ਭੀਖ ਮੰਗ ਕੇ ਸੀ.ਐਮ. ਕੈਪਟਨ ਨੂੰ ਭੇਜੇ 917 ਰੁਪਏ..!
ਸਰਕਾਰ ਦੇ ਖਜ਼ਾਨਾ ਭਰਨ ਲਈ ਭੀਖ ਮੰਗ ਕੇ ਪ੍ਰਗਟਾਇਆ ਰੋਸ ਮਾਰਚ
ਜਾਨ ਦੇ ਦਿਆਂਗਾ ਸੰਘਰਸ਼ ਨਹੀਂ ਛੱਡਾਂਗੇ : ਡੀਪੀਈ ਯੂਨੀਅਨ ਆਗੂ
ਪਟਿਆਲਾ 19 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਬੇਰਜ਼ਗਾਰ ਡੀਪੀਈ ਯੂਨੀਅਨ ਵੱਲੋਂ ਸੀ.ਐਮ. ਸਿਟੀ ਦੀ ਡੀਐਲਐਫ ਕਾਲੋਨੀ ਦੀ ਟੈਂਕੀ ‘ਤੇ ਚੜ੍ਹਕੇ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਡੀਪੀਈ ਯੂਨੀਅਨ ਨੇ ਅੱਜ ਸ਼ਹਿਰ ‘ਚ ਰੋਸ ਪ੍ਰਗਟ ਕਰਦਿਆਂ ਭੀਖ ਮੰਗੀ ਅਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਡੀਪੀਈ ਯੂਨੀਅਨ ਦਾ ਚੱਲ ਰਿਹਾ ਸੰਘਰਸ਼ ਅੱਜ ਪੰਜਵੇਂ ਦਿਨ ‘ਚ ਦਾਖਲ ਚੁੱਕਿਆ, ਪਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਨੁਮਾਇੰਦਾ ਧਰਨਾ ਸਥਾਨ ‘ਤੇ ਨਹੀਂ ਪੁੱਜਿਆ। ਡੀਪੀਆਈ ਆਗੂਆਂ ਨੇ ਕਿਹਾ ਕਿ ਅੱਜ ਸ਼ਹਿਰ ‘ਚ ਭੀਖ ਮੰਗਕੇ ਰੋਸ ਪ੍ਰਗਟ ਕਰਨ ਦਾ ਮਕਸਦ ਇਹੋ ਹੈ ਕਿ ਅਕਸਰ ਹੀ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਢਿਡੋਰਾ ਪਿੱਟਦੀ ਹੈ, ਪਰ ਯੂਨੀਅਨ ਨੇ ਫੈਸਲਾ ਕੀਤਾ ਕਿ ਅਸੀਂ ਭੀਖ ਮੰਗ ਕੇ ਸਰਕਾਰ ਦਾ ਖਾਲੀ ਹੋਇਆ ਖਜ਼ਾਨਾ ਤਾਂ ਭਰ ਦਿਆਂਗਾ, ਪਰ ਸਰਕਾਰ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰ ਲਵੇ।
ਉਨ੍ਹਾਂ ਕਿਹਾ ਕਿ ਅੱਜ ਲੋਕਾਂ ਤੋਂ ਇਕੱਠੀ ਕੀਤੀ ਭੀਖ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਂ ‘ਤੇ ਡਾਕ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡਾ ਸੰਘਰਸ਼ ਜਾਰੀ ਰਹੇਗਾ। ਯੂਨੀਅਨ ਦੇ ਵੱਖ ਵੱਖ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ ਟੈਂਕੀ ‘ਤੇ ਚੜ੍ਹਕੇ ਕਈ ਸੰਘਰਸ਼ੀ ਆਵਾਜ਼ ਤਾਂ ਬੁਲੰਦ ਕਰ ਰਹੇ, ਪਰ ਅੱਜ ਪੰਜਵੇਂ ਦਿਨ ਵੀ ਸਰਕਾਰ ਤੇ ਪ੍ਰਸ਼ਾਸਨ ਦੇ ਕਿਸੇ ਵੀ ਵਿਅਕਤੀ ਨੇ ਸਾਡੇ ਕੋਲ ਪਹੁੰਚ ਨਹੀਂ ਕੀਤੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਆਉਣ ਵਾਲੇ ਦਿਨਾਂ ‘ਚ ਸਰਕਾਰ ਜਾਂ ਪ੍ਰਸ਼ਾਸਨ ਨੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ਆਪਣੀ ਜਾਨ ਵੀ ਦੇ ਸਕਦੇ ਹਨ।

