ਪੰਜਾਬਪਟਿਆਲਾ

ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਣਮਾਜਰਾ ਨੇ ਮੁੜ ਅਜ਼ਾਦ ਚੋਣ ਲੜਨ ਦਾ ਕੀਤਾ ਐਲਾਨ

ਪਿੱਠ ‘ਚ ਛੁਰਾ ਮਾਰਨ ਵਾਲੀ ਕਾਂਗਰਸ ਨੂੰ ਇਲਾਕਾ ਨਿਵਾਸੀ ਸਬਕ ਸਿਖਾਉਣ : ਬਾਬਾ ਮੱਲ ਸਿੰਘ
ਭਲਕੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ
ਪਟਿਆਲਾ, 16ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਰਮੀਤ ਸਿੰਘ ਪਠਾਣਮਾਜਰਾ ਨੇ ਹਲਕਾ ਸਨੌਰ ਤੋਂ ਕਾਂਗਰਸੀ ਸੀਟ ਮਿਲਣ ਦਾ ਭਰੋਸਾ ਮਿਲਣ ਤੋਂ ਬਾਅਦ ਪ੍ਰਨੀਤ ਕੌਰ ਦੀ ਹਾਜ਼ਰੀ ‘ਚ ਕਾਂਗਰਸੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ, ਪ੍ਰੰਤੂ ਕਾਂਗਰਸ ਨੇ ਵੱਡਾ ਉਲਟ ਫੇਰ ਕਰਦਿਆਂ ਸਮਾਣਾ ਤੋਂ ਅਕਾਲੀ ਦਲ ਛੱਡ ਕੇ ਮੁੜ ਕਾਂਗਰਸ ‘ਚ ਸ਼ਾਮਲ ਹੋਏ ਹਰਿੰਦਰ ਸਿੰਘ ਹੈਰੀਮਾਨ ਨੂੰ ਹਲਕਾ ਸਨੌਰ ਦੀ ਟਿਕਟ ਦੇਣ ਦਾ ਐਲਾਨ ਕਰ ਦੇਣ ਨਾਲ ਪਠਾਣਮਾਜਰਾ ਦੇ ਸਮਰਥਕਾਂ ਤੇ ਇਲਾਕਾ ਨਿਵਾਸੀਆਂ ‘ਚ ਭਾਰੀ ਰੋਸ ਵੇਖਣ ਨੂੰ ਮਿਲਿਆ। ਕਾਂਗਰਸ ਵੱਲੋ ਹੈਰੀਮਾਨ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਪਠਾਣਮਾਜਰਾ ਸਮਰਥਕਾਂ ਨੇ ਕਾਂਗਰਸੀ ਲਾਲ ਸਿੰਘ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ।

ਹਲਕਾ ਸਨੌਰ ਤੋਂ ਹੈਰੀਮਾਨ ਨੂੰ ਟਿਕਟ ਦਿੱਤੇ ਜਾਣ ਤੋਂ ਕਾਂਗਰਸ ‘ਚ ਸ਼ਾਮਲ ਹੋਏ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੇ ਸਮਰਥਕਾਂ ਦੀ ਹਾਜ਼ਰੀ ‘ਚ ਮੁੜ ਸਨੌਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ਵਿਚ ਅੱਜ ਹਰਮੀਤ ਸਿੰਘ ਪਠਾਣਮਾਜਰਾ ਮੁੜ ਵੱਡੀ ਗਿਣਤੀ ‘ਚ ਸਮਰਥਕਾਂ ਨੂੰ ਲੈ ਕੇ ਬਾਬਾ ਭੀਖਮ ਸ਼ਾਹ ਦੀ ਦਰਗਾਹ ‘ਤੇ ਗੱਦੀਨਸ਼ੀਨ ਬਾਬਾ ਮੱਲ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਗੱਲਬਾਤ ਤੋਂ ਮੁੜ ਜਾਣੂੰ ਕਰਵਾਇਆ।
ਇਸ ਦੌਰਾਨ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਕਾਂਗਰਸੀ ਲਾਲ ਸਿੰਘ ਨੇ ਪਰਿਵਾਰਵਾਦ ਦੀ ਰਵਾਇਤ ਨੂੰ ਕਾਇਮ ਰੱਖਣ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਹੋਏ ਗੁਪਤ ਸਮਝੌਤੇ ਤਹਿਤ ਹਲਕਾ ਸਨੌਰ ਵਾਸੀਆਂ ਨਾਲ ਮੁੜ ਧੋਖਾ ਕੀਤਾ ਅਤੇ ਮੇਰੀ ਪਿੱਠ ‘ਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਲਾਲ ਸਿੰਘ ਨੇ ਮੈਨੂੰ ਕਾਂਗਰਸ ‘ਚ ਸ਼ਾਮਲ ਕਰਨ ਤੋਂ ਪਹਿਲਾਂ ਹਲਕਾ ਸਨੌਰ ਤੋਂ ਕਾਂਗਰਸੀ ਉਮੀਦਵਾਰ ਵਜੋਂ ਟਿਕਟ ਦੇਣ ਦਾ ਫੈਸਲਾ ਕੀਤਾ ਸੀ ਅਤੇ ਕਾਂਗਰਸ ਹਾਈਕਮਾਂਡ ਨਾਲ ਗੱਲਬਾਤ ਤੋਂ ਬਾਅਦ ਮੇਰੇ ਨਾਲ ਗੱਲਬਾਤ ਸਿਰੇ ਚਾੜੀ ਸੀ ਅਤੇ ਮੈਨੂੰ ਕਾਂਗਰਸ ‘ਚ ਸ਼ਾਮਲ ਕਰਵਾਇਆ ਸੀ, ਪ੍ਰੰਤੂ ਅੱਜ ਲਾਲ ਸਿੰਘ ਆਪਣੀ ਹੀ ਗੱਲਬਾਤ ਤੋਂ ਮੁਕਰ ਗਿਆ ਹੈ ਅਤੇ ਚੰਦੂਮਾਜਰਾ ਪਰਿਵਾਰ ਨੂੰ ਮਿਲਦੀ ਹਾਰ ਵੇਖ ਕੇ ਗੁਪਤ ਸਮਝੌਤੇ ਨੂੰ ਸਿਰੇ ਚਾੜਨ ‘ਚ ਲੱਗਾ ਹੋਇਆ ਹੈ, ਜਿਸ ਕਾਰਨ ਲਾਲ ਸਿੰਘ ਨੇ ਮੁੜ ਸਮਾਣਾ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਟਿਕਟ ਦਿਵਾ ਕੇ ਮੇਰੇ ਨਾਲ ਵੱਡਾ ਧੋਖਾ ਕੀਤਾ, ਜਿਸ ਨੂੰ ਹਲਕਾ ਸਨੌਰ ਦੇ ਵਾਸੀ ਕਦੇ ਵੀ ਮੁਆਫ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਸੀਟ ‘ਤੇ ਮੇਰੀ ਜਿੱਤ ਬਣਦੀ ਵੇਖ ਕੇ ਲਾਲ ਸਿੰਘ ਆਪਣੀ ਗੱਲ ਤੋਂ ਪਲਟਿਆ ਅਤੇ ਆਪਣੇ ਪੁੱਤਰ ਮੋਹ ‘ਚ ਫਸ ਕੇ ਪ੍ਰੋ. ਚੰਦੂਮਾਜਰਾ ਤੋਂ ਸਮਝੌਤੇ ਤਹਿਤ ਮਦਦ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ‘ਚ ਪਰਿਵਾਰਵਾਦ ਭਾਰੂ ਅਤੇ ਦੋਵੇਂ ਪਾਰਟੀਆਂ ਪੁੱਤਰ ਮੋਹ ‘ਚ ਫਸ ਕੇ ਸੂਬੇ ਦੇ ਲੋਕਾਂ ਨਾਲ ਵੱਡਾ ਧੋਖਾ ਕਰ ਰਹੀਆਂ ਹਨ।
ਇਸ ਮੌਕੇ ਬਾਬਾ ਮੱਲ ਸਿੰਘ ਨੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਮੁੜ ਥਾਪੜਾ ਦਿੰਦਿਆਂ ਹਲਕਾ ਸਨੌਰ ਤੋਂ ਅਜ਼ਾਦ ਉਮੀਦਵਾਰ ਬਣਾਉਣ ਦਾ ਐਲਾਨ ਕਰਦਿਆਂ ਇਲਾਕਿਆਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੱਚਾਈ ਨਾਲ ਚੱਲਣ ਵਾਲੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਜ਼ਾਦ ਚੋਣ ਲੜਾਉਣ ਅਤੇ ਜਿਤਾ ਕੇ ਵਿਧਾਨ ਸਭਾ ਭੇਜਣ। ਉਨ੍ਹਾਂ ਕਿਹਾ ਕਿ ਖ਼ੁਦ ਮਹਾਰਾਣੀ ਪ੍ਰਨੀਤ ਕੌਰ ਦੀ ਹਾਜ਼ਰੀ ‘ਚ ਹਰਮੀਤ ਸਿੰਘ ਪਠਾਣਮਾਜਰਾ ਦਾ ਹੱਥ ਫੜਾਇਆ ਸੀ, ਪ੍ਰੰਤੂ ਹੁਣ ਕਾਂਗਰਸ ਨੇ ਉਮੀਦਵਾਰ ਬਦਲ ਕੇ ਜਿਥੇ ਹਰਮੀਤ ਸਿੰਘ ਪਠਾਣਮਾਜਰਾ ਨਾਲ ਵੱਡਾ ਧੋਖਾ ਕੀਤਾ, ਉਥੇ ਹਲਕਾ ਸਨੌਰ ਦੇ ਇਲਾਕਾ ਨਿਵਾਸੀਆਂ ਦਾ ਵਿਸ਼ਵਾਸ ਤੇ ਭਰੋਸਾ ਤੋੜਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਕਾਫੀ ਗੰਭੀਰ ਗਲਤੀ, ਜਿਸ ਨੂੰ ਹਲਕਾ ਸਨੌਰ ਦੇ ਵਾਸੀ ਕਦੇ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲਾਲ ਸਿੰਘ ਨੇ ਵੱਡਾ ਧੋਖਾ ਕੀਤਾ ਇਸ ਲਈ ਇਲਾਕਾ ਨਿਵਾਸੀ ਕਾਂਗਰਸ ਨੂੰ ਜ਼ਰੂਰ ਸਬਕ ਸਿਖਾਉਣ।

Leave a Reply

Your email address will not be published. Required fields are marked *