ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਅਖੌਤੀ ਸਿੱਖ ਪ੍ਰਚਾਰਕਾਂ ਨੂੰ ਤਾੜਨਾ,ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ

ਅੰਮ੍ਰਿਤਸਰ 17 ਦਸੰਬਰ (ਮਧੂਸਾਰ ਬਿਓੂਰੋ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਖੌਤੀ ਸਿੱਖ ਪ੍ਰਚਾਰਕਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਆਪਣੀ ਝੂਠੀ ਸ਼ੌਹਰਤ ਲਈ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇੰਗਲੈਂਡ ‘ਚ ਹਰਿੰਦਰ ਸਿੰਘ ਨਾਮੀ ਅਖੌਤੀ ਪ੍ਰਚਾਰਕ ਨੇ ਗੁਰੂ ਨਾਨਕ ਦੇਵ ਜੀ ਦੇ ਸਬੰਧ ‘ਚ ਕੁਝ ਮਨ-ਘੜਤ ਗੱਲਾਂ ਕੀਤੀਆਂ ਹਨ, ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ ਕਿਉਂਕਿ ਮਹਾਨ ਸਿੱਖ ਧਰਮ ਦੇ ਇਤਿਹਾਸ ਦੀ ਮਿਸਾਲ ਦੁਨੀਆਂ ਭਰ ਦੇ ਕਿਸੇ ਇਤਿਹਾਸ ‘ਚੋਂ ਨਹੀਂ ਮਿਲਦੀ। ਸਾਨੂੰ ਗੁਰੂ ਸਾਹਿਬ ਜੀ ਨੇ ਅਥਾਹ ਘਾਲਣਾ ਘਾਲ ਕੇ ਬਹੁਮੁੱਲਾ ਖਜ਼ਾਨਾ ਬਖਸ਼ਿਸ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਗੁਰੂ ਨਾਨਕ ਸਾਹਿਬ ਜੀ ਦੇ ਮਨੁੱਖਤਾ ਲਈ ਕੀਤੇ ਪਰਉਪਕਾਰਾਂ ਨੂੰ ਅਸੀਂ ਕਈ ਜਨਮ ਲੈ ਕੇ ਵੀ ਉਤਾਰ ਨਹੀਂ ਸਕਦੇ। ਅਜਿਹ ਮਹਾਨ ਗੁਰੂ ਸਾਹਿਬਾਨਾਂ ‘ਤੇ ਸ਼ੰਕੇ ਪ੍ਰਗਟ ਕਰਕੇ ਵਿਦਵਿਤਾ ਦੇ ਨਾਮ ‘ਤੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰ ਰਹੇ ਪ੍ਰਚਾਰਕਾਂ ਨੂੰ ਸਿੱਖ ਸੰਗਤਾਂ ਮੂੰਹ ਨਾ ਲਾਉਣ। ਜਥੇਦਾਰ ਨੇ ਕੇਂਦਰੀ ਜੇਲ ਲੁਧਿਆਣਾ ਦੇ ਬਾਰੇ ਪੁੱਜੀ ਸ਼ਿਕਾਇਤ ਦੇ ਸਬੰਧ ‘ਚ ਕਿਹਾ ਕਿ ਚੈਕਿੰਗ ਦੇ ਨਾਮ ‘ਤੇ ਜੇਲਾਂ ‘ਚ ਬੰਦ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਦੀ ਸੀ.ਆਰ.ਪੀ.ਐੱਫ. ਦੇ ਮੁਲਾਜ਼ਮ ਸਿਗਰਟ, ਬੀੜੀਆਂ ਆਦਿ ਵਾਲੇ ਹੱਥ ਦਸਤਾਰ ਅਤੇ ਕਕਾਰਾਂ ਨੂੰ ਲਾ ਕੇ ਬੇਅਦਬੀ ਕਰਦੇ ਹਨ, ਜਿਸ ਪ੍ਰਤੀ ਸਿੱਖ ਨੌਜਵਾਨਾਂ ਨੇ ਬਹੁਤ ਰੋਸ ਪ੍ਰਗਟ ਕੀਤਾ ਹੈ। ਚੈਕਿੰਗ ਦੇ ਨਾਮ ‘ਤੇ ਹੋ ਰਹੀ ਇਸ ਬੇਅਦਬੀ ਨੂੰ ਰੋਕਣ ਲਈ ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਜਾਰੀ ਕੀਤਾ ਹੈ ਕਿ ਤੁਰੰਤ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕਿ ਹੱਲ ਕਰਾਇਆ ਜਾਵੇ।

Leave a Reply

Your email address will not be published. Required fields are marked *