ਪੰਜਾਬਪਟਿਆਲਾ

1 ਕਰੋੜ 76 ਲੱਖ ਦੀ ਲਾਗਤ ਨਾਲ ਸਰਹਿੰਦ ਚੋਅ ਦੇ ਨਾਲ-ਨਾਲ ਸੜਕ ਬਣਾ ਕੇ ਲੋਕਾਂ ਲਈ ਬਣਾਈ ਜਾਵੇਗੀ ਸੈਰਗਾਹ : ਨਾਗਰਾ

ਫ਼ਤਹਿਗੜ੍ਹ ਸਾਹਿਬ 3 ਸਤੰਬਰ (ਹਰਪ੍ਰੀਤ ਸਿੰਘ) ਸਰਹਿੰਦ ਚੋਅ ਦੇ ਨਾਲ-ਨਾਲ 1 ਕਰੋੜ 76 ਲੱਖ ਦੀ ਲਾਗਤ ਨਾਲ 1.96 ਕਿਲੋਮੀਟਰ ਸੜਕ ਬਣਾ ਕੇ ਇਸ ਨੂੰ ਲੋਕਾਂ ਲਈ ਸੈਰਗਾਹ ਦੇ ਤੌਰ ‘ਤੇ ਵਿਕਸਤ ਕੀਤਾ ਜਾਵੇਗਾ ਜਿਸ ਨਾਲ ਸਰਹਿੰਦ ਸ਼ਹਿਰ ਦੀ ਦਿੱਖ ਹੋਰ ਵੀ ਸੁੰਦਰ ਬਣ ਜਾਵੇਗੀ। ਇਸ ਗੱਲ ਦੀ ਜਾਣਕਾਰੀ ਸਥਾਨਕ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹਾ ਪਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਵਿਧਾਇਕ ਨੇ ਕਿਹਾ ਕਿ ਇਹ ਸੜਕ ਡੀ.ਸੀ. ਦਫ਼ਤਰ ਦੇ ਸਾਹਮਣੇ ਤੋਂ ਹੁੰਦੀ ਹੋਈ ਦਸ਼ਨਾਮੀ ਅਖਾੜੇ ਤੱਕ ਪੁੱਜੇਗੀ ਅਤੇ ਉਥੋਂ ਇਹ ਡਿਫੈਂਸ ਬੰਧ ਨਾਲ ਜੁੜੇਗੀ ਜਿਸ ਨਾਲ ਆਮ ਲੋਕਾਂ ਵਿਸ਼ੇਸ਼ ਤੌਰ ‘ਤੇ ਸ਼ਹੀਦੀ ਸਭਾ ‘ਤੇ ਆਉਣ ਵਾਲੀਆਂ ਸੰਗਤਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਕੰਮ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਇਸ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੜਕ ਬਣਾਉਣ ਤੋਂ ਇਲਾਵਾ ਇਸ ਦੇ ਦੋਵੇਂ ਪਾਸ ਜੰਗਲਾਤ ਵਿਭਾਗ ਵੱਲੋਂ ਫਲਦਾਰ ਤੇ ਛਾਂਦਾਰ ਬੂਟੇ ਵੀ ਲਗਾਏ ਜਾਣਗੇ ਤੇ ਲੋਕਾਂ ਦੇ ਬੈਠਣ ਅਤੇ ਘੁੰਮਣ ਫਿਰਨ ਲਈ ਇਹ ਜਗ੍ਹਾਂ ਇੱਕ ਵਧੀਆ ਸੈਰਗਾਹ ਵਜੋਂ ਵਿਕਸਤ ਕੀਤੀ ਜਾਵੇਗੀ।
ਵਿਧਾਇਕ ਨਾਗਰਾ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਪੁਰਾਤਨ ਸ਼ੇਰ ਸ਼ਾਹ ਸੂਰੀ ਮਾਰਗ ਨੂੰ ਵੀ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਕੰਮ ਲਈ ਜੋਤੀ ਸਰੂਪ ਮੋੜ ਤੋਂ ਮੰਡੋਫਲ, ਰਸੀਦਪੁਰ, ਬੋਰਾਂ ਤੋਂ ਹੰਸਾਲੀ ਬਾਜੀਗਰ ਬਸਤੀ ਤੱਕ ਦੇ 1100 ਮੀਟਰ ਰਸਤੇ ‘ਤੇ ਵੀ ਵਧੀਆ ਕਿਸਮ ਦੇ ਫੁਲਦਾਰ ਤੇ ਛਾਂਦਾਰ ਬੂਟੇ ਲਗਾਏ ਜਾਣਗੇ ਜਿਸ ਨੂੰ ਕਿ ਪਿੰਡਾਂ ਦੇ ਨੌਜਵਾਨ ਟਰੈਕ ਦੇ ਤੌਰ ‘ਤੇ ਵੀ ਵਰਤ ਸਕਣਗੇ। ਉਨ੍ਹਾਂ ਕਿਹਾ ਕਿ ਇਸ ਪੁਰਾਤਨ ਮਾਰਗ ਦਾ ਸੁੰਦਰੀਕਰਨ ਜਿਥੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ ਉਥੇ ਹੀ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮਾਰਗ ‘ਤੇ ਮਗਨਰੇਗਾ ਅਧੀਨ ਬੂਟੇ ਲਗਾ ਕੇ ਬੂਟਿਆਂ ਦੀ ਸਾਂਭ ਸੰਭਾਲ ਲਈ ਮਗਨਰੇਗਾ ਕਾਮਿਆਂ ਦੀ ਡਿਊਟੀ ਲਗਾਈ ਜਾਵੇਗੀ ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਨੂੰ ਛੇਤੀ ਸ਼ੁਰੂ ਕੀਤਾ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਇਹ ਕੰਮ ਸ਼ਹੀਦੀ ਸਭਾ ਤੋਂ ਪਹਿਲਾਂ-ਪਹਿਲਾਂ ਮੁਕੰਮਲ ਹੋ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਮਾਰਗਾਂ ‘ਤੇ ਹੈਵੀ ਵਾਹਨ ਚੱਲਣ ਦੀ ਮਨਾਹੀਂ ਹੋਵੇਗੀ ਅਤੇ ਕੇਵਲ ਛੋਟੇ ਵਾਹਨ ਹੀ ਚੱਲ ਸਕਣਗੇ।
ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਸਰਹਿੰਦ ਤੇ ਫ਼ਤਹਿਗੜ੍ਹ ਸਾਹਿਬ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲੱਗ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਰਵਾਏ ਜਾਣ ਵਾਲੇ ਕੰਮ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਕੰਮ ਦੀ ਗੁਣਵੱਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਜਗਵਿੰਦਰਜੀਤ ਸਿੰਘ ਸੰਧੂ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ. ਬਲਵਿੰਦਰ ਸਿੰਘ, ਐਸ.ਡੀ.ਓ. ਮਨਦੀਪ ਸਿੰਘ, ਤਹਿਸੀਲਦਾਰ ਫਤਹਿਗੜ੍ਹ ਸਾਹਿਬ ਗੁਰਜਿੰਦਰ ਸਿੰਘ, ਡਰੇਨਜ ਵਿਭਾਗ ਦੇ ਰਮਨਦੀਪ ਸਿੰਘ ਬੈਂਸ, ਅਮਨਦੀਪ ਸਿੰਘ ਰੇਂਜ ਅਫਸਰ ਜੰਗਲਾਤ ਵਿਭਾਗ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਹਰਕੰਵਲਜੀਤ ਸਿੰਘ, ਅਮਨਪ੍ਰੀਤ ਕੌਰ ਬਾਗਬਾਨੀ ਵਿਕਾਸ ਅਫਸਰ ਅਤੇ ਮੋਹਨਪਾਲ ਸਿੰਘ ਜੇ.ਈ. ਨਗਰ ਕੌਂਸਲ ਸਰਹਿੰਦ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *