ਦੇਸ਼-ਵਿਦੇਸ਼ਪੰਜਾਬਪਟਿਆਲਾ

ਪਟਿਆਲਾ ਪੁਲਿਸ ਵੱਲੋਂ ਦੋ ਕਿੱਲੋਗਰਾਮ ਹੈਰੋਇਨ ਸਮੇਤ ਤਿੰਨ ਕਾਬੂ

ਦੋ ਦੋਸ਼ੀ ਮੁੰਬਈ ਤੇ ਇਕ ਦਿੱਲੀ ਦਾ ਵਸਨੀਕ
ਓਲਾ ਕੰਪਨੀ ਦੀ ਟੈਕਸੀ ਰਾਹੀ ਕਰਦੇ ਸਨ ਨਸ਼ਾ ਤਸਕਰੀ
ਜੀ.ਪੀ.ਐਸ. ਨਾਲ ਰੱਖਦੇ ਸਨ ਨਸ਼ੀਲੇ ਕਾਰੋਬਾਰ ‘ਤੇ ਨਜ਼ਰ
ਪਟਿਆਲਾ, 22 ਨਵੰਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਦਿੱਲੀ ਤੋਂ ਪੰਜਾਬ ਅੰਦਰ ਦਾਖਲ ਹੁੰਦੀ ਨਸ਼ੇ ਦੀ ਵੱਡੀ ਖੇਪ ਨੂੰ ਪੁਲਿਸ ਨੇ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਬਾਰੇ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਅੱਜ ਦਿੱਲੀ ਤੋਂ ਦੋ ਕਿੱਲੋਗਰਾਮ ਹੈਰੋਇਨ ਓਲਾ ਕੈਬ ਰਾਹੀ ਲਿਆ ਰਹੇ ਮੁਬੰਈ ਦੀ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਐਸ.ਐਸ.ਪੀ. ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਸਰਕਲ ਘਨੌਰ ਸ੍ਰੀ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਮੁੱਖ ਅਫ਼ਸਰ ਥਾਣਾ ਸ਼ੰਭੂ ਐਸ.ਆਈ ਪ੍ਰੇਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੱਜ ਚੈਕਿੰਗ ਦੌਰਾਨ ਅੰਬਾਲਾ ਸਾਈਡ ਤੋਂ ਆ ਰਹੀ ਇਕ ਸਵੀਫਟ ਕਾਰ ਨੰਬਰ ਐਚ.ਆਰ 55ਏ.ਜੀ-6964 ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚ ਸਵਾਰ ਰਾਸ਼ਿਦ ਅਲੀ ਪੁੱਤਰ ਸਫੀ ਮੁਹੰਮਦ ਵਾਸੀ ਪਿੰਡ ਰਾਜਗਾਓ ਥਾਣਾ ਦਾਦੋ ਜ਼ਿਲ੍ਹਾ ਅਲੀਗੜ (ਉੱਤਰ ਪ੍ਰਦੇਸ) ਹਾਲ ਵਾਸੀ ਈ-13/ਬੀ-436 ਟੀ, ਹਟਸ ਨਿਊ ਸੀਲਮਪੁਰ, ਉੱਤਰ ਪੂਰਬੀ ਦਿੱਲੀ, ਨਾਸਿਰ ਪੁੱਤਰ ਮਹਿਮੂਦ ਖਾਨ ਵਾਸੀ ਕੁਰਲਾ ਈਸਟ, ਜਾਗ੍ਰੀਤੀ ਨਗਰ, ਮੁੰਬਈ ਅਤੇ ਜੀਨਤ ਪੁੱਤਰੀ ਅਸਲਮ ਖਾਨ ਵਾਸੀ ਮਕਾਨ ਨੰਬਰ 140, ਬੀ.ਐਮ.ਸੀ ਕਲੋਨੀ ਫਿਲਮ ਸਿਟੀ ਰੋਡ, ਗੋਰੇਗਾਂਓ, ਮੁੰਬਈ ਈਸਟ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਪਾਸੋ ਦੋ ਕਿੱਲੋਗਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 158 ਮਿਤੀ 22.11.2019 ਅ/ਧ 21,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸ਼ੰਭੂ ਦਰਜ ਕੀਤਾ ਗਿਆ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋ ਕਥਿਤ ਦੋਸ਼ਣ ਜੀਨਤ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਛੋਟੀ ਭੈਣ ਰੁਕਸਾਰ ਜੋ ਵਿਕਾਸ ਪੂਰੀ ਦਿੱਲੀ ਵਿੱਚ ਕਿਸੇ ਅਫਰੀਕੀ ਲੜਕੇ ਨਾਲ ਰਹਿੰਦੀ ਹੈ ਅਤੇ ਉਹ ਦਿੱਲੀ ਵਿੱਚ ਬੈਠ ਕੇ ਹੀ ਹੈਰੋਇਨ ਦੀ ਸਪਲਾਈ ਹਰਿਆਣਾ ਅਤੇ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਮੋਬਾਇਲ ਫੋਨ ਰਾਹੀ ਕਰਦੀ ਹੈ ਅਤੇ ਰੁਕਸਾਰ ਨੇ ਹੀ ਆਪਣੀ ਭੈਣ ਜੀਨਤ ਤੇ ਨਾਸਿਰ ਰਾਹੀ ਓਲਾ ਕੰਪਨੀ ਦੀ ਗੱਡੀ ਬੁੱਕ ਕਰਕੇ ਦੋ ਕਿੱਲੋਗਰਾਮ ਹੈਰੋਇਨ ਉਨ੍ਹਾਂ ਨੂੰ ਦੇ ਕੇ, ਧਰਮਗੜ (ਮੋਗਾ) ਵਿਖੇ ਭੇਜਿਆ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਰਾਸ਼ਿਦ ਅਲੀ ਕਾਰ ਦਾ ਡਰਾਇਵਰ ਹੈ ਜੋ ਕਿ 26 ਸਾਲ ਦਾ ਹੈ ਅਤੇ ਦਸਵੀ ਫੇਲ ਹੈ ਦੂਸਰਾ ਦੋਸ਼ੀ ਨਾਸਿਰ 21 ਸਾਲ ਦਾ ਹੈ ਅਤੇ ਦਸਵੀ ਪਾਸ ਹੈ। ਉਨ੍ਹਾਂ ਦੱਸਿਆ ਕਿ ਤੀਸਰੀ ਕਥਿਤ ਦੋਸ਼ਣ ਜੀਨਤ 27 ਸਾਲ ਦੀ ਹੈ ਜੋ ਕਿ ਤਲਾਕਸ਼ੁਦਾ ਹੈ ਅਤੇ ਪੰਜਵੀ ਪਾਸ ਹੈ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਨਸ਼ਾ ਤਸਕਰੀ ਦੇ ਤਰੀਕੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੋਸ਼ਣ ਰੁਕਸਾਰ ਜੋ ਕਿ ਦਿੱਲੀ ਵਿੱਚ ਬੈਠੀ ਹੀ ਓਲਾ ਕੰਪਨੀ ਦੀ ਗੱਡੀ ਦੀ ਜੀ.ਪੀ.ਐਸ. ਲੋਕੇਸ਼ਨ ਆਪਣੇ ਮੋਬਾਇਲ ਫੋਨ ਰਾਹੀ ਟਰੈਕ ਕਰਦੀ ਰਹਿੰਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਹੈਰੋਇਨ ਸਪਲਾਈ ਕਰਨੀ ਹੁੰਦੀ ਹੈ, ਉਨ੍ਹਾਂ ਨਾਲ ਸੰਪਰਕ ਉਨ੍ਹਾਂ ਦੀ ਮੋਬਾਇਲ ਲੋਕੇਸਨ ਲੈ ਕੇ ਸਿਰਫ ਰੁਕਸਾਰ ਹੀ ਕਰਦੀ ਹੈ ਅਤੇ ਉਹੀ ਮੋਬਾਇਲ ਲੋਕੇਸਨ ਗੱਡੀ ਵਿੱਚ ਬੈਠੇ ਵਿਅਕਤੀਆਂ ਨੂੰ ਭੇਜਕੇ, ਹੈਰੋਇਨ ਖਰੀਦਣ ਵਾਲੇ ਵਿਅਕਤੀਆਂ ਦਾ ਤਾਲਮੇਲ ਗੱਡੀ ਵਿੱਚ ਬੈਠੇ ਵਿਅਕਤੀਆਂ ਨਾਲ ਕਰਾਉਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜੋ ਹੈਰੋਇਨ ਦੀ ਸਪਲਾਈ ਜਾ ਰਹੀ ਸੀ ਉਸ ਨੂੰ ਧਰਮਕੋਟ ਲੈਕੇ ਜਾਣਾ ਸੀ ਉਸ ਤੋਂ ਬਾਅਦ ਦਿੱਲੀ ਬੈਠੀ ਸਾਥਣ ਨੇ ਦੱਸਣਾ ਸੀ ਕਿ ਸਪਲਾਈ ਕਿਥੇ ਦੇਣ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿੰਨ੍ਹਾ ਪਾਸੋ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *