ਪੰਜਾਬ

ਬਾਦਲ-ਕੈਪਟਨ ਮਿਲੀਭੁਗਤ ‘ਤੇ ਕਾਂਗਰਸੀ ਵਜ਼ੀਰਾਂ ਨੇ ਲਾਈ ਮੋਹਰ-ਭਗਵੰਤ ਮਾਨ

ਕਿਹਾ, ਕੈਪਟਨ ਬਾਦਲਾਂ ਨਾਲ ਰਲਿਆ ਨਾ ਹੁੰਦਾ ਤਾਂ ਸਿੱਧੂ-ਰੰਧਾਵਾ ਮੂੰਹ ‘ਤੇ ਕਹਿਣ ਦੀ ਹਿੰਮਤ ਨਾ ਕਰਦੇ
ਅਜਿਹੀ ਬੇਵਸੀ ‘ਚ ਕੈਪਟਨ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ
ਚੰਡੀਗੜ੍ਹ, 18 ਫਰਵਰੀ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸੀ ਮੰਤਰੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਲਗਾਏ ਜਾਂਦੇ ਉਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਆਪਸ ‘ਚ ਰਲੇ ਹੋਏ ਹਨ।

ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇਖਣ ਪਹੁੰਚੇ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੁਲਤਵੀ ਹੋਏ ਸਦਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ਼ਰੇਆਮ ਕਿਹਾ ਕਿ ਸਾਡੀ (ਕੈਪਟਨ) ਸਰਕਾਰ ਹੀ ਨਿਕੰਮੀ ਹੈ ਤਾਂ ਕਰਕੇ ਬਿਕਰਮ ਸਿੰਘ ਮਜੀਠੀਆ ਵਰਗੇ ਖੁੱਲ੍ਹੇ ਘੁੰਮ ਰਹੇ ਹਨ। ਗ਼ੁੱਸੇ ਨਾਲ ਭਰੇ ਪੀਤੇ ਪਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਮਜੀਠੀਆ ਨੂੰ ਚਿੱਟੇ ਦਾ ਵਪਾਰੀ ਦੱਸਦਿਆਂ ਮੁੱਖ ਮੰਤਰੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਆਪਸ ‘ਚ ਰਲੇ ਹੋਏ ਹਨ। ਮਾਨ ਅਨੁਸਾਰ ਕਈ ਹੋਰ ਮੰਤਰੀ ਅਤੇ ਵਿਧਾਇਕ ਵੀ ਕੈਪਟਨ ਅਮਰਿੰਦਰ ਸਿੰਘ ‘ਤੇ ਕਾਫ਼ੀ ਲੋਹੇ-ਲਾਖੇ ਨਜ਼ਰ ਆਏ ਕਿ ਬਾਦਲ ਪਰਿਵਾਰ ਅਤੇ ਮਜੀਠੀਆ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲਿਆ ਨਾ ਹੁੰਦਾ ਤਾਂ ਉਸ ਦੇ ਆਪਣੇ ਕੈਬਨਿਟ ਮੰਤਰੀਆਂ ਦੇ ਸਾਹਮਣੇ ਖੜੇ ਹੋ ਕੇ ਅਜਿਹਾ ਕਹਿਣ ਦੀ ਹਿੰਮਤ ਨਾ ਪੈਂਦੀ ਅਤੇ ਖ਼ੁਦ ਵੀ ਕੈਪਟਨ ਮੂੰਹ ਸੁੱਟ ਕੇ ਬੈਠਣ ਦੀ ਥਾਂ ਗਰਜ਼ ਕੇ ਜਵਾਬ ਦਿੰਦੇ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲੀ ਭੁਗਤ ਕਾਰਨ ਐਨੇ ਬੇਵੱਸ ਹੋ ਚੁੱਕੇ ਹਨ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਮਾਨ ਨੇ ਕਿਹਾ ਕਿ ਜੋ ਕੁੱਝ ਬਾਦਲਾਂ ਅਤੇ ਕੈਪਟਨ ਬਾਰੇ ਉਹ (ਆਪ) ਲੋਕਾਂ ਨੂੰ ਦੱਸਦੇ ਰਹੇ ਹਨ ਉਹ ਸਭ ਅੱਜ ਉਨ੍ਹਾਂ ਵਿਧਾਨ ਸਭਾ ਦੀ ਗਵਰਨਰ ਗੈਲਰੀ ‘ਚ ਬੈਠਿਆਂ ਕਾਂਗਰਸੀ ਵਜ਼ੀਰਾਂ ਵੱਲੋਂ ਕੈਪਟਨ ਅਮਰਿੰਦਰ ਨੂੰ ਕਹਿੰਦਿਆਂ ਆਪਣੇ ਅੱਖੀਂ ਦੇਖਿਆ ਅਤੇ ਕੰਨੀ ਸੁਣ ਲਿਆ ਹੈ।
ਬਜਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਬਜਟ ‘ਚ ਨਾ ਲੋਕਾਂ ਅਤੇ ਨਾ ਹੀ ਸੂਬੇ ਲਈ ਕੁੱਝ ਨਵਾਂ ਅਤੇ ਨਿਆਰਾ ਨਹੀਂ ਰੱਖਿਆ ਗਿਆ, ਜਿਸ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾ ਸਕੇ। ਮਾਨ ਨੇ ਕਿਹਾ ਕਿ ਉਹ ਪੁਰਾਣੇ ਲੋਲੀਪਾਪਾਂ ਨੂੰ ਨਵੀਆਂ ਜਿਲਦਾਂ ‘ਚ ਛਾਪ ਦਿੱਤਾ ਗਿਆ ਹੈ।

Leave a Reply

Your email address will not be published. Required fields are marked *