ਪੰਜਾਬ

ਵਿਰਾਸਤੀ ਸ਼ਹਿਰ ਪਟਿਆਲਾ ‘ਹੈਰੀਟੇਜ ਫੈਸਟੀਵਲ’ ਤੇ ‘ਕਰਾਫ਼ਟ ਮੇਲੇ’ ਦੀ ਮੁੜ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ-ਕੁਮਾਰ ਅਮਿਤ

ਪਟਿਆਲਾ ਦੀ ਦੁਬਾਰਾ ਫਿਰ ਸ਼ਾਨ ਬਣੇਗਾ ਹੈਰੀਟੇਜ ਉਤਸਵ ਤੇ ਕਰਾਫ਼ਟ ਮੇਲਾ -ਕੁਮਾਰ ਅਮਿਤ
ਪਟਿਆਲਾ, 13 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਵਿਰਾਸਤੀ ਅਤੇ ਇਤਿਹਾਸਕ ਸ਼ਹਿਰ ਪਟਿਆਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰਾਸਤੀ ਉਤਸਵ ਅਤੇ ਸ਼ਿਲਪ ਮੇਲਾ ਹਰ ਵਰ੍ਹੇ ਕਰਵਾਉਣ ਦੇ ਕੀਤੇ ਗਏ ਐਲਾਨ ਦੇ ਮੱਦੇਨਜ਼ਰ ‘ਪਟਿਆਲਾ ਵਿਰਾਸਤੀ ਉਤਸਵ-2019’ ਅਤੇ ਸ਼ਿਲਪ ਮੇਲੇ ਦੀ ਮੁੜ ਤੋਂ ਮੇਜ਼ਬਾਨੀ ਕਰਨ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ।

ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੇ ਤੇ ਹੈਰੀਟੇਜ਼ ਫੈਸਟੀਵਲ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਸਮੇਤ ਇੰਪਰੂਵਮੈਂਟ ਟਰਸਟ ਦੀ ਚੇਅਰਪਰਸਨ ਸ੍ਰੀਮਤੀ ਸੁਰਭੀ ਮਲਿਕ ਤੇ ਥਾਪਰ ਯੂਨੀਵਰਸਿਟੀ ਦੇ ਡੀਨ ਸਟੂਡੈਂਟਸ ਡਾ. ਮਾਨਿਕ ਕੁਮਾਰ ਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਨਮਨ ਮੜਕਨ ਵੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਇਨ੍ਹਾਂ ਦੋਵਾਂ ਉਤਸਵਾਂ ‘ਪਟਿਆਲਾ ਹੈਰੀਟੇਜ ਫੈਸਟੀਵਲ ਤੇ ਕਰਾਫ਼ਟ ਮੇਲੇ’ ‘ਚ ਇਸ ਵਾਰੀ ਪਿਛਲੀ ਵਾਰ ਤੋਂ ਵੀ ਵੱਧ 5 ਲੱਖ ਤੋਂ ਵਧੇਰੇ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਸ੍ਰੀ ਕੁਮਾਰ ਨੇ ਪਟਿਆਲਵੀਆਂ ਸਮੇਤ ਆਮ ਲੋਕਾਂ ਨੂੰ ਇਸ ਉਤਸਵ ਦਾ ਅਨੰਦ ਮਾਣਨ ਦਾ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਇਸ ਉਤਸਵ ਨੂੰ ਖੇਡਾਂ ਨਾਲ ਵੀ ਜੋੜਿਆ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 24 ਫਰਵਰੀ ਤੱਕ ਚੱਲਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ 19 ਫਰਵਰੀ ਨੂੰ ਸ਼ਾਮ 6 ਵਜੇ ਵਿਖੇ ਕਿਲਾ ਮੁਬਾਰਕ ਵਿਖੇ ਸ਼ੁਰੂਆਤ ਹੋਵੇਗੀ ਅਤੇ 3 ਮਾਰਚ ਤੱਕ ਜਾਰੀ ਰਹਿਣ ਵਾਲੇ ਸ਼ਿਲਪ ਮੇਲੇ ਦੀ ਸ਼ੁਰੂਆਤ ਸ਼ੀਸ਼ ਮਹਿਲ ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗੀ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਵਿਰਾਸਤੀ ਮੇਲੇ ਲੱਗਦੇ ਰਹੇ ਹਨ ਤੇ ਹੁਣ ਇਨ੍ਹਾਂ ਮੇਲਿਆਂ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਨੇ ਅਹਿਮ ਉਪਰਾਲਾ ਕੀਤਾ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਅਤੇ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ਼ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਇਨ੍ਹਾਂ ਦੋਵੇਂ ਵੱਡੇ ਮੇਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨੇਪਰੇ ਚਾੜ੍ਹੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਇਸ ਲਈ ਤਿਆਰੀਆਂ ਹਰ ਪੱਖੋਂ ਪੂਰੀਆਂ ਕਰ ਲਈਆਂ ਹਨ।
ਇਸ ਮੌਕੇ ਏ.ਡੀ.ਸੀ. (ਜ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕਰਾਫ਼ਟ ਮੇਲੇ ‘ਚ ਦੇਸ਼ ਦੇ ਕਰੀਬ 20 ਰਾਜਾਂ ਤੋਂ 200 ਤੋਂ ਵਧੇਰੇ ਸ਼ਿਲਪਕਾਰ ਅਤੇ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਸੱਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਦੌਰਾਨ ਆਪਣੀ ਦਿਲਕਸ਼ ਪੇਸ਼ਕਾਰੀਆਂ ਦੇਣ ਲਈ ਡੇਢ ਦਰਜਨ ਦੇ ਕਰੀਬ ਰਾਜਾਂ ਤੋਂ 300 ਦੇ ਕਰੀਬ ਕਲਾਕਾਰ ਪੁੱਜਣਗੇ।
ਉਨ੍ਹਾਂ ਦੱਸਿਆ ਕਿ ਕਰਾਫ਼ਟ ਮੇਲੇ ‘ਚ ਆਮ ਲੋਕਾਂ ਦੀ ਖਰੀਦਦਾਰੀ ਲਈ ਦਸਤਕਾਰੀ ਤੇ ਸ਼ਿਲਪ ਕਲਾ ਨਾਲ ਸਬੰਧਤ ਵਸਤਾਂ ਉਪਲਬੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਮੇਲੇ ਦੀ ਟਿਕਟ 10 ਰੁਪਏ ਰੱਖੀ ਗਈ ਹੈ ਜਿਸ ਤੋਂ ਹੋਣ ਵਾਲੀ ਆਮਦਨ ਮੇਲਾ ਪ੍ਰਬੰਧਾਂ ਤੇ ਚਿਲਡਰਨ ਹੋਮ ਰਾਜਪੁਰਾ ‘ਚ ਸਹੂਲਤਾਂ ਪ੍ਰਦਾਨ ਕਰਨ ਲਈ ਵਰਤੀ ਜਾਵੇਗੀ। ਇਥੇ ਟਰਕੀ, ਥਾਇਲੈਂਡ ਤੇ ਅਫ਼ਗਾਨਿਸਤਾਨ ਦੇ ਕਲਾਕਾਰ ਵੀ ਸ਼ਿਰਕਤ ਕਰਨਗੇ।
ਸ੍ਰੀ ਪਰੇ ਨੇ ਦੱਸਿਆ ਕਿ ਇਸ ਮੇਲੇ ‘ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਨਗਾਰਾ, ਬਹਿਰੂਪੀਏ, ਕੱਚੀ ਘੋੜੀ, ਬਾਜੀਗਰ, ਪੁਤਲੀ ਨਾਚ ਸਮੇਤ ਹੋਰ ਅਹਿਮ ਦਿਲਲੁਭਾਊ ਮਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਥੇ ਸ਼ਿਲਪਕਾਰਾਂ ਦੀਆਂ ਬਣਾਈਆਂ ਵਸਤਾਂ ਦੀਆਂ 200 ਦੇ ਕਰੀਬ ਸਟਾਲਾਂ ਸਮੇਤ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਵੀ ਲੱਗਣਗੀਆਂ ਜਦੋਂਕਿ ਬੱਚਿਆਂ ਅਤੇ ਵੱਡਿਆਂ ਲਈ ਝੂਲੇ ਅਤੇ ਪੀਂਘਾਂ ਵੀ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਬਿਨ੍ਹਾਂ ਸਕੂਲਾਂ ਦੇ ਵਿਦਿਆਰਥੀ ਵੀ ਸੱਭਿਆਚਾਰਕ ਪੇਸ਼ਕਾਰੀ ਦੇਣਗੇ ਤੇ ਵੱਖ-ਵੱਖ ਮੁਕਾਬਲਿਆਂ ‘ਚ ਹਿੱਸਾ ਲੈਣਗੇ।
ਇਸ ਮੌਕੇ ਏ.ਡੀ.ਸੀ. (ਡੀ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ 19 ਫਰਵਰੀ ਦੀ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਹੈਰੀਟੇਜ ਮੇਲੇ ਦੇ ਉਦਘਾਟਨ ਮੌਕੇ ਪਦਮ ਭੂਸ਼ਨ ਪੰਡਿਤ ਰਾਜਨ ਤੇ ਸਾਜਨ ਮਿਸ਼ਰਾ ਦੀ ਪੇਸ਼ਕਾਰੀ ਅਤੇ ਪਾਰਵਤੀ ਦੱਤਾ ਵੱਲੋਂ ਉਡੀਸ਼ਾ ਦੇ ਵਾਇਬਰੈਂਟ ਡਾਂਸ ਔਰਾ ‘ਉਤਕਲ ਕਾਂਤੀ’ ਦੀ ਪੇਸ਼ਕਾਰੀ ਕੀਤੀ ਜਾਵੇਗੀ। ਜਦੋਂਕਿ 24 ਫਰਵਰੀ ਦੀ ਸ਼ਾਮ ਨੂੰ ਹੈਰੀਟੇਜ਼ ਫੈਸਟੀਵਲ ਦੀ ਸਮਾਪਤੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਐਨ.ਆਈ.ਐਸ. ਵਿਖੇ ਹਰਬਖ਼ਸ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ‘ਤੇ ਅਧਾਰਤ ‘ਸਤਿਗੁਰ ਨਾਨਕ ਪ੍ਰਗਟਿਆ’ ਲਾਇਟ ਐਂਡ ਸਾਊਂਡ ਪੈਨੋਰਮਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ।
ਉਨ੍ਹਾਂ ਨੇ ਦੱਸਿਆ ਕਿ 20 ਫਰਵਰੀ ਦੀ ਸ਼ਾਮ ਨੂੰ 6.30 ਵਜੇ ਕਿਲਾ ਮੁਬਾਰਕ ਵਿਖੇ ਪਦਮ ਸ੍ਰੀ ਉਸਤਾਦ ਵਾਸਿਫ਼ਦੀਨ ਡਾਗਰ, ਉਸਤਾਦ ਨਿਸ਼ਾਤ ਖ਼ਾਨ, ਉਸਤਾਦ ਇਰਸ਼ਾਦ ਖ਼ਾਨ ਤੇ ਉਸਤਾਦ ਵਜਾਹਤ ਖ਼ਾਨ, ਸਿਤਾਰ, ਸੁਰਬਹਾਰ ਤੇ ਸਰੋਦ ‘ਤੇ ਇਟਾਵਾ ਘਰਾਣਾ ਦੀ ਤਰਿਗਲ ਬੰਦੀ ਦੀ ਪੇਸ਼ਕਾਰੀ ਦੇਣਗੇ। ਜਦੋਂਕਿ ਇਸੇ ਦਿਨ ਸਵੇਰੇ 11 ਵਜੇ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਅਤੇ ਸਟੰਟ ਬਾਇਕਿੰਗ ਦੇ ਕਰਤੱਬ ਹੋਣਗੇ।
ਉਨ੍ਹਾਂ ਨੇ 21 ਫਰਵਰੀ ਨੂੰ ਸਵੇਰੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਰਾਸਤੀ ਸੈਰ (ਹੈਰੀਟੇਜ ਵਾਕ) ਸ਼ਾਮੀ ਸਮਾਧਾਂ ਤੋਂ ਸ਼ੁਰੂ ਹੋਵੇਗੀ ਜੋ ਕਿ ਛੱਤਾ ਨਾਨੂਮੱਲ ਤੋਂ ਹੁੰਦੇ ਹੋਏ, ਬਰਤਨ ਬਜ਼ਾਰ, ਰਜੇਸ਼ਵਰੀ ਸ਼ਿਵ ਮੰਦਰ, ਦਰਸ਼ਨੀ ਡਿਓੜੀ ਅਤੇ ਕਿਲਾ ਮੁਬਾਰਕ ਤੱਕ ਜਾਵੇਗੀ। ਸਵੇਰੇ 11 ਵਜੇ ਥਾਪਰ ਯੂਨੀਵਰਸਿਟੀ ਵਿਖੇ ਕਾਲਜ ਤੇ ਸਕੂਲਾਂ ਦੇ ਵਿਦਿਆਰਥੀਆਂ ਲਈ ਪਟਿਆਲਾ ਤੇ ਪੰਜਾਬ ਦੀ ਕਲਾ ਤੇ ਵਿਰਾਸਤ ‘ਤੇ ਅਧਾਰਤ ਕੁਇਜ਼ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਲਈ ਨਗ਼ਦ ਇਨਾਮ ਦਿੱਤੇ ਜਾਣਗੇ। ਇਸੇ ਦੌਰਾਨ ਸ਼ਾਮ ਨੂੰ 6.30 ਵਜੇ ਪਟਿਆਲਾ ਘਰਾਣਾ ਦੀ ਗਾਇਕਾ ਸ੍ਰੀਮਤੀ ਕੌਸ਼ਿਕੀ ਚਕਰਬਰਤੀ ਵੱਲੋਂ ਸੰਗੀਤਕ ਪੇਸ਼ਕਾਰੀ ਤੇ ਪ੍ਰੀਤੀ ਪਟੇਲ-ਮਨੀਪੁਰੀ ਡਾਂਸ ਡਰਾਮਾ ‘ਅਗਨੀ’ ਦੀ ਦਿਲਕਸ਼ ਪੇਸ਼ਕਾਰੀ ਹੋਵੇਗੀ।
ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 11 ਵਜੇ ਬਾਰਾਂਦਰੀ ਬਾਗ ‘ਚ ਫੁੱਲ ਅਤੇ ਭੋਜਨ ਉਤਸਵ ਮਨਾਇਆ ਜਾਵੇਗਾ ਅਤੇ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਦਮ ਭੂਸ਼ਨ ਪੰਡਿਤ ਵਿਸ਼ਵਾ ਮੋਹਨ ਭੱਟ ਵੱਲੋਂ ਮੋਹਨ ਵੀਨਾ ਤੇ ਰਾਜਸਥਾਨ ਦੇ ਮੰਗਨਿਆਰ ਮਿਊਜੀਸ਼ੀਅਨ ਵੱਲੋਂ ਸੰਗੀਤਕ ਪੇਸ਼ਕਾਰੀ ਅਤੇ ਰਮਾ ਵੈਦਿਆਨਾਥਨ ਵੱਲੋਂ ਭਾਰਤਨਾਟਿਅਮ ਨ੍ਰਿਤ ਦੀ ਪੇਸ਼ਕਾਰੀ ਦਿੱਤੀ ਜਾਵੇਗੀ।
ਏ.ਡੀ.ਸੀ. ਨੇ ਦੱਸਿਆ ਕਿ 23 ਫਰਵਰੀ ਨੂੰ ਸਵੇਰੇ 7.00 ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ. ਤੋਂ ਸਾਇਕਲ ਰੈਲੀ ਕੱਢੀ ਜਾਵੇਗੀ, ਜੋਕਿ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਸ਼ੇਰਾਂ ਵਾਲਾ ਗੇਟ, ਸ੍ਰੀ ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ, ਰਿੰਕ ਹਾਲ ਤੋਂ ਅੱਗੇ ਬਾਰਾਂਦਰੀ ਬਾਗ ਵਿਖੇ ਸਮਾਪਤ ਹੋਵੇਗੀ। ਦੁਪਹਿਰ 12 ਵਜੇ ਪੋਲੋ ਗਰਾਊਂਡ ਵਿਖੇ ਇੱਕ ਨਵੀਂ ਤੇ ਦਿਲਚਸਪ ਖੇਡ ਸਾਇਕਲ ਪੋਲੋ ਕਰਵਾਈ ਜਾਵੇਗੀ। ਇਸੇ ਦਿਨ ਸ਼ਾਮ ਨੂੰ 6.30 ਵਜੇ ਵਾਈ.ਪੀ.ਐਸ. ਸਟੇਡੀਅਮ ਵਿਖੇ ਪੌਪ ਗਾਇਕ ਐਮੀ ਵਿਰਕ ਅਤੇ ਜਸਬੀਰ ਜੱਸੀ ਵੱਲੋਂ ਪੌਪ ਗਾਇਕੀ ਪੇਸ਼ ਕੀਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਹੈਰੀਟੇਜ਼ ਫੈਸਟੀਵਲ ਦੀ ਸਮਾਪਤੀ ਵਾਲੇ ਦਿਨ 24 ਫਰਵਰੀ ਨੂੰ ਬਾਅਦ ਦੁਪਹਿਰ 2.30 ਵਜੇ ਸੰਗਰੂਰ ਰੋਡ ‘ਤੇ ਸਥਿਤ ਨਿਊ ਪੋਲੋ ਗਰਾਊਂਡ (ਏਵੀਏਸ਼ਨ ਕਲੱਬ) ਵਿਖੇ ਪੋਲੋ ਦੇ ਮੈਚ ਹੋਣਗੇ ਅਤੇ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀਆਂ ਵੱਲੋਂ ਘੋੜਿਆਂ ਦੇ ਕਰਤੱਬ (ਟੈਂਟ ਪੈਗਿੰਗ) ਦਿਖਾਏ ਜਾਣਗੇ। ਜਦੋਂਕਿ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਸਤਿਗੁਰ ਨਾਨਕ ਪ੍ਰਗਟਿਆ ਲਾਇਟ ਐਂਡ ਸਾਊਂਡ ਪੈਨੋਰਮਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਪਟਿਆਲਾ ਦੀ ਵਿਰਾਸਤ ‘ਤੇ ਅਧਾਰਤ ਪੇਂਟਿੰਗ ਅਤੇ ਡਾਕ ਵਿਭਾਗ ਦੇ ਸਹਿਯੋਗ ਨਾਲ ਡਾਕ ਟਿਕਟਾਂ ਲਈ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਇਸ ਉਤਸਵ ਦੌਰਾਨ ਫੋਟੋ ਗ੍ਰਾਫ਼ੀ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ, ਜਿਸ ਦੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਜਦੋਂਕਿ ਸ਼ੀਸ਼ ਮਹਿਲ ਵਿਖੇ 19 ਫਰਵਰੀ ਤੋਂ 3 ਮਾਰਚ ਤੱਕ ਪੰਜਾਬ ਜੰਗਲੀ ਜੀਵ ਸਲਾਹਕਾਰੀ ਬੋਰਡ ਦੇ ਮੈਂਬਰ ਜਸਕਰਨ ਸੰਧੂ ਵੱਲੋਂ ਜੰਗਲੀ ਜੀਵ ਫੋਟੋਗ੍ਰਾਫ਼ੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜੋਕਿ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ।

Leave a Reply

Your email address will not be published. Required fields are marked *