ਪੰਜਾਬਪਟਿਆਲਾ

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਟਰੱਸਟ ਦਾ ਇੱਕ ਹੋਰ ਵਿਲੱਖਣ ਉਪਰਾਲਾ

ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਲਾਂਘੇ ਦੇ ਮੁੱਖ ਦੁਅਾਰ ਤੇ ਬਣਨ ਵਾਲਾ ੧ਓ ਦਾ ਸ਼ਿਲਾਲੇਖ
ਨਾਂਮਵਰ ਸਮਾਜ ਸੇਵਕ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਕਾਰਜ
31 ਫੁੱਟ ਉੱਚਾ ਹੋਵੇਗਾ ਇਹ ਸ਼ਿਲਾਲੇਖ
ਪਟਿਆਲਾ 23 ਅਕਤੂਬਰ (ਮਧੂਸਾਰ ਬਿਊਰੋ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲਦਿਲੀ ਕਾਰਨ ਪੂਰੀ ਦੁਨੀਆਂ ਅੰਦਰ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਉਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਖੋਲ੍ਹੇ ਜਾ ਰਹੇ ਲਾਂਘੇ ਦੇ ਮੁੱਖ ਦੁਅਾਰ ਤੇ 30 ਫ਼ੁੱਟ ਦੇ ਘੇਰੇ (ਚੌੰਕ) ‘ਚ ਤਿਅਾਰ ਕਰਵਾਇਆ ਜਾ ਰਿਹਾ 31 ਫ਼ੁੱਟ ਉੱਚਾ ੧ਓ ਦਾ ਸ਼ਿਲਾਲੇਖ ਤੇ ਉਸ ਉੱਪਰ ਲੱਗਣ ਵਾਲੀ ਰਬਾਬ ਇੱਥੇ ਆਉਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਸੂਖ਼ਮ ਕਲਾ ਤੇ ਧਾਰਮਿਕ ਪੱਖ ਤੋਂ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਬੁੱਤਘਾੜਿਅਾਂ ਤੇ ਆਰਟਿਸਟਾਂ ਦੀ ਮਦਦ ਨਾਲ ਤਿਅਾਰ ਕਰਵਾਏ ਗਏ ਇਸ ਸ਼ਿਲਾਲੇਖ ਦਾ ਡਿਜ਼ਾਈਨ ਇਸ ਤਰ੍ਹਾਂ ਤਿਅਾਰ ਕੀਤਾ ਗਿਅਾ ਹੈ ਕਿ ਇਹ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਅਤੇ ਉੱਥੋਂ ਵਾਪਸ ਆਉਣ ਵਾਲੇ ਯਾਤਰੂਆਂ ਨੂੰ ਇੱਕੋ ਜਿਹਾ ਵਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਉੱਪਰ ਲੱਗਣ ਵਾਲਾ 9 ਫ਼ੁੱਟ ਉੱਚਾ ੧ਓ ਦਾ ਚਿੰਨ੍ਹ ਵਧੀਆ ਕਿਸਮ ਦੀ ਸਟੀਲ ਦਾ ਲੇਜ਼ਰ ਕੱਟ ਰਾਹੀਂ ਬਣਵਾਇਆ ਗਿਅਾ ਹੈ, ਜੋ ਮੋਟਰ ਦੀ ਮਦਦ ਨਾਲ ਧੀਮੀ ਗਤੀ ਨਾਲ ਚਾਰ-ਚੁਫ਼ੇਰੇ ਘੁੰਮੇਗਾ। ਉਨ੍ਹਾਂ ਇਸ ਸ਼ਿਲਾਲੇਖ ਤੇ ਲੱਗਣ ਵਾਲੇ ਰਬਾਬ ਬਾਰੇ ਦੱਸਦਿਅਾਂ ਕਿਹਾ ਕਿ ਇਹ ਰਬਾਬ ਸਵਾ ਪੰਜ ਫੁੱਟ ਉੱਚੀ ਹੋਵੇਗੀ ਅਤੇ ਇਸ ਨੂੰ ਵੱਖ-ਵੱਖ ਤਰ੍ਹਾਂ ਦੀਆਂ 5 ਧਾਤਾਂ ਦੀ ਢਲਾਈ ਕਰਕੇ ਬਣਾਇਆ ਗਿਆ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸ਼ਿਲਾਲੇਖ ਉੱਪਰ ਲਿਖਿਆ ਜਾਣ ਵਾਲਾ "ਮੂਲ ਮੰਤਰ" ਅਤੇ ਸ਼ਬਦ "ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ" ਵੀ 5 ਧਾਤਾਂ ਦੇ ਮਿਸ਼ਰਣ ਨਾਲ ਤਿਅਾਰ ਕੀਤਾ ਗਿਅਾ ਹੈ।
ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇਸ ਸ਼ਿਲਾਲੇਖ ਉੱਤੇ ਉੱਚ ਮਿਅਾਰ ਦਾ ਸਫੈਦ ਪੱਥਰ ਲਾਇਆ ਜਾਵੇਗਾ ਅਤੇ ਇਸ ਦੇ ਆਸੇ ਪਾਸੇ ਲੱਗਣ ਵਾਲੀਆਂ ਵਿਸ਼ੇਸ਼ ਲਾਈਟਾਂ ਇਸ ਨੂੰ ਹੋਰ ਖਿੱਚ ਭਰਪੂਰ ਬਣਾਉਣਗੀਆਂ । ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ਅਤੇ ਨਾਂਮਵਰ ਆਰਟਿਸਟ ਸਵਰਨਜੀਤ ਸਿੰਘ ਸਵੀ, ਆਰਕੀਟੈਕਟ ਸੁਰਿੰਦਰ ਸਿੰਘ,ਅਮਰਜੀਤ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਬਣ ਰਹੇ ਇਸ ਸ਼ਿਲਾਲੇਖ ਨੂੰ ਤਿਆਰ ਕਰਨ ਲਈ ਕੰਮ ਆਰੰਭ ਹੋ ਚੁੱਕਾ ਹੈ ਅਤੇ ਛੇਤੀ ਹੀ ਇਸ ਕਾਰਜ ਨੂੰ ਮੁਕੰਮਲ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *