50ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਮਾਗਮ
ਸਰਕਾਰੀ ਸਟੇਟ ਕਾਲਜ ਵਿਖੇ ਪੋਸਟਰ ਬਣਾਉਣ ਤੇ ਲੇਖ ਲਿਖਣ ਦੇ ਕਰਵਾਏ ਮੁਕਾਬਲੇ
ਪਟਿਆਲਾ, 21 ਫਰਵਰੀ (ਮਧੂਸਾਰ ਬਿਊਰੋ) ਯੁਵਕ ਸੇਵਾਵਾਂ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਪੋਸਟਰ ਬਣਾਉਣ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਰੈਡ ਰੀਬਨ ਕਲੱਬਾਂ ਅਤੇ ਯੁਵਕ ਸੇਵਾਵਾਂ ਕਲੱਬਾਂ ਦੇ ਸਹਿਯੋਗ ਨਾਲ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਇਆ ਗਿਆ।
ਡਾ. ਮਾਨ ਨੇ ਦੱਸਿਆ ਕਿ ਸਮਾਗਮ ਵਿੱਚ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੌ ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੋਸਟਰ ਬਣਾਉਣ ਤੇ ਲੇਖ ਲਿਖਣ ਮੁਕਾਬਲਿਆਂ ਵਿੱਚ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੇ ਫ਼ਲਸਫ਼ਾ’, ਭਵਿੱਖ ਦੇ ਭਾਰਤ ਵਿੱਚ ਨੌਜਵਾਨਾਂ ਦਾ ਯੋਗਦਾਨ, ਤੰਦਰੁਸਤ ਪੰਜਾਬ ਅਤੇ ਸਮਾਜਿਕ ਜ਼ੁੰਮੇਵਾਰੀ, ਗਲੋਬਲ ਵਾਰਮਿੰਗ, ਵਾਤਾਵਰਣ ਮਸਲੇ ਅਤੇ ਪੰਜਾਬ ਵਿੱਚ ਡਰੱਗ ਅਬਿਊਜ਼/ਬੱਡੀਜ ਪ੍ਰੋਗਰਾਮ ‘ਤੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜੱਜ ਦੀ ਭੂਮਿਕਾ ਸ੍ਰੀ ਗੁਰਸ਼ਰਨਜੀਤ ਸਿੰਘ ਬਰਾੜ ਅਤੇ ਸ੍ਰੀ ਹੇਮ ਰਿਸ਼ੀ ਨੇ ਨਿਭਾਈ ਤੇ ਜੇਤੂਆਂ ਨੂੰ ਇਨਾਮ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਪਰਮਵੀਰ ਅਤੇ ਵਿਜੈ ਕੁਮਾਰ ਗੋਇਲ ਤਕਸੀਮ ਕੀਤੇ। ਇਸ ਮੌਕੇ ਖੂਨਦਾਨ ਕੈਂਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਸ੍ਰੀਮਤੀ ਰਾਜ ਕੁਮਾਰੀ ਵੱਲੋਂ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਲੈਕਚਰ ਦੌਰਾਨ ਡਾ. ਬਲਵੰਤ ਸਿੰਘ ਸਿੱਧੂ (ਸੇਵਾਮੁਕਤ) ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਨੇ ਨੌਜਵਾਨਾਂ ਦੇ ਚਲੰਤ ਮਸਲਿਆਂ, ਨੌਜਵਾਨਾਂ ਦੀ ਸਮਾਜਿਕ ਜ਼ੁੰਮੇਵਾਰੀ ਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਸੰਬੰਧੀ ਵਿਸਥਾਰਤ ਚਰਚਾ ਕੀਤੀ ਤੇ ਵਿਦਿਆਰਥੀਆਂ ਦੇ ਸਵਾਲ ਦੇ ਜੁਆਬ ਵੀ ਦਿੱਤੇ।
ਡਾ. ਮਾਨ ਨੇ ਦੱਸਿਆ ਕਿ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਨਵਜੋਤ ਕੌਰ ਨੇ ਪਹਿਲਾ, ਮਾਨਸੀ ਗੁਪਤਾ ਡਾਈਟ ਨਾਭਾ ਨੇ ਦੂਸਰਾ ਤੇ ਏਕਤਾ ਹਾਂਡਾ ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਲੇਖ ਲਿਖਣ ਮੁਕਾਬਲਿਆਂ ਵਿੱਚ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਆਫ ਐਜੂਕੇਸ਼ਨ ਦੀ ਦਲਬੀਰ ਕੌਰ ਨੇ ਪਹਿਲਾ, ਊਸ਼ਾ ਰਾਣੀ ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਨੇ ਦੂਸਰਾ ਤੇ ਪ੍ਰਭਜੋਤ ਕੌਰ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਸਟੇਟ ਕਾਲਜ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪੇਸ਼ਕਾਰੀ ਕੀਤੀ ਅਤੇ ਇਸ ਪ੍ਰੋਗਰਾਮ ਵਿੱਚ 300 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪ੍ਰੋ. ਨਵਨੀਤ ਜੇਜੀ ਨੇ ਸਟੇਜ ਦੀ ਭੂਮਿਕਾ ਨਿਭਾਈ।
ਇਸ ਮੌਕੇ ਪ੍ਰੋ. ਸਤਿੰਦਰ ਕੌਰ, ਪ੍ਰੋ. ਪ੍ਰੀਤੀ ਭਾਟੀਆ, ਪ੍ਰੋ. ਵੀਰਦੇਵ ਸਿੰਘ, ਪ੍ਰੋ. ਦੀਪਿਕਾ ਰਾਜਪਾਲ, ਪ੍ਰੋ. ਰੇਖਾ ਸ਼ਰਮਾ, ਪ੍ਰੋ. ਸ਼ਵਿੰਦਰ ਰੇਖੀ, ਪ੍ਰੋ. ਅਰੁਣਦੀਪ, ਪ੍ਰੋ. ਗੁਰਵਿੰਦਰ ਕੌਰ, ਡਾ. ਕੰਵਰਜ ਸਵਿੰਦਰ ਪਾਲ, ਪ੍ਰੋ. ਰਵੀ ਘਨੌਰ, ਪ੍ਰੋ. ਰਸ਼ਮੀ ਸ਼ਰਮਾ, ਪ੍ਰੋ. ਮਨਪ੍ਰੀਤ ਸੋਢੀ ਅਤੇ ਸਚਿਨ ਸ਼ਰਮਾ ਸਮੇਤ ਵੱਖ-ਵੱਖ ਕਾਲਜਾਂ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

