ਦੇਸ਼-ਵਿਦੇਸ਼ਪੰਜਾਬ

ਕੈਪਟਨ ਦਾ ਇਮਰਾਨ ਖਾਨ ਨੂੰ ਕਰਾਰਾ ਜਵਾਬ.

ਪਾਕਿਸਤਾਨ ਨੇ 26/11 ਦੇ ਹਮਲੇ ਦੇ ਦਿੱਤੇ ਸਬੂਤਾਂ ਦਾ ਕੀ ਕੀਤਾ
ਪਟਿਆਲਾ), 19 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਕੈਪਟਨ ਅਮਰਿੰਦਰ ਸਿੰਘ ਦਾ ਟਵੀਟ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਾਰਾ ਜਵਾਬ ਦਿੰਦਿਆਂ ਆਖਿਆ…ਸਾਡੇ ਜਵਾਨਾਂ ਨੁੰ ਮਾਰਨ ਦੀਆਂ ਸਾਜਿਸ਼ ਪਾਕਿਸਤਾਨ ਦੀ ਫੌਜ ਅਤੇ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ।

ਕੈਪਟਨ ਨੇ ਟਵੀਟ ਕਰਕੇ ਲਲਕਾਰਿਆ ਤੇ ਆਖਿਆ ਪੁਲਵਾਮਾ ਹਮਲੇ ਦਾ ਸਬੂਤ ਮੰਗਣ ਵਾਲੇ ਪਾਕਿਸਤਾਨ ਨੇ 26/11 ਦੇ ਹਮਲੇ ਦੇ ਦਿੱਤੇ ਸਬੂਤਾਂ ਦਾ ਕੀ ਕੀਤਾ? ਮੁੱਖ ਮੰਤਰੀ ਪਟਿਆਲਾ ਵਿਧਾਨ ਸਭਾ ਹਲਕਿਆਂ ਰਾਜਪੁਰਾ, ਘਨੌਰ, ਸਨੌਰ ਤੇ ਫਤਿਹਗੜ੍ਹ ਸਾਹਿਬ ਵਿਖੇ ਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਮੌਕੇ ਗੱਲਬਾਤ ਕਰ ਰਹੇ ਸਨ…. ਮੁੱਖ ਮੰਤਰੀ ਨੇ ਨਹਿਰੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਕਿ ਸੂਬੇ ਦੇ ਲੋਕਾਂ ਤੱਕ ਸਾਫ ਸੁਥਰੇ ਪਾਣੀ ਨੂੰ ਪੁੱਜਦਾ ਕਰਨ ਲਈ ਸਰਕਾਰ ਨੇ ਇਹ ਕਦਮ ਚੁੱਕਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 26/11 ਦੇ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ ਅਤੇ ਇਸ ਬਾਰੇ ਭਾਰਤ ਨੇ ਉਨ੍ਹਾਂ ਨੂੰ ਸਾਰੇ ਸਬੂਤ ਵੀ ਦਿੱਤੇ ਪਰ ਉਨ੍ਹਾਂ ਨੇ ਕੀਤਾ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ‘ਤੇ ਹੋਏ ਹਮਲੇ ਵਿੱਚ ਪਾਕਿਸਤਾਨ ਦਾ ਗ੍ਰਨੇਡ ਵਰਤਿਆ ਗਿਆ ਸੀ ਜਿਸ ਨਾਲ ਉਨ੍ਹਾਂ ਦੀ ਸ਼ਮੂਲੀਅਤ ਦਾ ਪਰਦਾਫਾਸ਼ ਹੋਇਆ ਸੀ।
ਬਾਅਦ ਵਿੱਚ ਇਮਰਾਨ ਖਾਨ ਦੇ ਬਿਆਨ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਖ਼ਤ ਸ਼ਬਦਾਂ ਵਿੱਚ ਇਕ ਟਵੀਟ ਰਾਹੀਂ ਕਿਹਾ,”ਇਮਰਾਨ ਖਾਨ, ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਬਹਾਵਲਪੁਰ ਵਿੱਚ ਬੈਠਾ ਹੋਇਆ ਹੈ ਅਤੇ ਆਈ.ਐਸ.ਆਈ. ਦੀ ਸਹਾਇਤਾ ਨਾਲ ਹਮਲਿਆਂ ਦੀਆਂ ਗੋਂਦਾਂ ਗੁੰਦਦਾ ਹੈ। ਜਾਓ, ਜਾ ਕੇ ਉਸ ਨੂੰ ਉਥੋਂ ਚੁੱਕ ਲਿਆਓ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਸਾਨੂੰ ਦੱਸੋ, ਅਸੀਂ ਤੁਹਾਡੇ ਲਈ ਇਸ ਨੂੰ ਅੰਜ਼ਾਮ ਦੇ ਕੇ ਵਿਖਾਈਏ। ਉਂਜ, 26/11 ਦੇ ਮੁੰਬਈ ਹਮਲੇ ਦੇ ਸਬੂਤਾਂ ਦਾ ਤੁਸੀਂ ਕੀ ਕੀਤਾ। ਗੱਲਬਾਤ ਦਾ ਸਮਾਂ ਆ ਗਿਆ ਹੈ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਪੁਲਵਾਮਾ ਹਮਲੇ ਤੋਂ ਬਾਅਦ ਆਲਮੀ ਪੱਧਰ ‘ਤੇ ਉਠੇ ਸਵਾਲ ਤੋਂ ਬਾਅਦ ਆਪਣੇ ਪੱਖ ਵਿੱਚ ਕੀਤੇ ਬਚਾਅ ਦਾ ਪ੍ਰਗਟਾਵਾ ਕਰਦਾ ਹੈ।
ਪੁਲਵਾਮਾ ਹਮਲੇ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬਿਆਨ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਆਈ.ਐਸ.ਆਈ. ਦੀ ਬਦੌਲਤ ਬੈਠਾ ਹੈ ਜਿਸ ਕਰਕੇ ਉਸ ਪਾਸੋਂ ਹੋਰ ਕਿਹੋ ਜਿਹੀ ਪ੍ਰਤੀਕ੍ਰਿਆ ਦੀ ਆਸ ਰੱਖੀ ਜਾ ਸਕਦੀ ਹੈ।
ਇੱਥੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆਪਣੇ ਫੌਜ ਮੁਖੀ ਜਨਰਲ ਬਾਜਵਾ ਨਾਲ ਮਿਲ ਕੇ ਭਾਰਤੀ ਸੈਨਿਕਾਂ ਅਤੇ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਜਿਹਾ ਵਰਤਾਰਾ ਨਾ ਸਹਿਣ ਕਰ ਸਕਦਾ ਹੈ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੁੜ ਦੁਹਰਾਇਆ,”ਜੇਕਰ ਉਹ ਸਾਡਾ ਇਕ ਮਾਰਦੇ ਹਨ ਤਾਂ ਸਾਨੂੰ ਉਨ੍ਹਾਂ ਦੇ ਦੋ ਮਾਰਨੇ ਚਾਹੀਦੇ ਹਨ।”
ਇਸ ਤੋਂ ਪਹਿਲਾਂ ਨੀਂਹ ਪੱਥਰ ਰੱਖਣ ਮੌਕੇ ਹੋਏ ਸਮਾਰੋਹ ਮੌਕੇ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਵਿਕਾਸ ਲਈ ਅਮਨ-ਸ਼ਾਂਤੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨੂੰ ਆਪਣੇ ਸੈਨਿਕਾਂ ਦੀ ਹੱਤਿਆ ਦਾ ਬਦਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਜੀਕਲ ਸਟਰਾਈਕ ਇਕ ਰਸਤਾ ਹੋ ਸਕਦਾ ਹੈ ਪਰ ਇਹ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਕਿ ਕਿਹੜੀ ਜਵਾਬੀ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਜੰਗ ਦੇ ਹੱਕ ਵਿੱਚ ਨਹੀਂ ਹਨ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਅਕਾਲੀਆਂ ਦੀ ਸਖ਼ਤ ਆਲੋਚਨਾ ਕੀਤੀ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਨਾਲ ਸੂਬੇ ਦੀ ਸ਼ਾਂਤੀ ਵਿੱਚ ਵਿਘਨ ਪਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
Îਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਇਕ ਦਹਾਕੇ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ ਦਾ ਸ਼ੋਸ਼ਣ ਕੀਤਾ ਅਤੇ ਫਸਲ ਦੀ ਢਿੱਲੀ ਖਰੀਦ ਅਤੇ ਹੋਰ ਕਿਸਾਨ ਵਿਰੋਧੀ ਨੀਤੀਆਂ ਰਾਹੀਂ ਉਨ੍ਹਾਂ ਨੂੰ ਮੁਸ਼ਕਲਾਂ ਵਿੱਚ ਫਸਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਾਰਚ, 2017 ਤੋਂ ਲੈ ਕੇ ਸਾਰੀਆਂ ਫਸਲਾਂ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਹੈ।

Leave a Reply

Your email address will not be published. Required fields are marked *