ਭਗਤ ਰਵੀਦਾਸ ਮੰਦਰ ਨੂੰ ਢਾਹੇ ਜਾਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ:ਬਾਬਾ ਬਲਬੀਰ ਸਿੰਘ
ਮੰਦਰ ਦੀ ਮੁੜ ਤੁਰੰਤ ਉਸਾਰੀ ਹੋਵੇ:
ਅੰਮ੍ਰਿਤਸਰ 14 ਅਗਸਤ (ਸੋਨੂੰ ਨਰੂਲਾ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਕਿਸੇ ਧਾਰਮਿਕ ਅਸਥਾਨ ਨੂੰ ਢਾਉਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਠਹਿਰਾਇਆ ਜਾ ਸਕਦਾ।ਦਿੱਲੀ ਦੇ ਤੁਗਲਕਾਬਾਦ ਖੇਤਰ ਵਿਚ ਭਗਤ ਰਵੀਦਾਸ ਦਾ ਪੁਰਾਤਨ ਮੰਦਰ ਨੂੰ ਢਾਹੇ ਜਾਣਾ ਬੇਹੱਦ ਅਫਸੋਸਨਾਕ ਤੇ ਨਿੰਦਣਯੋਗ ਹੈ।
ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਰਤ ਬਹੁਧਰਮੀ ਦੇਸ਼ ਹੈ, ਹਰ ਸਭਿਆਚਾਰ ਨਾਲ ਸਬੰਧਤ ਲੋਕ ਏਥੇ ਵਸਦੇ ਹਨ।ਸਰਕਾਰਾਂ ਦਾ ਮੁਢਲਾ ਫਰਜ਼ ਹੈ ਕਿ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਤੇ ਹਮਦਰਦੀ ਦੇਵੇਂ ਨਾ ਕਿ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਹਿਢੇਰੀ ਕਰ ਦੇਵੇ।ਉਨ੍ਹਾਂ ਕਿਹਾ ਕਿ ਪਹਿਲਾਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੇ ਹਮਲੇ ਕੀਤੇ ਗਏ ਤੇ ਹੁਣ ਅਜਿਹੇ ਅਸਥਾਨਾਂ ਤੇ ਵੀ ਹਮਲੇ ਹੋ ਰਹੇ ਹਨ ਜਿਨ੍ਹਾਂ ਤੇ ਲੱਖਾਂ ਲੋਕਾਂ ਦੀ ਆਸਥਾ ਟਿਕੀ ਹੋਈ ਹੈ।ਸਰਕਾਰ ਬਿਨ੍ਹਾਂ ਕਿਸੇ ਦੇਰੀ ਆਪਣੀ ਭੁਲ ਬਖਸ਼ਾਉਦੀ ਹੋਈ ਮੰਦਰ ਦੀ ਉਸਾਰੀ ਤੁਰੰਤ ਕਰਵਾਏ।

