ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ ਵਿਸ਼ਵ ਸੰਗੀਤ ਦਿਵਸ
ਪਟਿਆਲਾ 22 ਜੂਨ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਸਗੀਤ (ਗਾਇਨ) ਵਿਭਾਗ ਵੱਲੋਂ ਅੱਜ ਮਿਤੀ 21 ਜੂਨ, 2019 ਨੂੰ ਵਿਸ਼ਵ ਸੰਗੀਤ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਸੰਗੀਤ ਇਕ ਅਜਿਹੀ ਸਾਧਨਾ ਹੈ ਜਿਸ ਨਾਲ ਅਸੀਂ ਆਪਣੇ ਤਨ, ਮਨ, ਅਤੇ ਆਤਮਾ ਨੂੰ ਸਾਧਦੇ ਹਾਂ ਅਤੇ ਗਿਆਨ ਹਾਸਲ ਕਰਦੇ ਹਾਂ, ਉਹ ਗਿਆਨ ਜੋ ਸਾਨੂੰ ਦੱਸਦਾ ਹੈ ਕਿ ਕੀ ਹੋ ਰਿਹਾ ਹੈ ਅਤੇ ਕੀ ਕਰਨ ਦੀ ਲੋੜ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਗੁਰੂਆਂ, ਰਿਸ਼ੀਆਂ ਅਤੇ ਮੁਨੀਆਂ ਨੇ ਆਪਣਾ ਗਿਆਨ ਅਤੇ ਸੰਦੇਸ਼ ਸੰਗੀਤ ਰਾਹੀਂ ਹੀ ਸਾਡੇ ਤੱਕ ਪਹੁੰਚਾਇਆ ਹੈ। ਪੰਜਾਬ ਦੀ ਧਰਤੀ ਦੀ ਸੰਗੀਤ ਨੂੰ ਮਹਾਨ ਦੇਣ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਸਾਨੂੰ ਰਲ ਕੇ ਉੱਦਮ ਕਰਨ ਦੀ ਜ਼ਰੂਰਤ ਹੈ।
ਡਾ. ਜਗਜੀਤ ਸਿੰਘ, ਮੁਖੀ, ਪੋਸਟ ਗ੍ਰੈਜੂਏਟ ਸਗੀਤ (ਗਾਇਨ) ਵਿਭਾਗ ਨੇ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਆਖਦੇ ਹੋਏ ਵਿਸ਼ਵ ਸੰਗੀਤ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ। ਡਾ. ਗੁਰਸ਼ਰਨ ਸਿੰਘ ਗਿੱਲ, ਮੁਖੀ, ਸਰੀਰਿਕ ਸਿੱਖਿਆ ਵਿਭਾਗ ਨੇ ਕਿਹਾ ਕਿ ਸੰਗੀਤ, ਯੋਗ ਅਤੇ ਸਰੀਰਿਕ ਕਸਰਤ ਦੀ ਸਹਾਇਤਾ ਨਾਲ ਅਸੀਂ ਆਪਣੇ ਤਨ ਅਤੇ ਮਨ ਨੂੰ ਨਰੋਆ ਰੱਖ ਸਕਦੇ ਹਾਂ। ਡਾ. ਗੌਰੀ ਖੰਨਾ ਅਤੇ ਸ. ਕੁੰਵਰਪ੍ਰੀਤ ਸਿੰਘ ਨੇ ਆਪਣੀਆਂ ਗਜ਼ਲਾਂ ਨਾਲ ਸਰੋਤਿਆਂ ਦੇ ਰੂ-ਬ-ਰੂ ਹੋ ਕੇ ਸੰਗੀਤਮਈ ਮਾਹੌਲ ਨੂੰ ਰੌਸ਼ਨ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਗਜ਼ਲ ਗਾਇਕਾਂ ਅਤੇ ਸਾਜੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਵਿੰਦਰ ਕੌਰ, ਡੀਨ, ਸੱਭਿਆਚਾਰਕ ਸਰਗਰਮੀਆਂ, ਕਾਲਜ ਸਟਾਫ ਅਤੇ ਵਿਦਿਅਰਥੀ ਵੀ ਹਾਜ਼ਰ ਸਨ।

