ਪਟਿਆਲਾ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰੋਜ਼ਗਾਰ ਮੇਲਿਆਂ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਪਟਿਆਲਾ, 10 ਸਤੰਬਰ (ਮਧੂਸਾਰ ਬਿਊਰੋ) ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਾਸਤੇ ਜ਼ਿਲ੍ਹੇ ਵਿੱਚ 19 ਸਤੰਬਰ ਤੋਂ ਲਾਏ ਜਾ ਰਹੇ ਰੁਜ਼ਗਾਰ ਮੇਲਿਆਂ ਬਾਰੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਗਰੂਕ ਕਰ ਕੇ ਇਨ੍ਹਾਂ ਮੇਲਿਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਇਨ੍ਹਾਂ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਯੂਥ ਕਲੱਬਾਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਕਾਲਜਾਂ, ਬਹੁ-ਤਕਨੀਕੀ ਕਾਲਜਾਂ, ਪ੍ਰਾਈਵੇਟ ਅਤੇ ਆਈ.ਟੀ.ਆਈਜ਼ ਦੇ ਨੁਮਾਇੰਦੇ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਲਜਾ, ਆਈ.ਟੀ.ਆਈਜ਼, ਬਹੁ-ਤਕਨੀਕੀ ਕਾਲਜ ਸਮੇਤ ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਕਈ ਨਾਮਵਰ ਕੰਪਨੀਆਂ ਸਮੇਤ ਵੱਖ ਵੱਖ ਕੰਪਨੀਆਂ 13 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕੇ ਲੈ ਕੇ ਸ਼ਾਮਲ ਹੋਣਗੀਆਂ। ਇਸ ਦੇ ਨਾਲ ਨਾਲ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਘੱਟ ਵਿਆਜ ਦਰ ‘ਤੇ ਕਰਜ਼ੇ ਵੀ ਮੁਹੱਈਆ ਕਰਵਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਗਾਰ ਮੇਲਿਆਂ ਸਬੰਧੀ ਆਪਣੇ-ਆਪਣੇ ਵਿਦਿਅਕ ਅਦਾਰੇ ਵਿਚ ਪਟਿਆਲਾ ਜ਼ਿਲ੍ਹੇ ਵਿਚ ਲੱਗਣ ਵਾਲੇ ਰੋਜ਼ਗਾਰ ਮੇਲਿਆ ਸਬੰਧੀ ਨੋਟਿਸ ਬੋਰਡ ‘ਤੇ ਲਗਾਇਆ ਜਾਵੇ ਅਤੇ ਕਲਾਸਾ ਵਿਚ ਵੀ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਾਲਜਾਂ ਵਿਚ ਪੜ੍ਹੇ ਪੁਰਾਣੇ ਵਿਦਿਆਰਥੀਆਂ ਨੂੰ ਵੀ ਰੋਜ਼ਗਾਰ ਮੇਲਿਆਂ ਸਬੰਧੀ ਜਾਣਕਾਰੀ ਪਹੁੰਚਾਈ ਜਾਵੇ ਤਾਂ ਜੋ ਉਹ ਵੀ ਰੋਜ਼ਗਾਰ ਦੇ ਇਨ੍ਹਾਂ ਮੌਕਿਆਂ ਦਾ ਲਾਭ ਉਠ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਇੰਟਰਵਿਊ ਦੀ ਤਿਆਰੀ ਲਈ ਸਾਫਟ ਸਕਿਲ ਦੀਆਂ ਕਲਾਸਾਂ ਮੁਫ਼ਤ ਲਗਾਈਆਂ ਜਾਂਦੀ ਹਨ ਇਸ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਰੋਜ਼ਗਾਰ ਉਤਪਤੀ ਅਤੇ ਟਰੇਨਿੰਗ ਅਫ਼ਸਰ ਸ੍ਰੀਮਤੀ ਸਿੰਪੀ ਸਿੰਗਲਾ, ਸ੍ਰੀਮਤੀ ਸੁਖਅਮਨ ਬਾਠ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਨੁਮਾਇੰਦੇ ਮੌਜੂਦ ਸਨ।

Leave a Reply

Your email address will not be published. Required fields are marked *