ਪੰਡਿਤ ਵਿਸ਼ਵ ਮੋਹਨ ਭੱਟ ਨੇ ਉਸਤਾਦ ਅਨਵਰ ਖਾਨ ਨਾਲ ਮਿਲਕੇ ਲਾਈ ਸ਼ਾਸ਼ਤਰੀ ਸੰਗੀਤ ਦੀ ਛਹਿਬਰ
ਕਲਾਸੀਕਲ ਸੰਗੀਤ ਤੇ ਰਾਜਸਥਾਨੀ ਲੋਕ ਸੰਗੀਤ ਦੇ ਅਨੋਖੇ ਸੁਮੇਲ ਨੇ ਯਾਦਗਾਰੀ ਬਣਾਈ ਸੰਗੀਤਕ ਸ਼ਾਮ
ਪਟਿਆਲਾ, 22 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਛੇ ਦਿਨਾਂ ਪਟਿਆਲਾ ਹੈਰੀਟੇਜ ਫੈਸਟੀਵਲ-2019 ਦੇ ਚੌਥੇ ਦਿਨ ਦੀ ਸੰਗੀਤਮਈ ਸ਼ਾਮ ਵੀ ਇਤਿਹਾਸਕ ਬਣ ਗਈ। ਇਸ ਦੌਰਾਨ ਜਿੱਥੇ ਗ੍ਰੈਮੀ ਅਵਾਰਡ ਜੇਤੂ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ ਪੰਡਿਤ ਵਿਸ਼ਵ ਮੋਹਨ ਭੱਟ ਨੇ ਮੋਹਨ ਵੀਨਾ ਨਾਲ ਰਾਜਸਥਾਨ ਦੇ ਲੋਕ ਸੰਗੀਤ ਦੇ ਮੰਗਨਿਆਰ ਸੰਗੀਤਕਾਰਾਂ ਦੀ ਤਾਲ ਨਾਲ ਤਾਲ ਮਿਲਾ ਕੇ ਸੰਗੀਤ ਦੀ ਖ਼ੂਬ ਛਹਿਬਰ ਲਾਈ, ਉਥੇ ਹੀ ਉੱਘੀ ਨਰਤਕੀ ਰਮਾ ਵੈਦਿਆਨਾਥਨ ਨੇ ਭਾਰਤਨਾਟਿਅਮ ਨ੍ਰਿਤ ਦੀ ਦਿਲਕਸ਼ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਪਟਿਆਲਾ ਦੇ ਪੁਰਾਤਨ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਅੱਜ ਦੇ ਇਸ ਸਮਾਰੋਹ ਮੌਕੇ ਹੁੰਮ-ਹੁਮਾ ਕੇ ਪੁੱਜੇ ਕਲਾ ਪ੍ਰੇਮੀਆਂ ਨੇ ਇਸ ਸੰਗੀਤਮਈ ਸ਼ਾਮ ਦਾ ਖ਼ੂਬ ਆਨੰਦ ਮਾਣਿਆ।
ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਵੱਡਮੁਲੀ ਜਾਣਕਾਰੀ ਪ੍ਰਦਾਲ ਕਰਵਾਉਣ ਲਈ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਮੌਕੇ ਸਮਾਰੋਹ ਦੀ ਅਰੰਭਤਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਮੇਅਰ ਸ੍ਰੀ ਸੰਜੀਵ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਸ੍ਰੀਮਤੀ ਅਨੀਤਾ ਸਿੰਘ ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤੇ ਹੋਰ ਸ਼ਖ਼ਸੀਅਤਾਂ ਨੇ ਦੀਪ ਜਲਾ ਕੇ ਕਰਵਾਈ।
ਇਸ ਦੌਰਾਨ 10 ਪੀੜ੍ਹੀਆਂ ਤੋਂ ਸੰਗੀਤਕ ਘਰਾਣੇ ਨਾਲ ਸਬੰਧਤ ਪਦਮ ਭੂਸ਼ਨ, ਪਦਮ ਸ੍ਰੀ ਤੇ ਗ੍ਰੈਮੀ ਅਵਾਰਡ ਵਿਜੇਤਾ ਪੰਡਿਤ ਵਿਸ਼ਵ ਮੋਹਨ ਭੱਟ, ਜਿਨ੍ਹਾਂ ਨੇ ਮੋਹਨ ਵੀਨਾ ਤੇ ਵਿਸ਼ਵ ਵੀਨਾ ਦੀ ਕਾਢ ਕੱਢੀ, ਨੇ ਰਾਜਸਥਾਨੀ ਲੋਕ ਸੰਗੀਤ ਨੂੰ ਨਵੀਨਤਮ ਰੂਪ ਪ੍ਰਦਾਨ ਕਰਨ ਵਾਲੇ ਅਤੇ ਸਿੰਧੀ ਲੋਕ ਗੀਤ ਤੇ ਭਜਨ ਗਾਇਕ, ਸੰਗੀਤ ਨਾਟਕ ਅਕੈਡਮੀ ਅਵਾਰਡ ਜੇਤੂ ਉਸਤਾਦ ਅਨਵਰ ਖ਼ਾਨ ਨਾਲ ਮਿਲਕੇ ਸ਼ਾਸਤਰੀ ਸੰਗੀਤ ਅਤੇ ਰਾਜਸਥਾਨ ਦੇ ਲੋਕ ਸੰਗੀਤ ਦੇ ਅਨੋਖੇ ਸੁਮੇਲ ਦੀ ਦਿਲਕਸ਼ ਪੇਸ਼ਕਾਰੀ ਦਿੱਤੀ।
ਇਸ ਮੌਕੇ ਉਸਤਾਦ ਅਨਵਰ ਖ਼ਾਨ ਨੇ ਸਾਵਨ ਆਇਓ, ਪੀਆ ਨਾ ਆਇਓ ਦੀ ਸ਼ੁਰੂਆਤ ਕਰਕੇ ਕੇਸਰੀਆ ਪਧਾਰੋ ਮਾਰ੍ਹੇ ਦੇਸ਼ ਤੇ ਹੋਰ ਗੀਤ ਗਾਏ ਅਤੇ ਗ੍ਰੈਮੀ ਅਵਾਰਡ ਵਿਜੇਤਾ ਪੰਡਿਤ ਵਿਸ਼ਵ ਮੋਹਨ ਭੱਟ ਨੇ ਮੋਹਨ ਵੀਨਾ ‘ਤੇ ਗ੍ਰੈਮੀ ਅਵਾਰਡ ਜੇਤੂ ਸੰਗੀਤਕ ਧੁਨਾਂ ਅਤੇ ਵੰਦੇ ਮਾਤਰਮ ਵਜਾ ਕੇ ਇਸ ਸੰਗੀਤਮਈ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ। ਸ੍ਰੀ ਭੱਟ ਤੇ ਉਸਤਾਦ ਖ਼ਾਨ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਦਰਭ ‘ਚ ਸ੍ਰੀ ਗੁਰੂ ਨਾਨਕ ਦੀ ਫ਼ਿਲਾਸਫ਼ੀ ਅਤੇ ਉਪਦੇਸ਼ ਦਾ ਵਿਸ਼ੇਸ਼ ਜਿਕਰ ਕੀਤਾ ਉਥੇ ਹੀ ਉਨ੍ਹਾਂ ਨੇ ਦੇਸ਼ ਦੇ ਸ਼ਹੀਦਾਂ ਨੂੰ ਵੀ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ।
ਇਨ੍ਹਾਂ ਦੇ ਨਾਲ ਸਾਤਵਿਕ ਵੀਨਾ ‘ਤੇ ਪੰਡਿਤ ਸਲਿਲ ਭੱਟ ਸਮੇਤ ਤਬਲੇ ‘ਤੇ ਪੰਡਿਤ ਹਿੰਮਾਂਸ਼ੂ ਮਹੰਤ, ਖੜਤਾਲ ‘ਤੇ ਸ੍ਰੀ ਕੁਤਲੇ ਖ਼ਾਨ, ਢੋਲਕ ‘ਤੇ ਸ੍ਰੀ ਗੋਰਮ ਖ਼ਾਨ, ਹਰਮੋਨੀਅਮ ‘ਤੇ ਸ੍ਰੀ ਰੋਸ਼ਨ ਖ਼ਾਨ ਅਤੇ ਬਾਪਾਂਗ ‘ਤੇ ਥੰਨੂ ਖ਼ਾਨ ਨੇ ਸੰਗਤ ਕਰਦਿਆਂ ਸੰਗੀਤ ਦਾ ਅਨੋਖਾ ਸੁਮੇਲ ਦਿਖਾਇਆ। ਤਕਨੀਕੀ ਸਹਿਯੋਗ ਰਮੇਸ਼ ਪਰਜਾਪੱਤ ਨੇ ਦਿੱਤਾ।
ਇਸ ਮੌਕੇ ਸ੍ਰੀ ਭੱਟ ਨੇ ਕਿਹਾ ਕਿ ਹੁਣ ਇਹ ਪਟਿਆਲਾ ਵਿਰਾਸਤੀ ਉਤਸਵ ਇੱਕ ਕੌਮਾਂਤਰੀ ਉਤਸਵ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਇੱਥੇ ਆ ਕੇ ਆਪਣੀ ਪੇਸ਼ਕਾਰੀ ਦੇਣ ਦਾ ਸੁਭਾਗ ਪ੍ਰਾਪਤ ਹੋਣਾਂ ਉਨ੍ਹਾਂ ਖ਼ੁਦ ਦੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਪੇਸ਼ਕਾਰੀ ਕਲਾਸੀਕਲ ਤੇ ਰਾਜਸਥਾਨ ਦੇ ਲੋਕ ਸੰਗੀਤ ਦਾ ਇੱਕ ਅਨੋਖਾ ਸੁਮੇਲ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰਾਸਤ ਨੂੰ ਸੰਭਾਲਣ ਦੇ ਕੀਤੇ ਗਏ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਤੋਂ ਬਾਅਦ ਸੰਗੀਤ ਨਾਟਕ ਅਕੈਡਮੀ ਅਵਾਰਡ ਜੇਤੂ ਸ੍ਰੀਮਤੀ ਰਮਾ ਵੈਦਿਆਨਾਥਨ ਨੇ ਦੇਵੀ ਉਸਤਤੀ ਤੋਂ ਸ਼ੁਰੂ ਕਰਕੇ ਨਵਰਸ ਮੋਹਨ, ਅਰਧਨਾਰੀਈਸ਼ਵਰ, ਤਿਲਾਂਨਾ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਾਇਆ। ਸ੍ਰੀਮਤੀ ਰਮਾ ਵੈਦਿਆਨਾਥਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਰਬਤ ਦਾ ਭਲਾ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ‘ਤੇ ਅਧਾਰਤ ਆਪਣੀ ਵਿਸ਼ੇਸ਼ ਪੇਸ਼ਕਾਰੀ ਵੀ ਪੇਸ਼ ਕੀਤੀ। ਉਨ੍ਹਾਂ ਦੇ ਨਾਲ ਸੁਧਾ ਰਘੁਰਾਮਨ ਨੇ ਵੋਕਲ, ਮਿਰਦੰਗਨ ‘ਤੇ ਸੁਮੋਧ ਸੀਧਰਨ, ਬੰਸਰੀ ‘ਤੇ ਜੀ. ਰਘੁਰਮਨ ਅਤੇ ਸਹਾਇਕ ਨਰਤਕੀਆਂ ਰੀਸ਼ਿਕਾ ਸ਼ਿਵਾਕੁਮਾਰ, ਮੀਰਾਉਨੀਥਾਨੂ, ਵੈਸਨਵੀ ਧੋਰੇ ਨੇ ਸਾਥ ਦਿੱਤਾ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਡਿਪਟੀ ਮੇਅਰ ਸ੍ਰੀਮਤੀ ਵਿੰਤੀ ਸੰਗਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਜੇਸ਼ ਸ਼ਰਮਾ, ਪਹਿਲੀ ਆਰਮਡ ਡਿਬ ਦੇ ਕਮਾਂਡਰ ਮੇਜਰ ਜਨਰਲ ਜੇ.ਐਸ. ਸੰਧੂ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਟਰਸਟੀ ਸ੍ਰੀਮਤੀ ਅਨੀਤਾ ਸਿੰਘ, ਆਈ.ਜੀ. ਏ.ਐਸ. ਰਾਏ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਡਾ. ਦਰਸ਼ਨ ਸਿੰਘ, ਯੂਥ ਕਾਂਗਰਸ ਪ੍ਰਧਾਨ ਸ੍ਰੀ ਸੰਦੀਪ ਮਲਹੋਤਰਾ, ਸ੍ਰੀਮਤੀ ਸ਼ੈਲਜਾ ਖੰਨਾ, ਕੈਪਟਨ ਅਮਰਜੀਤ ਸਿੰਘ ਜੇਜੀ, ਡਾ. ਅਮਰ ਸਤਿੰਦਰ ਸੇਖੋਂ, ਕਰਨਲ ਆਰ.ਐਸ. ਬਰਾੜ, ਸ੍ਰੀ ਸੋਨੂ ਸੰਗਰ, ਪਟਿਆਲਾ ਦੇ ਮੁੱਖ ਡਾਕ ਘਰ ਦੇ ਸੀਨੀਅਰ ਸੁਪਰਡੈਂਟ ਆਰਤੀ ਵਰਮਾ, ਐਸ.ਪੀ. ਸਿਟੀ ਸ੍ਰੀ ਹਰਮਨ ਹੰਸ, ਐਸ.ਡੀ.ਐਮ. ਪਟਿਆਲਾ ਸ੍ਰੀ ਸੰਜੀਵ ਕੁਮਾਰ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਸਿਵਲ ਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ, ਵੱਡੀ ਗਿਣਤੀ ‘ਚ ਪਟਿਆਲਾ ਸਮੇਤ ਦੂਰੋ-ਦੂਰੋਂ ਆਏ ਅਤੇ ਸੰਗੀਤ ਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਤੇ ਅਨੰਦ ਮਾਣਿਆ।
23 ਫਰਵਰੀ ਨੂੰ ਸਵੇਰੇ ਸਾਇਕਲ ਰੈਲੀ, ਦੁਪਹਿਰ ਵੇਲੇ ਸਾਇਕਲ ਪੋਲੋ ਤੇ ਸ਼ਾਮ ਨੂੰ ਪੌਪ ਕਨਸਰਟ
23 ਫਰਵਰੀ ਦੇ ਪ੍ਰੋਗਰਾਮਾਂ ਬਾਰੇ ਦੱਸਦਿਆਂ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸਵੇਰੇ 7 ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ. ਤੋਂ ਸਾਇਕਲ ਰੈਲੀ ਕੱਢੀ ਜਾਵੇਗੀ, ਜੋਕਿ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਸ਼ੇਰਾਂ ਵਾਲਾ ਗੇਟ, ਸ੍ਰੀ ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ, ਐਨ.ਆਈ.ਸੀ. ਵਿਖੇ ਸਮਾਪਤ ਹੋਵੇਗੀ। ਦੁਪਹਿਰ 12 ਵਜੇ ਪੋਲੋ ਗਰਾਊਂਡ ਵਿਖੇ ਇੱਕ ਨਵੀਂ ਤੇ ਦਿਲਚਸਪ ਖੇਡ ਸਾਇਕਲ ਪੋਲੋ ਕਰਵਾਈ ਜਾਵੇਗੀ। ਇਸੇ ਦਿਨ ਸ਼ਾਮ ਨੂੰ 6.30 ਵਜੇ ਵਾਈ.ਪੀ.ਐਸ. ਸਟੇਡੀਅਮ ਵਿਖੇ ਪੌਪ ਗਾਇਕ ਐਮੀ ਵਿਰਕ ਅਤੇ ਜਸਬੀਰ ਜੱਸੀ ਵੱਲੋਂ ਪੌਪ ਗਾਇਕੀ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਸਮੂਹ ਪਟਿਆਲਾ ਨਿਵਾਸੀਆਂ ਅਤੇ ਸੰਗੀਤ ਅਤੇ ਕਲਾ ਪ੍ਰੇਮੀਆਂ ਨੂੰ ਇਸ ਦੌਰਾਨ ਹੁੰਮ ਹੁੰਮਾਂ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ।

