ਟੀ.ਬੀ ਦੇ ਖਾਤਮੇ ਲਈ ਐਕਟਿਵ ਕੇਸ ਫਾਈਡਿੰਗ ਪ੍ਰੋਗਰਾਮ ਦੀ ਸ਼ੁਰੂਆਤ
ਸਲੱਮ ਬਸਤੀਆਂ ਵਿੱਚ ਘਰ-ਘਰ ਸਰਵੇ ਲਈ ਟੀਮਾਂ ਨੂੰ ਕੀਤਾ ਰਵਾਨਾਂ
ਪਟਿਆਲਾ 3 ਸਤੰਬਰ (ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਨੂੰ 2025 ਤੱਕ ਟੀ.ਬੀ ਤੋਂ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਟੇਟ ਟੀ.ਬੀ ਸੈੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ 3 ਸਤੰਬਰ ਤੋਂ 14 ਸਤੰਬਰ ਤੱਕ ਐਕਟਿਵ ਕੇਸ ਫਾਈਡਿੰਗ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋਂ ਸਿੱਕਲੀਗਰ ਬਸਤੀ ਵਿਖੇ ਟੀਮਾਂ ਨੂੰ ਘਰ-ਘਰ ਟੀ.ਬੀ ਦੇ ਸਰਵੇ ਲਈ ਰਵਾਨਾਂ ਕਰਕੇ ਕੀਤੀ।
ਉਨ੍ਹਾਂ ਦੱਸਿਆ ਕਿ 14 ਸਤੰਬਰ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਲਈ ਸ਼ਹਿਰ ਦੀਆਂ ਸਲੱਮ ਅਤੇ ਲੇਬਰ ਕਲੋਨੀਆਂ ਨੂੰ ਚੁਣਿਆ ਗਿਆ ਹੈ, ਜਿੱਥੇ ਕਿ ਟੀ.ਬੀ ਪ੍ਰੋਗਰਾਮ ਅਧੀਨ ਕੰਮ ਕਰਦੇ ਸਟਾਫ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਟੀ.ਬੀ ਬਾਰੇ ਜਾਗਰੂਕ ਕਰਨ ਦੇ ਨਾਲ ਟੀ.ਬੀ ਦੇ ਲੱਛਣਾਂ ਵਾਲੇ ਮਰੀਜ਼ਾਂ ਦੇ ਬਲਗਮ ਦੇ ਸੈਂਪਲ ਲੈ ਕੇ ਜਲਦ ਜਾਂਚ ਕਰਵਾਉਣਗੇ। ਜਿਲ੍ਹਾ ਟੀ.ਬੀ ਅਫਸਰ ਡਾ. ਨਾਗਰਾ ਨੇ ਦੱਸਿਆ ਕਿ ਬਨਾਈਆਂ ਗਈਆਂ 43 ਟੀਮਾਂ ਵੱਲੋਂ ਸ਼ਹਿਰ ਦੀਆਂ ਸਲੱਮ ਬਸਤੀਆਂ ਦੇ ਲਗਭਗ 39000 ਘਰਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਇਸ ਗਤੀਵਿਧੀ ਦਾ ਮੁੱਖ ਉਦੇਸ਼ ਟੀ.ਬੀ ਦੀ ਬਿਮਾਰੀ ਨੂੰ ਛੇਤੀ ਤੋਂਂ ਛੇਤੀ ਲੱਭ ਕੇ ਜਲਦ ਇਲਾਜ਼ ਕਰਨਾ ਹੋਵੇਗਾ। ਟੀਮਾਂ ਦੀ ਰਵਾਣਗੀ ਮੌਕੇ ਉਨ੍ਹਾਂ ਨਾਲ ਆਰ.ਐਨ.ਟੀ.ਸੀ.ਪੀ. ਦਾ ਸਟਾਫ, ਏ.ਐਨ.ਐਮ ਅਤੇ ਆਸ਼ਾ ਹਾਜ਼ਰ ਸਨ।

