ਦੇਸ਼-ਵਿਦੇਸ਼ਪੰਜਾਬਲੇਖ

ਇਕ ਬਾਬਾ ਅਕਾਲ ਰੂਪੁ

ਡਾ. ਰੂਪ ਸਿੰਘ*
ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜਨਮ, ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਅਸਥਾਨ ਤਲਵੰਡੀ ਰਾਇ ਭੋਇ ਵਿਚ ਸੰਮਤ 1516 ਬਿਕ੍ਰਮੀ ‘ਚ ਹੋਇਆ। ਭਾਈ ਸਾਹਿਬ ਗੁਰੂ ਨਾਨਕ ਸਾਹਿਬ ਦੀ ਅਗੰਮੀ ਛੋਹ ਪ੍ਰਾਪਤ ਕਰਦੇ, ਜਨਮ-ਮਰਨ ਤੋਂ ਰਹਿਤ ਹੋਏ। ਭਾਈ ਸਾਹਿਬ ਜੀ ਨੇ ਅੰਤਿਮ ਸੁਆਸ ਗੁਰੂ ਨਾਨਕ ਸਾਹਿਬ ਦੇ ਪਾਵਨ ਹੱਥਾਂ ‘ਚ 13 ਮੱਘਰ, ਸੰਮਤ 1591 ਮੁਤਾਬਿਕ 11 ਨਵੰਬਰ, 1534 ਈ. (27 ਨਵੰਬਰ, 2016 ਈ. ਇਸ ਵਾਰ) ਅਫਗਾਨਿਸਤਾਨ ਦੇ ਕੁਰਮ ਨਗਰ ਵਿਚ ਲਏ। ਅੰਤਮ ਸਸਕਾਰ ਆਦਿ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕੀਤਾ। ਅਸੀਂ ਇੱਥੇ ਭਾਈ ਸਾਹਿਬ ਦੇ ਸੰਸਾਰਿਕ ਜੀਵਨ ਬਾਰੇ ਘੱਟ ਤੇ ਰੱਬੀ ਨੂਰ, ਸ੍ਰੀ ਗੁਰੂ ਨਾਨਕ ਸਾਹਿਬ ਨਾਲ ਬਿਤਾਏ ਜੀਵਨ ਦੀ ਗੱਲ ਵਧੇਰੇ ਕਰਾਂਗੇ।

ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਬਾਲ ਸਖਾਈ ਮਿੱਤਰਤਾ ਨੂੰ ਅੰਤਮ ਸਾਹ ਤੀਕ ਨਿਭਾਉਂਦੇ, ਸਦੀਵੀ ਸੱਜਣਤਾਈ ਸਥਾਪਤ ਕਰਦੇ ਹੋਏ ਨਵੇਂ ਕੀਰਤੀਮਾਨ ਦੀ ਸਿਰਜਣਾ ਕਰਦੇ ਹਨ। ਅਜਿਹੀ ਮਿੱਤਰਤਾ, ਸਨੇਹ, ਪਿਆਰ, ਮੁਹੱਬਤ ਦੀ ਮਿਸਾਲ ਦੁਰਲੱਭ ਹੋਵੇਗੀ। ਬਿਖੜੇ ਪੈਂਡਿਆਂ ਦੇ ਪਾਂਧੀ, ਜਗਤ ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਭਾਈ ਮਰਦਾਨਾ ਜੀ ਦੀ ਨਿਮਰਤਾ, ਸਮਰਪਣ ਭਾਵਨਾ, ਇੱਛਾ-ਸ਼ਕਤੀ, ਦ੍ਰਿੜ•ਤਾ, ਉਦਾਰਤਾ, ਤਿਆਗ, ਸਬਰ, ਸੰਤੋਖ, ਸੰਜਮ, ਸਹਿਜ, ਸਦਭਾਵਨਾ ਤੇ ਸਾਂਝ-ਮੁਹੱਬਤ ਤੋਂ ਪ੍ਰਤੱਖ ਹੈ, ਮੁਹੱਬਤ ਦਾ ਸਫਰ। ਮਰਦਾਨਾ ਜੀ ਮੁਹੱਬਤ ਦੇ ਇਸ ਸਫ਼ਰ ਦੌਰਾਨ ‘ਭਾਈ’ ਬਣ ਗਿਆ- ਜਗਤ ਗੁਰੂ ਨਾਨਕ ਦੇਵ ਜੀ ਤੇ ਸਮੁੱਚੀ ਸਿੱਖ ਕੌਮ ਦਾ। ਸਫ਼ਰਾਂ ਦੇ ਅਰੰਭ ਤੋਂ ਬਾਅਦ ਫਿਰ ਕਦੇ ਪਿੱਛੇ ਮੋਢਾ ਨਹੀਂ ਫੇਰਿਆ, ਬਲਕਿ ਭਾਈ ਮਰਦਾਨਾ ਜੀ ਨੇ ਫ਼ਰਸ਼ ਤੋਂ ਅਰਸ਼ ਤੀਕ ਦਾ ਸਫ਼ਰ ਸਹਿਜਤਾ ਨਾਲ ਸਫਲਤਾ-ਪੂਰਵਕ ਸੰਪੂਰਨ ਕੀਤਾ।
ਸਾਡੇ ਬਹੁਤ ਸਾਰੇ ਅਗਿਆਨੀ ਪ੍ਰਚਾਰਕਾਂ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਬਾਰੇ ਨਾ ਪੜਿ•ਆ ਤੇ ਨਾ ਹੀ ਅਨੋਖੇ ਸਫ਼ਰਾਂ ਦੇ ਰੂਹਾਨੀ ਸਾਥੀਆਂ ਦੀ ਮੁਹੱਬਤ ਨੂੰ ਮਹਿਸੂਸ ਕੀਤਾ। ਭਾਵੇਂ ਕਿ ਇਨ•ਾਂ ਦੇ ਹਾਸੇ-ਮਜ਼ਾਕ ਨਾਲ ਭਾਈ ਮਰਦਾਨਾ ਜੀ ਦੀ ਨੂਰੀ-ਲਾਸਾਨੀ ਸ਼ਖ਼ਸੀਅਤ ਨੂੰ ਕੋਈ ਫ਼ਰਕ ਨਹੀਂ ਪੈਣਾ। ਗੁਰਮਤਿ ਸੰਗੀਤ ਪੱਧਤੀ ਤੇ ਪਰੰਪਰਾ ਦਾ ਨਿਕਾਸ, ਵਿਕਾਸ ਤੇ ਵਿਗਾਸ ਭਾਈ ਮਰਦਾਨਾ ਜੀ ਦੀ ਰਬਾਬ ਨਾਲ ਅਰੰਭ ਹੁੰਦਾ ਹੈ। ਰੱਬੀ-ਰਬਾਬੀ ਅਤੇ ਗੁਰੂ-ਘਰ ਦੇ ਮੂਲ ਕੀਰਤਨੀਏ ਨੂੰ ਜਿਤਨਾ ਵੀ ਮਾਣ-ਸਤਿਕਾਰ ਦੇਈਏ, ਓਨਾ ਹੀ ਥੋੜ•ਾ ਹੈ।
ਸੜਦੀ-ਬਲਦੀ ਲੋਕਾਈ ਦੀ ਚਿੰਤਾ ਬਾਰੇ ਗੁਰੂ ਨਾਨਕ ਸਾਹਿਬ ਹਰ ਸਮੇਂ ਡੂੰਘੇ ਚਿੰਤਨ ‘ਚ ਲਿਵਲੀਨ ਰਹਿੰਦੇ। ਦੁਖੀਆਂ-ਦਰਦਮੰਦਾਂ ਦੀ ਸਾਰ ਲੈਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੀ ਕਰਤਾਰੀ ਜੋੜੀ ਆਪ ਕਸ਼ਟ ਸਹਾਰ, ਲੋਕਾਈ ਦੇ ਕਸ਼ਟ ਨਿਵਾਰਨ ਲਈ ਨਿਰੰਤਰ ਤਤਪਰ ਰਹੀ। ਸਾਖੀਕਾਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਨ•ਾਂ ਦੇ ਸਦੀਵੀ ਸਾਥੀ ਦੇ ਚਰਨ ਪਰਸ ਤੇ ਇਲਾਹੀ ਦੀਦਾਰ ਕਰ ਕੇ ਲੋਕ ਖੁਸ਼ ਤੇ ਨਿਹਾਲ ਹੁੰਦੇ ਸਨ।
ਸੁਲਤਾਨਪੁਰ ਦੇ ਮੋਦੀ ਗੁਰੂ ਨਾਨਕ ਸਾਹਿਬ ਜਦ ਸੰਸਾਰ ਦੇ ਮੋਦੀ ਬਣ ਵਿਚਰਨ ਲੱਗੇ ਤਾਂ ਨਿਰੰਤਰ ਸਾਥ ਨਿਭਾਇਆ ਭਾਈ ਮਰਦਾਨਾ ਜੀ ਨੇ। ਦੇਸ਼-ਦੇਸ਼ਾਂਤਰ ‘ਚ ਵਿਚਰ ਕੇ ਲੋਕਾਈ ਦੇ ਦਰਦ ਨੂੰ ਨੇੜਿਓਂ ਤੱਕਿਆ ਤੇ ਦੂਰ ਕੀਤਾ, ਗੁਰੂ ਨਾਨਕ ਦੇਵ ਜੀ ਨੇ। ਇਕ ਪਰਮਾਤਮਾ ਦੀ ਇਬਾਦਤ ਦੇ ਸੰਦੇਸ਼, ਸੁਕ੍ਰਿਤ ਕਰਨ ਤੇ ਮਾਨਵਤਾ ਦੇ ਭਲੇ ਲਈ ਵੰਡ ਛਕਣ ਦੀ ਪਿਰਤ ਪਾਈ, ਗੁਰੂ ਬਾਬੇ ਨਾਨਕ ਨੇ। ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ £ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ £ ਦਾ ਸੰਦੇਸ਼ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਜਾਤ ਜਾਤਾਂ-ਪਾਤਾਂ, ਵਹਿਮਾਂ-ਭਰਮਾਂ, ਛੂਤ-ਛਾਤ ਦਾ ਭਰਮ ਦੂਰ ਕਰਨ ਲਈ ਬਤੌਰ ਰਬਾਬੀ ਭਾਈ ਮਰਦਾਨਾ ਜੀ ਨੂੰ ਸਫ਼ਰਾਂ ਦਾ ਸਾਥੀ ਬਣਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸਿੱਖ ਸਨ ਭਾਈ ਮਰਦਾਨਾ ਜੀ, ਇਸ ਸ਼ਰਧਾ ਪ੍ਰੇਮ ਕਾਰਨ ਹੀ ਸਭ ਤੋਂ ਪਹਿਲਾਂ ‘ਭਾਈ’ ਪਦਵੀ ਦੇ ਅਧਿਕਾਰੀ ਬਣੇ। ਮਰਦਾਨੇ ਦਾ ਅਰਥ ‘ਸੂਰਮਾ’ ਵੀ ਗੁਰਬਾਣੀ ਵਿਚ ਆਇਆ। ਜਿਵੇਂ ਸੋਈ ਮਰਦੁ ਮਰਦੁ ਮਰਦਾਨਾ£ ਅਸਲ ਵਿਚ ਭਾਈ ਮਰਦਾਨਾ ਜੀ ਸੂਰਬੀਰ ਬਚਨ ਦੇ ਬਲੀ ਸਨ, ਜੋ ਗੁਰੂ ਨਾਨਕ ਦੇਵ ਜੀ ਨਾਲ ਮਰਦਾਂ ਵਾਂਗ ਕੀਤੇ ਬਚਨ ਅਖੀਰ ਤੀਕ ਨਿਭਾ ਗਏ। ਭਾਈ ਮਰਦਾਨਾ ਜੀ ਐਸੀ ਮਹਾਨ ਸ਼ਖ਼ਸੀਅਤ ਸਨ, ਜੋ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਵੀ ਗੁਰਮਤਿ ਦੇ ਗੁਹਜ ਭੇਦਾਂ-ਰਹੱਸਾਂ ਨੂੰ ਪ੍ਰਤੱਖ ਕਰਦੇ ਹਨ। ਗੁਰਮਤਿ ਵਿਚਾਰਧਾਰਾ, ਪਰੰਪਰਾ ਨਾਲ ਸੰਬੰਧਿਤ ਬਹੁਤ ਸਾਰੇ ਰਹੱਸ ਭਾਈ ਮਰਦਾਨਾ ਜੀ ਰਾਹੀਂ ਹੀ ਪ੍ਰਗਟ ਹੋਏ ਹਨ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ‘ਮਰਦਾਨਾ’ ਸ਼ਬਦ ਬੜੇ ਸਤਿਕਾਰ ਨਾਲ ਅੰਕਿਤ ਕੀਤਾ ਹੈ:
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ। (ਵਾਰ 11:13)
ਧੁਰ ਕੀ ਰੱਬੀ ਬਾਣੀ ਨੂੰ ਰਬਾਬ ਨਾਲ ਗਾਇਨ ਕਰਨ ਸਦਕਾ ਹੀ ਭਾਈ ਮਰਦਾਨਾ ਜੀ ਗੁਰੂ-ਘਰ ਦੇ ਰਬਾਬੀ ਅਤੇ ਰਬਾਬੀ ਪਰੰਪਰਾ ਦੇ ਮੋਢੀ ਸਦਵਾਏ।
ਸੰਸਾਰ ਦਾ ਸਭ ਤੋਂ ਵੱਧ ਖੁਸ਼ਕਿਸਮਤ ਮਾਨਵ ਸੀ ਭਾਈ ਮਰਦਾਨਾ। ਭਾਈ ਮਰਦਾਨਾ ਬੜਾ ਤਕਦੀਰ ਵਾਲਾ ਸੀ, ਜਿਸ ਨੂੰ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਆਰ, ਮੁਹੱਬਤ, ਦੋਸਤੀ ਪ੍ਰਾਪਤ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਬ੍ਰਹਿਮੰਡੀ ਸ਼ਖ਼ਸੀਅਤ ਸਨ, ਜੋ ਸਮੇਂ-ਸਥਾਨ ਦੀਆਂ ਸੀਮਾਵਾਂ ਤੋਂ ਸੁਤੰਤਰ ਸਨ। ਭਾਈ ਮਰਦਾਨਾ ਵੀ ਸਾਥੀ ਵਜੋਂ ਨਾਲ ਰਹਿ ਕੇ ਜਾਤ, ਧਰਮ, ਖੇਤਰ, ਰੰਗ, ਨਸਲ ਦੀਆਂ ਦੀਵਾਰਾਂ ਨੂੰ ਤੋੜਦਾ ਹੋਇਆ ਸਾਗਰ ਰੂਪ ਹੋ ਗਿਆ। ਵੇਈਂ ਪ੍ਰਵੇਸ਼ ਉਪਰੰਤ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸੰਕੇਤਕ-ਸੰਖੇਪ ਉਦੇਸ਼ ਤੇ ਸੰਦੇਸ਼ ‘ਨਾ ਹਮ ਹਿੰਦੂ ਨ ਮੁਸਲਮਾਨ’ ਮਾਨਵਤਾ ਨੂੰ ਦਿੱਤਾ ਸੀ, ਦਾ ਹੀ ਅਮਲੀ ਪ੍ਰਗਟਾਅ ਭਾਈ ਮਰਦਾਨਾ ਜੀ ਨੇ ਵੀ ਗੁਰੂ ਜੀ ਦਾ ਸੰਗ-ਸਾਥ ਨਿਭਾਉਂਦਿਆਂ ਕੀਤਾ।
ਭਾਈ ਮਰਦਾਨਾ ਜੀ ਨੇ ਘਰ-ਪਰਿਵਾਰ, ਬੱਚਿਆਂ, ਸਾਕ-ਸੰਬੰਧੀਆਂ ਦਾ ਵਿਛੋੜਾ ਝੱਲਿਆ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਾਥ ਨਿਭਾਉਣ ਖਾਤਰ, ਜਿਸ ਦੌਰਾਨ ਪੱਥਰ-ਦਿਲ ਮੋਮ ਬਣਦੇ, ਚੋਰ, ਠੱਗ ਤੇ ਰਾਖਸ਼, ਸਾਧ, ਪ੍ਰਚਾਰਕ ਤੇ ਦੇਵਤੇ ਬਣਦੇ ਤੱਕੇ। ਭਾਈ ਮਰਦਾਨਾ ਜੀ ਨੇ ਬਾਬਰ ਦੇ ਹਮਲੇ ਸਮੇਂ ਭਾਰਤੀ ਲੋਕਾਂ ਦੀ ਹੋਈ ਦੁਰਦਸ਼ਾ ਨੂੰ ਅੱਖੀਂ ਤੱਕਿਆ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਸੱਚ ਸੁਨੇਹੇ ਨੂੰ ਕੰਨੀਂ ਸੁਣਿਆ। ਤਲਵੰਡੀ ਰਾਇ ਭੋਇ, ਸੁਲਤਾਨਪੁਰ ਲੋਧੀ, ਐਮਨਾਬਾਦ, ਚਹੁੰ-ਖੰਡਾਂ ਦੇ ਭ੍ਰਮਣ ਸਮੇਂ ਗੁਰੂ ਜੀ ਦੇ ਸਾਥ ਨੂੰ ਮਾਣਿਆ, ਤੰਗੀਆਂ-ਤੁਰਛੀਆਂ ਨੂੰ ਪਿੰਡੇ ਹੰਢਾਇਆ, ਬਿਖੜੇ ਪੈਂਡੇ ਤੈਅ ਕੀਤੇ ਤੇ ਅੰਤ ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ਮੁਤਾਬਕ ਜੀਵਨ ਯਾਤਰਾ ਦੌਰਾਨ ਮੁਹੱਬਤ ਦਾ ਸਫ਼ਰ ਸਫਲ ਕਰ ਗਏ। ਜੰਗਲਾਂ, ਪਹਾੜਾਂ, ਮਾਰੂਥਲਾਂ, ਬਸਤੀਆਂ, ਸ਼ਹਿਰਾਂ, ਵੱਖ-ਵੱਖ ਰਾਜਾਂ, ਦੇਸ਼ਾਂ, ਦਰਿਆਵਾਂ, ਝੀਲਾਂ, ਝਰਨਿਆਂ, ਉਜਾੜਾਂ, ਬੀਆ-ਬਾਨਾਂ, ਬਾਗ਼ਾਂ-ਬਹਾਰਾਂ, ਹੁਮਸਾਂ, ਤਪਸ਼ਾਂ, ਕੱਕਰਾਂ, ਗਰਮੀਆਂ, ਸਰਦੀਆਂ, ਭੁੱਖਾਂ, ਤਰੇਹਾਂ, ਚੋਰਾਂ, ਠੱਗਾਂ, ਰਾਖਸ਼ਾਂ, ਦੈਂਤਾਂ, ਦੇਵਤਿਆਂ, ਰਾਜਿਆਂ, ਗ਼ਰੀਬ-ਗੁਰਬਿਆਂ, ਕਿਰਤੀਆਂ ਆਦਿ ਅਨੇਕਾਂ ਲੋਕਾਂ ਨਾਲ ਵੱਖ-ਵੱਖ ਸਮਿਆਂ ਤੇ ਪ੍ਰਸਥਿਤੀਆਂ ‘ਚ ਮੇਲ-ਮਿਲਾਪ ਹੋਇਆ, ਪਰ ਭਾਈ ਮਰਦਾਨਾ ਜੀ ਗੁਰੂ ਕਿਰਪਾ ਸਦਕਾ ਹਰ ਸਮੇਂ ਸਹਿਜ, ਸਤਿ, ਸਬਰ, ਸੰਤੋਖ, ਧੀਰਜ ਦੇ ਧਾਰਨੀ ਰਹੇ। ਦਹਾਕਿਆਂ ਦੇ ਸਫ਼ਰ ਦੌਰਾਨ ਕਿਧਰੇ ਵੀ ਕੋਈ ਮਿੱਤਰਤਾ ‘ਚ ਦੂਰੀ-ਦੁਫੇੜ ਨਜ਼ਰ ਨਹੀਂ ਆਉਂਦੀ। ਗੁਰਬਾਣੀ ਅਨੁਸਾਰ: ਸਫਲ ਸਫਲ ਭਈ ਸਫਲ ਜਾਤ੍ਰਾ £ ਆਵਣ ਜਾਣ ਰਹੇ ਮਿਲੇ ਸਾਧਾ £ (ਪੰਨਾ 687)
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ£ (ਪੰਨਾ 749) ਦੇ ਪਾਵਨ ਵਾਕ ਅਨੁਸਾਰ ਭਾਈ ਮਰਦਾਨਾ ਜੀ ਜੀਵਨ-ਮੁਕਤ ਹੋ ਗਏ। ਕਰਤਾਰ ਕਰਤਾਰ ਕਰਦੇ ਭਾਈ ਮਰਦਾਨਾ ਜੀ ਕਰਤਾਰ ‘ਚ ਅਭੇਦ ਹੋ ਗਏ। ਬੂੰਦ ਸਾਗਰ ‘ਚ ਮਿਲ ਕੇ ਸਾਗਰ ਰੂਪ ਹੋ ਗਈ। ਜਦ, ਜਿੱਥੇ ਵੀ ਗੁਰੂ ਨਾਨਕ ਸਾਹਿਬ ਬਾਰੇ ਵਿਚਾਰ-ਚਰਚਾ ਹੋਵੇਗੀ, ਉੱਥੇ ਭਾਈ ਮਰਦਾਨਾ ਜੀ ਵੀ ਨਾਲ ਖੜੇ ਮਿਲਣਗੇ। ਮਹਿਸੂਸ ਹੁੰਦਾ ਹੈ ਕਿ ਲੰਮੇ ਸਫਰਾਂ ਦੀ ਸੰਗਤ ਸਦਕਾ ਭਾਈ ਮਰਦਾਨਾ ਜੀ ਦੀ ਜ਼ੁਬਾਨ ‘ਤੇ ਕੇਵਲ ਦੋ ਸ਼ਬਦ ਹੀ ਹੋਣਗੇ–‘ਸਤਿ ਬਚਨ’ ਅਤੇ ‘ਸਤਿ ਕਰਤਾਰ’ ਕਹਿੰਦਿਆ ਮੁਹੱਬਤ ਦਾ ਸਫ਼ਲਾ ਕਰ ਗਏ ਭਾਈ ਮਰਦਾਨਾ ਜੀ।

Leave a Reply

Your email address will not be published. Required fields are marked *