ਮੁੱਖ ਮੰਤਰੀ ਵੱਲੋਂ ਨਿਊ ਜਰਸੀ ਦੇ ਸੈਨੇਟਰ ਨਾਲ ਮੁਲਾਕਾਤ
ਅਮਰੀਕੀ ਕੰਪਨੀਆਂ ਤੋਂ ਨਿਵੇਸ਼ ਦੀ ਮੰਗ ਕੀਤੀ
ਨਵੀਂ ਦਿੱਲੀ, 5 ਅਕਤੂਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਨਿਊ ਜਰਸੀ ਦੇ ਸੈਨੇਟਰ ਤੇ ਡੈਮੋਕਰੇਟਿਕ ਪਾਰਟੀ ਦੇ ਸੀਨੀਅਰ ਮੈਂਬਰ ਰੌਬਰਟ ਮੈਂਡੇਜ਼ ਨੇ ਸ਼ੁੱਕਰਵਾਰ ਰਾਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਆਪਸੀ ਹਿੱਤਾਂ ਦੇ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਜਿਸ ਵਿੱਚ ਖੇਤੀਬਾੜੀ, ਫੂਡ ਪ੍ਰਾਸੈਸਿੰਗ, ਰੱਖਿਆ, ਫਰਮਾਸੂਟੀਕਲ, ਇੰਜਨੀਅਰਿੰਗ ਤੇ ਸਰਵਿਸ ਖੇਤਰ ਪ੍ਰਮੁੱਖ ਸਨ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸੈਨੇਟਰ ਅੱਗੇ ਮੰਗ ਰੱਖੀ ਕਿ ਉਹ ਅਮਰੀਕੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਤ ਕਰਨ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਪੱਖੀ ਮਾਹੌਲ ਸਿਰਜ ਕੇ ਵਪਾਰ ਲਈ ਨਵੇਂ ਮੌਕੇ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਉਚੇਚੇ ਤੌਰ ‘ਤੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਦਯੋਗਿਕ ਖੇਤਰ ਵਿੱਚ ਵੱਡੇ ਪੱਧਰ ‘ਤੇ ਸੁਧਾਰ ਲਾਗੂ ਕੀਤੇ ਹਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਟਿਕਾਊ ਸਨਅਤੀ ਵਿਕਾਸ ਲਈ ਮੁਕੰਮਲ ਢਾਂਚਾ ਖੜ੍ਹਾ ਕੀਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਜਪਾਨ, ਤਾਈਵਾਨ, ਜਰਮਨੀ ਤੇ ਯੂ.ਏ.ਈ. ਦੀਆਂ ਕੌਮਾਂਤਰੀ ਕੰਪਨੀਆਂ ਵੱਲੋਂ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਸੂਬੇ ਦਾ ਉਦਯੋਗਿਕ ਵਿਕਾਸ ਤੇ ਆਰਥਿਕ ਤਰੱਕੀ ਹੋਰ ਵਧੇਗੀ। ਮੁੱਖ ਮੰਤਰੀ ਨੇ ਸੈਨੇਟਰ ਅਤੇ ਉਨ੍ਹਾਂ ਦੀ ਅਗਵਾਈ ਹੇਠ ਆਏ ਉਚ ਪੱਧਰੀ ਵਫਦ ਦੇ ਹੋਰਨਾਂ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਨਵੇਂ ਉਦਮ ਸਥਾਪਤ ਕਰਨ ਦੇ ਚਾਹਵਾਨ ਅਮਰੀਕੀ ਉਦਯੋਗਪਤੀਆਂ ਨੂੰ ਇਕ ਵਾਰ ਪੰਜਾਬ ਦੇ ਫੇਰੀ ਪਾਉਣ ਲਈ ਕਹਿਣ। ਉਨ੍ਹਾਂ ਕਿਹਾ ਕਿ ਉਹ ਪੰਜਾਬ ਆ ਕੇ ਇਥੇ ਨਿਵੇਸ਼ ਲਈ ਸੰਭਾਵਨਾਵਾਂ ਦੀ ਤਲਾਸ਼ ਕਰ ਸਕਦੇ ਹਨ ਜਿੱਥੇ ਕਿਫਾਇਤੀ ਜ਼ਮੀਨ ਮਿਲਣ ਤੋਂ ਇਲਾਵਾ ਹੁਨਰ ਭਰਪੂਰ ਮਨੁੱਖੀ ਸ਼ਕਤੀ ਵੀ ਮਿਲੇਗੀ।
ਮੁੱਖ ਮੰਤਰੀ ਨੇ ਵਫਦ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਦਿਹਾੜੇ ਮੌਕੇ ਸੂਬਾ ਸਰਕਾਰ ਵੱਲੋਂ ਉਲੀਕੇ ਵੱਡੇ ਪੱਧਰ ‘ਤੇ ਪ੍ਰੋਗਰਾਮਾਂ ਤੋਂ ਜਾਣੂੰ ਕਰਵਾਉਂਦਿਆਂ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਪੱਤਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਨਵਬੰਰ ਮਹੀਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਵੱਡੇ ਸਮਾਗਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੀ ਜ਼ਿਕਰ ਕੀਤਾ। ਵਫਦ ਨੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦਾ ਹਿੱਸਾ ਬਣਨ ਦੀ ਇੱਛਾ ਵੀ ਜ਼ਾਹਰ ਕੀਤੀ।
ਇਸ ਤੋਂ ਪਹਿਲਾਂ ਰੌਬਰਟ ਮੈਂਡੇਜ਼ ਜੋ ਸੈਨੇਟ ਵਿਦੇਸ਼ ਸਬੰਧ ਕਮੇਟੀ ਦੇ ਰੈਂਕਿੰਗ ਮੈਂਬਰ ਵੀ ਹਨ, ਨੇ ਕਿਹਾ ਕਿ ਅਮਰੀਕਾ ਤੇ ਭਾਰਤ ਵਿਚਾਲੇ ਵਪਾਰਕ ਰਿਸ਼ਤੇ ਮਜ਼ਬੂਤ ਅਤੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਵਪਾਰਕ ਰਿਸ਼ਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਲਈ ਮਹੱਤਵਪੂਰਨ ਸੰਭਾਵਨਾਵਾਂ ਨੂੰ ਵੇਖਿਆ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਣਾਈ ਨਵੀਂ ਉਦਯੋਗਿਕ ਨੀਤੀ ਨਾਲ ਵਪਾਰ ਕਰਨ ਵਿੱਚ ਅਸਾਨੀ ਹੋਈ ਹੈ।
ਸੈਨੇਟਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਆਪਣੀ ਭਾਰਤ ਫੇਰੀ ਤੋਂ ਪਹਿਲਾਂ ਨਿਊ ਜਰਸੀ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂਆਂ ਨਾਲ ਗੋਲਮੇਜ਼ ਕਾਨਫਰੰਸ ਕੀਤੀ ਸੀ। ਭਾਰਤ-ਅਮਰੀਕਾ ਸਬੰਧਾਂ ਨੂੰ ਉਤਸ਼ਾਹਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਮੈਂਡੇਜ਼ ਨੇ ਕਿਹਾ ਕਿ ਇਸ ਗੋਲਮੇਜ਼ ਕਾਨਫਰੰਸ ਵਿੱਚ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਪੱਖਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਦਿਨਕਰ ਗੁਪਤਾ, ਡੀ.ਜੀ.ਪੀ. ਇੰਟੈਲੀਜੈਂਸ ਵੀ.ਕੇ.ਭਾਵੜਾ ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।
