਸੀ ਰਿਕਸ਼ਾ ਚਾਲਕ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ
ਪ੍ਰਵਾਸੀ ਸਾਥੀ ਹੀ ਨਿਕਲਿਆ ਕਾਤਲ
ਪਟਿਆਲਾ, 7 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿਛਲੇ ਦਿਨੀਂ ਬਿਹਾਰ ਦੇ ਰਹਿਣ ਵਾਲੇ ਇਕ ਪ੍ਰਵਾਸੀ ਰਿਕਸ਼ਾ ਚਾਲਕ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਉਸ ਦੇ ਪ੍ਰਵਾਸੀ ਸਾਥੀ ਰਾਮ ਕੁਮਾਰ ਉਰਫ਼ ਰਾਮ ਪੁੱਤਰ ਰਾਜੋ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ ਇੰਨਵੈਸਟੀਗੇਸਨ ਸ੍ਰੀ ਮਨਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਸ੍ਰੀ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ, ਇੰਨਵੈਸਟੀਗੇਸਨ, ਪਟਿਆਲਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਜੋ ਇਸ ਟੀਮ ਨੇ ਬੜੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਮੁਕੱਦਮਾ ਨੰਬਰ 19 ਮਿਤੀ 27.01.2019 ਅ/ਧ 302 ਹਿੰ:ਦਿੰ: ਥਾਣਾ ਅਨਾਜ ਮੰਡੀ ਪਟਿਆਲਾ ਨੂੰ ਟਰੇਸ ਕਰਦੇ ਹੋਏ ਬਿਹਾਰ ਦੇ ਰਹਿਣ ਵਾਲੇ ਇਕ ਪ੍ਰਵਾਸੀ ਰਿਕਸ਼ਾ ਚਾਲਕ ਦੇ ਕਤਲ ਕੇਸ ਨੂੰ ਅੰਜ਼ਾਮ ਦੇਣ ਵਾਲੇ ਇਸ ਦੇ ਪ੍ਰਵਾਸੀ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਐਸ.ਪੀ ਨੇ ਦੱਸਿਆ ਕਿ 26 ਤੇ 27 ਜਨਵਰੀ ਦੀ ਦਰਮਿਆਨੀ ਰਾਤ ਨੂੰ ਰੇਲਵੇ ਸਟੇਸਨ, ਗੁਰੂਦੁਆਰਾ ਦੁਖਨਿਵਾਰਨ ਸਾਹਿਬ ਰੋਡ ‘ਤੇ ਸ਼ਰਾਬ ਦੇ ਠੇਕੇ ਦੇ ਪਿਛਲੇ ਪਾਸੇ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਇਕ ਨਾਮਾਲੂਮ ਵਿਕਅਤੀ ਦੇ ਸਿਰ ਤੇ ਮੁੰਹ ‘ਤੇ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ। ਜਿਸ ਸਬੰਧੀ ਬਲਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਇੰਦਰਾ ਕਲੋਨੀ ਨੇੜੇ ਮਦਰਾਸੀ ਝੁੱਗੀਆ ਤਫੱਜਲਪੁਰਾ ਪਟਿਆਲਾ ਦੇ ਬਿਆਨ ‘ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮ੍ਰਿਤਕ ਦੀ ਪਹਿਚਾਣ ਲਈ ਲਾਸ਼ ਨੂੰ ਰਾਜਿੰਦਰਾ ਹਸਪਤਾਲ ਵਿੱਚ ਰੱਖਿਆ ਗਿਆ ਸੀ ਅਤੇ ਮ੍ਰਿਤਕ ਦੀ ਪਹਿਚਾਣ ਵਿਕਾਸ ਕੁਮਾਰ ਮੁਖੀਆ ਪੁੱਤਰ ਬੀਨੂੰ ਮੁਖੀਆ ਵਾਸੀ ਪਿੰਡ ਟੀਕਰਟੋਲਾ, ਮਜੂਸਾਹਪੁਰ ਥਾਣਾ ਗੁਰਪਾਰ ਬਜਾਰ ਜਿਲਾ ਮੱਦੇਪੁਰ (ਬਿਹਾਰ) ਵਜੋਂ ਹੋਈ, ਜੋ ਕਿ ਭਾਰਤ ਨਗਰ ਵਿਖੇ ਰਹਿੰਦਾ ਸੀ ਅਤੇ ਰਾਤ ਸਮੇਂ ਰੇਲਵੇ ਸਟੇਸਨ ਅਤੇ ਬੱਸ ਸਟੈਡ ਪਟਿਆਲਾ ‘ਤੇ ਰਿਕਸ਼ਾ ਚਲਾਉਦਾ ਸੀ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਰਾਮ ਕੁਮਾਰ ਉਰਫ ਰਾਮ ਪੁੱਤਰ ਰਾਜੋ ਵਾਸੀ ਗਲੀ ਨੰਬਰ 13, ਸ਼ਿਵ ਸ਼ਕਤੀ ਨਗਰ ਮੇਰਠ ਥਾਣਾ ਦਿੱਲੀ ਗੇਟ ਮੇਰਠ (ਯੂ.ਪੀ.) ਨੂੰ ਗ੍ਰਿਫਤਾਰ ਕਰਕੇ, ਪ੍ਰਵਾਸੀ ਵਿਕਾਸ ਕੁਮਾਰ ਉਕਤ ਦੇ ਅੰਨ੍ਹੇ ਕਤਲ ਕੇਸ ਨੂੰ ਟਰੇਸ ਕੀਤਾ ਗਿਆ ਹੈ। ਮ੍ਰਿਤਕ ਵਿਕਾਸ ਕੁਮਾਰ ਮੁਖੀਆ ਜੋ ਕਿ ਸ਼ਾਦੀਸੁਦਾ ਸੀ ਅਤੇ ਬਾਲ ਬੱਚੇਦਾਰ ਸੀ ਜੋ ਕਿ ਕਰੀਬ 3 ਮਹੀਨੇ ਪਹਿਲਾ ਕੰਮ ਦੀ ਭਾਲ ਵਿੱਚ ਆਪਣੇ ਪਿੰਡ ਦੇ ਵਿਜੇ ਸਾਹਨੀ ਪੁੱਤਰ ਜੇਨੂੰ ਸਾਹਨੀ ਵਾਸੀ ਟੀਕਰਟੋਲਾ ਹਾਲ ਭਾਰਤ ਨਗਰ ਪਟਿਆਲਾ ਕੋਲ ਆਇਆ ਸੀ, ਜੋ ਵਿਜੇ ਸਾਹਨੀ ਨੇ ਮ੍ਰਿਤਕ ਵਿਕਾਸ ਕੁਮਾਰ ਮੁਖੀਆ ਨੂੰ ਚਲਾਉਣ ਲਈ ਇਕ ਰਿਕਸ਼ਾ ਦਿੱਤਾ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਰਾਮ ਕੁਮਾਰ ਉਰਫ਼ ਰਾਮ ਦੀ ਪੱਛਗਿੱਛ ਤੋ ਪਤਾ ਲੱਗਿਆ ਕਿ ਦੋਸ਼ੀ ਰਾਮ ਕੁਮਾਰ ਨੇ ਮ੍ਰਿਤਕ ਵਿਕਾਸ ਕੁਮਾਰ ਮੁਖੀਆ ਪਾਸੋ ਪੈਸੇ ਉਧਾਰ ਲਏ ਸੀ ਜੋ ਵਿਕਾਸ ਕੁਮਾਰ ਉਸ ਪਾਸੋ ਪੈਸੇ ਵਾਪਸ ਕਰਨ ਦੀ ਮੰਗ ਕਰਦਾ ਸੀ ਅਤੇ 26 ਜਨਵਰੀ ਦੀ ਰਾਤ ਨੂੰ ਦੋਸ਼ੀ ਰਾਮ ਕੁਮਾਰ ਨੇ ਮ੍ਰਿਤਕ ਵਿਕਾਸ ਕੁਮਾਰ ਨੂੰ ਸ਼ਰਾਬ ਪਿਲਾਉਣ ਦੇ ਬਹਾਨੇ ਰੇਲਵੇ ਸਟੇਸ਼ਨ ਕੋਲ ਬੁਲਾਇਆ ਸੀ, ਜਿੱਥੇ ਦੋਨਾਂ ਨੇ ਰੱਲ ਕੇ ਸ਼ਰਾਬ ਪੀਤੀ ਤੇ ਦੋਸ਼ੀ ਰਾਮ ਉਮਾਰ ਨੇ ਪਹਿਲਾਂ ਮਿੱਥੀ ਸਾਜਿਸ਼ ਤਹਿਤ ਵਿਕਾਸ ਕੁਮਾਰ ਉਰਫ ਮੁਖੀਆ ਦੇ ਸਿਰ ਵਿੱਚ ਅੱਧੀ ਇੱਟ ਦਾ ਰੋੜਾ ਮਾਰਕੇ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੀ ਰਿਕਸ਼ਾ ਛੁਪਾ ਦਿੱਤਾ ਸੀ। ਜਿਸ ਦੀ ਨਿਸ਼ਾਨਦੇਹੀ ‘ਤੇ ਮ੍ਰਿਤਕ ਦਾ ਰਿਕਸਾ ਵੀ ਬਰਾਮਦ ਕਰ ਲਿਆ ਗਿਆ ਹੈ। ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

