ਪੰਜਾਬਪਟਿਆਲਾ

ਵੋਟਰਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਤ ਕਰ ਗਈ ਮਿੰਨੀ ਮੈਰਾਥਨ ਦੌੜ

ਮਜਬੂਤ ਲੋਕਤੰਤਰ ਲਈ ਹਰ ਵੋਟਰ ਬਿਨ੍ਹਾਂ ਕਿਸੇ ਡਰ-ਭੈ ਅਤੇ ਲਾਲਚ ਤੋਂ ਬਗੈਰ ਵੋਟ ਪਾਵੇ– ਸ਼ੌਕਤ ਅਹਿਮਦ ਪਰੇ
ਲੜਕੇ ਤੇ ਲੜਕਿਆਂ ਲਈ ਕਰਵਾਈ ਵੱਖੋ-ਵੱਖਰੀ ਦੌੜ ‘ਚ ਹਰ ਉਮਰ ਵਰਗ ਦੇ ਨਾਗਰਿਕਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ
‘ਨਸ਼ੇ ਨਾਲ ਨਾ ਨੋਟਾਂ ਨਾਲ, ਦੇਸ਼ ਬਦਲੇਗਾ ਵੋਟਾਂ ਨਾਲ’, ‘ਪਟਿਆਲਾ ਜ਼ਿਲ੍ਹੇ ਦੀ ਇਹ ਪਹਿਚਾਣ 100 ਫੀਸਦੀ ਕਰੋ ਮਤਦਾਨ’ ਦਾ ਸੁਨੇਹਾ ਦੇ ਗਈ ਮੈਰਾਥਨ
ਪਟਿਆਲਾ, 31 ਮਾਰਚ (ਮਧੂਸਾਰ ਬਿਊਰੋ) ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਆਗਾਮੀ ਲੋਕ ਸਭਾ ਚੋਣਾਂ ‘ਚ ਹਰ ਨਾਗਰਿਕ ਨੂੰ ਆਪਣੀ ਵੋਟ ਪਾਉਣ ਲਈ ਜਾਗਰੂਕ ਕਰਨ ਅਤੇ ਇੱਕ ਸਿਹਤਮੰਦ ਜਿੰਦਗੀ ਜਿਉਣ ਦਾ ਸੁਨੇਹਾ ਦੇਣ ਲਈ ਕਰਵਾਈ ਗਈ ਮਿੰਨੀ ਮੈਰਾਥਨ ਦੌੜ ਵੋਟਰਾਂ ਨੂੰ 100 ਫੀਸਦੀ ਵੋਟਾਂ ਪਾਉਣ ਲਈ ਉਤਸ਼ਾਹਤ ਕਰ ਗਈ। ਸਵੀਪ ਪ੍ਰੋਗਰਾਮ ਤਹਿਤ ਨੇਪਰੇ ਚੜ੍ਹੀ 5 ਕਿਲੋਮੀਟਰ ਦੀ ਇਸ ਦੌੜ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ਕਾਲਜਾਂ ਦੇ ਛੋਟੇ-ਵੱਡੇ ਵਿਦਿਆਰਥੀਆਂ ਸਮੇਤ ਹਰ ਉਮਰ ਵਰਗ ਦੇ ਆਮ ਨਾਗਰਿਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੋਟਾਂ ਖ਼ੁਦ ਪਾਉਣ ਤੇ ਹੋਰਨਾਂ ਨੂੰ ਪ੍ਰੇਰਤ ਕਰਨ ਦਾ ਪ੍ਰਣ ਲਿਆ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਇੱਥੇ ਪੋਲੋ ਗਰਾਊਂਡ ਤੋਂ ਸ਼ੁਰੂ ਹੋਈ ਇਸ ਮਿੰਨੀ ਮੈਰਾਥਨ ਦੌੜ ਨੂੰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਯੂ.ਟੀ.) ਸ੍ਰੀ ਰਾਹੁਲ ਸਿੰਧੂ, ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰੁਦਲ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ, ਸਹਾਇਕ ਡਰਾਇਕਟਰ ਯੁਵਕ ਸੇਵਾਵਾਂ ਸ. ਮਲਕੀਅਤ ਸਿੰਘ ਮਾਨ, ਸਵੀਪ ਦੇ ਨੋਡਲ ਅਫ਼ਸਰ ਸ. ਗੁਰਬਖ਼ਸ਼ੀਸ਼ ਸਿੰਘ ਅੰਟਾਲ, ਅਥਲੈਟਿਕ ਕੋਚ ਸ. ਮਲਕੀਤ ਸਿੰਘ, ਇੰਸਪੈਕਰ ਕਰਨੈਲ ਸਿੰਘ ਵੀ ਮੌਜੂਦ ਸਨ।
ਪੋਲੋ ਗਰਾਊਂਡ ਤੋਂ ਸ਼ੁਰੂ ਹੋਈ ਲੜਕੇ ਅਤੇ ਲੜਕੀਆਂ ਲਈ ਵੱਖੋ-ਵੱਖਰੀ ਇਹ ਮੈਰਾਥਨ ਵਾਈ.ਪੀ.ਐਸ. ਚੌਂਕ ਤੋਂ ਹੁੰਦੀ ਹੋਈ ਐਨ.ਆਈ.ਐਸ., ਮੋਦੀ ਕਾਲਜ ਅਤੇ ਫੁਹਾਰਾ ਚੌਂਕ ਤੋਂ ਵਾਪਸ ਪੋਲੋ ਗਰਾਊਂਡ ਵਿਖੇ ਸਮਾਪਤ ਹੋਈ ਅਤੇ ਇਸ ‘ਚ 2000 ਦੇ ਕਰੀਬ ਵਿਦਿਆਰਥੀ ਤੇ ਆਮ ਨਾਗਰਿਕ ਸ਼ਾਮਲ ਹੋਏ। ਇਸ ਦੌਰਾਨ ਲੜਕੀਆਂ ਵਿੱਚੋਂ ਰੇਨੂ ਰਾਣੀ ਪਹਿਲੇ ਸਥਾਨ ‘ਤੇ ਜੋਤੀ ਦੂਜੇ ਅਤੇ ਨਵਜੋਤ ਕੌਰ ਤੀਜੇ ਸਥਾਨ ‘ਤੇ ਰਹੀ ਜਦੋਂ ਕਿ ਲੜਕਿਆਂ ਦੇ ਵਰਗ ਵਿੱਚੋਂ ਹਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਨਵਦੀਪ ਸਿੰਘ ਨੇ ਦੂਜਾ ਅਤੇ ਮਾਤਰੇਸ਼ ਨੇ ਤੀਜਾ ਸਥਾਨ ਹਾਸਲ ਕੀਤਾ।
‘ਨਸ਼ੇ ਨਾਲ ਨਾ ਨੋਟਾਂ ਨਾਲ, ਦੇਸ਼ ਬਦਲੇਗਾ ਵੋਟਾਂ ਨਾਲ’, ‘ਪਟਿਆਲਾ ਜ਼ਿਲ੍ਹੇ ਦੀ ਇਹ ਪਹਿਚਾਣ 100 ਫੀਸਦੀ ਕਰੋ ਮਤਦਾਨ’ ਦਾ ਸੁਨੇਹਾ ਦੇਣ ਲਈ ਕਰਵਾਈ ਇਸ ਮੈਰਾਥਨ ਮੌਕੇ ਸੰਬੋਧਨ ਕਰਦਿਆਂ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅਪੀਲ ਕੀਤੀ ਕਿ ਮਜ਼ਬੂਤ ਲੋਕਤੰਤਰ ਅਤੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਹਰ ਵੋਟਰ ਬਿਨ੍ਹਾਂ ਡਰ-ਭੈ ਅਤੇ ਨਸ਼ਿਆਂ ਤੇ ਪੈਸੇ ਆਦਿ ਦੇ ਬਗੈਰ ਕਿਸੇ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਕੇ।
ਸ੍ਰੀ ਪਰੇ ਨੇ ਕਿਹਾ ਕਿ ਦੇਸ਼, ਸਮਾਜ ਅਤੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਸਾਨੂੰ ਸਭ ਨੂੰ ਆਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਮਜਬੂਤ ਅਤੇ ਚੰਗੀ ਸਰਕਾਰ ਬਣ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਦੀਆਂ ਹਦਾਇਤਾਂ ਮੁਤਾਬਕ ਤੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਜ਼ਿਲ੍ਹਾ ਭਰ ‘ਚ ਸਵੀਪ ਪ੍ਰੋਗਰਾਮ ਤਹਿਤ ਹਰ ਪਿੰਡ ‘ਚ ਵੋਟਰਾਂ ਨੂੰ ਜਾਗਰੂਕ ਕਰਨ ਦੇ ਦੋ-ਦੋ ਸ਼ੈਸਨ ਹੋ ਚੁੱਕੇ ਹਨ ਅਤੇ ਵੋਟਾਂ ਪੈਣ ਤੱਕ ਜਾਰੀ ਰਹਿਣਗੇ। ਇਸ ਤੋਂ ਬਿਨ੍ਹਾਂ ਦਿਵਿਆਂਗਜਨ ਨੂੰ ਵੋਟਾਂ ਪਾਉਣ ਪ੍ਰਤੀ ਜਾਗਰੂਕ ਕਰਨ ਦਾ ਵੱਖਰਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਮੈਰਾਥਨ ‘ਚ ਪਿਛਲੇ ਕਰੀਬ 14 ਸਾਲਾਂ ਤੋਂ ਦੌੜ ਰਹੇ ਪਿੰਡ ਚਮਾਰਹੇੜੀ ਦੇ 74 ਸਾਲਾ ਮੁਖਤਿਆਰ ਸਿੰਘ ਤੇ ਪਿੰਡ ਕਮਾਲਪੁਰ ਦੇ 73 ਸਾਲਾ ਬਾਜ ਸਿੰਘ ਵਿਰਕ ਸਮੇਤ ਵੱਡੀ ਗਿਣਤੀ ‘ਚ 2-3 ਸਾਲ ਦੇ ਬੱਚਿਆਂ ਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆ ਨੇ ਹਿੱਸਾ ਲਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *