ਪੰਜਾਬਪਟਿਆਲਾ

ਮਹਾਰਾਜਾ ਅਗਰਸੈਨ ਚੇਅਰ ਸਥਾਪਿਤ ਕਰਨ ਦਾ ਸੁਪਨਾ ਕਾਂਗਰਸ ਸਰਕਾਰ ਨੇ ਕੀਤਾ ਪੂਰਾ : ਪ੍ਰਨੀਤ ਕੌਰ

ਪਟਿਆਲਾ 29 ਸਤੰਬਰ (ਮਧੂਸਾਰ ਬਿਊਰੋ) ਸਹਿਯੋਗ ਅੰਦੋਲਨ ਦੇ ਬਾਨੀ ਮਹਾਰਾਜਾ ਅਗਰਸੈਨ ਨੂੰ ਉਹਨਾਂ ਦੇ ਜਨਮ ਦਿਨ ਤੇ ਯਾਦ ਕਰਦਿਆਂ ਪੰਜਾਬੀ ਯੂਨੀਵਰਸਿਟੀ ਵਿਖੇ ਸਮਾਰੋਹ ਦਾ ਅਯੋਜਨ ਮਹਾਰਾਜਾ ਅਗਰਸੈਨ ਚੇਅਰ ਵੱਲੋਂ ਕੀਤਾ ਗਿਆ। ਸਹਿਯੋਗ ਅੰਦੋਲਨ ਮਹਾਰਾਜਾ ਅਗਰਸੈਨ ਨੇ ਸਮਾਜ ਵਿੱਚ ਸਮਾਨਤਾ ਲਿਆਉਣ ਲਈ ਕਰੀਬ ਪੰਜ ਹਜਾਰ ਸਾਲ ਪਹਿਲਾਂ ਚਲਾਇਆ ਸੀ।ਉਹਨਾਂ ਦੇ ਜਨਮ ਦਿਨ ਤੇ ਮੈਂਬਰ ਲੋਕ ਸਭਾ ਪਰਨੀਤ ਕੌਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਮੌਜੁਦਾ ਭਾਰਤ ਵਿੱਚ ਧਰਮ ਨਿਰਪੱਖ ਨੀਤੀ ਲਈ ਮਹਾਰਾਜਾ ਅਗਰਸੈਨ ਦੀ ਇਸ ਮਹਾਨ ਵਿਰਾਸਤ ਨੂੰ ਯਾਦ ਕਰਦਿਆਂ ਉਹਨਾਂ ਦੀ ਪ੍ਰਸੰਸਾ ਕੀਤੀ।

ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਉੱਚ ਅਤੇ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਨ ਅਤੇ ਉਹਨਾਂ ਵੱਲੋਂ ਸਮਾਜ ਨੂੰ ਦਿੱਤੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਸਮਾਰੋਹ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦੇ ਹਨ।ਉਹਨਾ ਕਿਹਾ ਕਿ ਇਸ ਚੇਅਰ ਨੂੰ ਯੂਨੀਵਰਸਿਟੀ ਵਿਖੇ ਸਥਾਪਿਤ ਕਰਨ ਸਬੰਧੀ ਉਹਨਾਂ ਨੇ ਤੱਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪੱਤਰ ਵੀ ਲਿਖਿਆ ਸੀ ਪਰੰਤੂ ਇਹ ਕਾਰਜ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਪੂਰਾ ਹੋ ਸਕਿਆ ਹੈ।ਉਹਨਾਂ ਦੱਸਿਆ ਕਿ ਇਸ ਚੇਅਰ ਦੀ ਸਥਾਪਤੀ ਲਈ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਅਧੀਨ 7 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਸੀ।ਪਰਨੀਤ ਕੌਰ ਨੇ ਕਿਹਾ ਕਿ ਅਗਰਵਾਲ ਭਾਈਚਾਰੇ ਨੂੰ ਸਿਰਫ ਕਾਰੋਬਾਰ ਨਾਲ ਜੁੜੇ ਲੋਕ ਹੀ ਕਿਹਾ ਜਾਂਦਾ ਹੈ ਪਰ ਇਹ ਗੱਲ ਸਹੀ ਨਹੀਂ ਹੈ।ਪਟਿਆਲਾ ਰਿਆਸਤ ਵਿੱਚ ਬਹਾਦਰ ਸੈਨਾ ਕਮਾਂਡਰ ਨਾਨੂ ਮਲ ਦਾ ਨਾਮ ਵੀ ਜੁੜਿਆ ਹੋਇਆ ਹੈ।ਜਿਸਦੇ ਨਿਸ਼ਾਨ ਹਾਲੇ ਵੀ ਨਾਨੂ ਦਾ ਛੱਤਾ ਦੇ ਰੂਪ ਵਿੱਚ ਇੱਥੇ ਮੌਜੂਦ ਹਨ।
ਵੀਸੀ ਪ੍ਰੋ. ਬੀ.ਐਸ ਘੁੰਮਣ ਨੇ ਕਿਹਾ ਕਿ ਇਸ ਚੇਅਰ ਦੀ ਸਥਾਪਤੀ ਪੰਜਾਬ ਸਰਕਾਰ ਵੱਲੋਂ ਦਿੱਤੇ ਸੁਝਾਅ ਦੇ ਅਧਾਰ ਤੇ ਕੀਤੀ ਗਈ ਸੀ ਜਿਸਦੇ ਤਹਿਤ ਸਰਕਾਰ ਨੇ 7 ਕਰੋੜ ਰੁਪਏ ਦੀ ਗ੍ਰਾਂਟ ਮੰਜੂਰ ਵੀ ਕੀਤੀ ਸੀ। ਇਸ ਗ੍ਰਾਂਟ ਦੇ ਤਹਿਤ ਪਹਿਲੇ ਪੜ੍ਹਾਅ ਦਾ 2.5 ਕਰੋੜ ਰੁਪਇਆ ਯੂਨੀਵਰਸਿਟੀ ਨੂੰ ਜਾਰੀ ਵੀ ਕੀਤਾ ਜਾ ਚੁੱਕਾ ਹੈ।ਇਸ ਦੋਰਾਨ ਉਹਨਾਂ ਨੇ ਅਗਰਵਾਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਚੇਅਰ ਦੇ ਕੰਮ ਕਾਜ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ, ਯੂਨੀਵਰਸਿਟੀ ਇਸ ਚੇਅਰ ਦੇ ਅਕਾਦਮਿਕ ਪੱਧਰ ਨੂੰ ਉੱਚ ਪੱਧਰੀ ਬਣਾਉਣ ਲਈ ਨਵੀਆਂ ਖੋਜਾਂ ਸਬੰਧੀ ਕੰਮ ਕਰ ਸਕੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਿਟਾਇਰਡ ਜੱਜ ਆਰ.ਕੇ ਗਰਗ, ਚੇਅਰਮੈਨ ਐਨ.ਆਰ.ਆਈ ਕਮਿਸ਼ਨ ਅਤੇ ਸੰਜੀਵ ਗਰਗ, ਸਟੇਟ ਇਨਫਰਮੇਸ਼ਨ ਕਮਿਸ਼ਨਰ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ।ਵਾਈਸ ਚਾਂਸਲਰ ਵੱਲੋਂ ਮੌਕੇ ਤੇ ਪਰਨੀਤ ਕੌਰ ਨੂੰ ਸਨਮਾਨ ਚਿੰਨ ਅਤੇ ਫੁਲਕਾਰੀ ਭੇਂਟ ਕੀਤੀ ਗਈ।

Leave a Reply

Your email address will not be published. Required fields are marked *