ਦੇਸ਼-ਵਿਦੇਸ਼ਪੰਜਾਬ

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਬਾਦਸ਼ਾਹਪੁਰ ਤੇ ਹਰਚੰਦਪੁਰਾ ਦਾ ਦੌਰਾ

ਘੱਗਰ ‘ਚ ਵਧੇ ਪਾਣੀ ਦੀ ਸਥਿਤੀ ਦਾ ਲਿਆ ਜਾਇਜ਼ਾ
ਡੀ.ਸੀ. ਵੱਲੋਂ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ
ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ-ਐਸ.ਐਸ.ਪੀ.
ਬਾਦਸ਼ਾਹਪੁਰ/ਪਟਿਆਲਾ, 21 ਅਗਸਤ (ਮਧੂਸਾਰ ਬਿਊਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਘੱਗਰ ‘ਚ ਵਧੇ ਪਾਣੀ ਦਾ ਜਾਇਜ਼ਾ ਲੈਣ ਲਈ ਹਲਕਾ ਸ਼ੁਤਰਾਣਾ ਦੇ ਪਿੰਡਾਂ ਬਾਦਸ਼ਾਹਪੁਰ ਅਤੇ ਹਰਚੰਦਪੁਰਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਪਾਤੜਾਂ ਮਿਸ ਇਨਾਇਤ ਗੁਪਤਾ ਅਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਰਮਨਦੀਪ ਸਿੰਘ ਬੈਂਸ ਤੇ ਹੋਰ ਅਧਿਕਾਰੀ ਮੌਜੂਦ ਸਨ।

ਪਿੰਡ ਹਰਚੰਦਪੁਰਾ ਅਤੇ ਬਾਦਸ਼ਾਹਪੁਰ ਵਿਖੇ ਘੱਗਰ ‘ਚ ਵਹਿ ਰਹੇ ਪਾਣੀ ਦਾ ਜਾਇਜ਼ਾ ਲੈਣ ਸਮੇਂ ਸ੍ਰੀ ਕੁਮਾਰ ਅਮਿਤ ਅਤੇ ਸ. ਮਨਦੀਪ ਸਿੰਘ ਸਿੱਧੂ ਨੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਵਚਨਬੱਧ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਟਾਂਗਰੀ ਤੇ ਮਾਰਕੰਡਾ ਨਦੀਆਂ ‘ਚ ਵੱਧ ਪਾਣੀ ਆਉਣ ਕਰਕੇ ਹੀ ਘੱਗਰ ‘ਚ ਪਾਣੀ ਦਾ ਪੱਧਰ ਵਧਿਆ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਪਾਣੀ ਦੇ ਵਹਾਅ ‘ਤੇ ਨਜ਼ਰ ਰੱਖਦਿਆਂ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ।
ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਪਲ-ਪਲ ਦੀ ਖ਼ਬਰ ਲੈ ਰਹੇ ਹਨ ਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਕਿਸੇ ਤਰ੍ਹਾਂ ਦੀ ਚਿੰਤਾਂ ਨਾ ਕਰਨ ਅਤੇ ਪਾਣੀ ਆਉਣ ਬਾਰੇ ਜਾਣਕਾਰੀ ਤੁਰੰਤ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਦਿੱਤੀ ਜਾਵੇ। ਐਸ.ਐਸ.ਪੀ. ਸ. ਸਿੱਧੂ ਨੇ ਅਪੀਲ ਕੀਤੀ ਕਿ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।
ਡਿਪਟੀ ਕਮਿਸ਼ਨਰ ਨੇ ਸਥਾਨਕ ਲੋਕਾਂ ਦੀ ਮੰਗ ‘ਤੇ ਜਲ ਨਿਕਾਸ ਵਿਭਾਗ ਨੂੰ ਚੌਕਸ ਕਰਦਿਆਂ ਹਦਾਇਤ ਕੀਤੀ ਪਾਣੀ ਘੱਟਣ ‘ਤੇ ਘੱਗਰ ਦੇ ਵੱਖ-ਵੱਖ ਪੁਲਾਂ ਹੇਠੋਂ ਮਿੱਟੀ ਕੱਢਕੇ ਬੈਡ ਬਾਰ ਲਗਾਏ ਜਾਣ, ਵਹਿਣ ਦੀਆਂ ਰੁਕਾਵਟਾਂ ਦੂਰ ਕਰਕੇ ਬੰਨ੍ਹ ਹੋਰ ਮਜ਼ਬੂਤ ਕੀਤੇ ਜਾਣ ਅਤੇ ਪਾਣੀ ਕਰਕੇ ਸੜਕਾਂ ਦੀਆਂ ਬਰਮਾਂ ਨੂੰ ਖੁਰਨ ਤੋਂ ਬਚਾਇਆ ਜਾਵੇ।
ਲੋਕਾਂ ਵੱਲੋਂ ਘੱਗਰ ਨੂੰ ਹੋਰ ਚੌੜਾ ਤੇ ਡੂੰਘਾ ਕਰਨ ਦੀ ਮੰਗ ‘ਤੇ ਵੀ ਸ੍ਰੀ ਕੁਮਾਰ ਅਮਿਤ ਨੇ ਵਿਭਾਗੀ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਹਦਾਇਤ ਕੀਤੀ ਕਿ ਜਿੱਥੇ ਕਿਤੇ ਪਾਣੀ ਉਛਲਣ ਦਾ ਖ਼ਤਰਾ ਹੈ, ਉਥੇ ਤੁਰੰਤ ਮਿੱਟੀ ਨਾਲ ਭਰੇ ਥੈਲੇ ਲਗਾਏ ਜਾਣ। ਇਸ ਦੌਰਾਨ ਡੀ.ਐਸ.ਪੀ. ਪਾਤੜਾਂ ਸ. ਸੁਖਅੰਮ੍ਰਿਤ ਸਿੰਘ ਰੰਧਾਵਾ, ਐਸ.ਡੀ.ਓ. ਸ. ਨਿਰਮਲ ਸਿੰਘ, ਜੇ.ਈ. ਸ. ਜਸਪਾਲ ਸਿੰਘ ਸਮੇਤ ਪਿੰਡਾਂ ਦੇ ਵਸਨੀਕ ਵੀ ਮੌਜੂਦ ਸਨ।

Leave a Reply

Your email address will not be published. Required fields are marked *