ਗੁਰਜੀਤ ਸਿੰਘ ਔਜਲਾ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਲੋਕ ਸਭਾ ਲਈ ਕਾਂਗਰਸੀ ਟਿਕਟ ਮਿਲਣ ਤੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ
ਗੁਰੂ ਦਰ ਤੇ ਆ ਕੇ ਲੋਕ ਸੇਵਾ ਕਰਨ ਦੀ ਮੰਗੀ ਮੁਰਾਦ- ਔਜਲਾ
ਅੰਮ੍ਰਿਤਸਰ 4 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵਲੋਂ ਦੁਬਾਰਾ ਟਿਕਟ ਮਿਲਣ ਤੇ ਗੁਰਜੀਤ ਸਿੰਘ ਔਜਲਾ ਪਰਿਵਾਰ ਸਮੇਤ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਏ।
ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਲਈ ਟਿਕਟ ਐਲਾਣੇ ਜਾਣ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਪੁੱਜੇ ਗੁਰਜੀਤ ਸਿੰਘ ਔਜਲਾ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਲਈ ਅਰਦਾਸ ਕੀਤੀ। ਸ. ਔਜਲਾ ਨੇ ਕਿਹਾ ਕਿ ਉਹ ਬਹੁਤ ਖੁਸ਼ਨਸੀਬ ਹਨ ਕਿ ਜਿੰਨਾਂ ਨੂੰ ਅੰਮ੍ਰਿਤਸਰ ਵਾਸੀਆਂ ਨੇ ਪਿਛਲੇ ਸਮੇਂ ਵਿੱਚ ਗੁਰੂ ਨਗਰੀ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ ਸੀ ਅਤੇ ਅੱਜ ਉਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਅਤੇ ਹਲਕਾ ਵਾਸੀਆਂ ਦੀ ਸੇਵਾ ਕਰਨ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਪੁੱਜੇ ਹਨ।ਇਕ ਨਿਮਾਣੇ ਸਿੱਖ ਵਜੋਂ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਸ. ਔਜਲਾ ਨੇ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਨੂੰ ਤਾਕਤ ਬਖਸ਼ੇ ਕਿ ਉਹ ਵਿਕਾਸ ਪੱਖੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਦੇਸ਼ ਦੀ ਪਹਿਲੀ ਕਤਾਰ ਦੇ ਸ਼ਹਿਰਾਂ ਵਿੱਚ ਖੜਾ ਕਰ ਸਕਣ। ਇਸ ਸਮੇਂ ਉਨ੍ਹਾਂ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਪਿਤਾ ਸ. ਸਰਬਜੀਤ ਸਿੰਘ ਔਜਲਾ, ਮਾਤਾ ਸਰਦਾਰਨੀ ਗੁਰਮੀਤ ਕੌਰ, ਸਰਦਾਰਨੀ ਜਗੀਰ ਕੌਰ ਮੀਰਾਂ ਕੋਟ, ਸੁਖਜਿੰਦਰ ਸਿੰਘ ਸੁੱਖ ਔਜਲਾ, ਸ਼੍ਰੀਮਤੀ ਹਰਜੋਤਬੀਰ ਕੌਰ ਔਜਲਾ, ਕੌਂਸਲਰ ਹਰਪਨ ਔਜਲਾ, ਮਨਪ੍ਰੀਤ ਸਿੰਘ ਭਿੱਟੇਵੱਡ, ਦਿਲ਼ਸ਼ਾਦ ਬੋਪਾਰਾਏ, ਸੰਨਪ੍ਰੀਤ ਸਿੰਘ ਔਜਲਾ, ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ, ਗੁਰਬਿੰਦਰ ਮਾਹਲ, ਅਮਰਿੰਦਰ ਸਿੰਘ, ਕੰਵਲਜੀਤ ਸਿੰਘ ਲਾਲੀ ਮੀਰਾਂਕੋਟ ਨੇ ਸ. ਔਜਲਾ ਨੂੰ ਟਿਕਟ ਮਿਲਣ ਦਾ ਸ਼ੁਕਰਾਨਾ ਅਤੇ ਜਿਤ ਲਈ ਅਰਦਾਸ ਕੀਤੀ।

