ਸ਼ਹੀਦੀ ਹਫਤੇ ਮੌਕੇ 21 ਦਸੰਬਰ ਨੂੰ ਲੱਗ ਰਿਹੈ ਧਰਨਾ ਕਿਤੇ ਬੇਅਦਬੀ ਤਾਂ ਨਹੀਂ?
ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਘੇਰ ਸਕਦੈ ਵਿਵਾਦ!
ਧਰਨੇ ਦੇ ਯੋਜਨਾਕਾਰ ਪਾਰਟੀ ਪ੍ਰਧਾਨ ਲਈ ਖੜੀਆਂ ਕਰ ਸਕਦੈ ਮੁਸੀਬਤਾਂ
ਚੰਡੀਗੜ੍ਹ 17 ਦਸੰਬਰ (ਸੁਖਬੀਰ ਸਿੰਘ ਢੰਡ/ਮਧੂਸਾਰ ਅੱਪਡੇਟ) ਤਖਤੂਮਾਜਰਾ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੱਬਾਂ ਭਾਰ ਹੋਇਆ ਤਾਂ ਨਜ਼ਰ ਆ ਰਿਹਾ ਹੈ, ਪਰ ਧਰਨੇ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰਵਾਈ ਜਾ ਰਹੀ ਸ਼ਮੂਲੀਅਤ ਸ਼੍ਰੋਮਣੀ ਅਕਾਲੀ ਦਲ ਲਈ ਵੱਡੀਆਂ ਮੁਸੀਬਤਾਂ ਨੂੰ ਖੜਾ ਸਕਦੀ ਹੈ। ਪਟਿਆਲਾ ਵਿਖੇ 21 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਧਰਨੇ ਨੂੰ ਲੈ ਕੇ ਕਮਰਕੱਸੀ ਕਰੀ ਬੈਠਾ ਹੈ ਅਤੇ ਦੂਜੇ ਪਾਸੇ ਚਮਕੌਰ ਸਾਹਿਬ ਦੀ ਧਰਤੀ ‘ਤੇ ਸ਼ਹੀਦੀ ਹਫਤੇ ਦੀ ਸ਼ੁਰੂਆਤ ਨਾਲ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ‘ਚ ਬੈਠੇ ਧਰਨੇ ਦੇ ਯੋਜਨਾਕਾਰ ਅਕਾਲੀ ਆਗੂਆਂ ਦੇ ਬਜ਼ਿੱਦ ਰਹਿਣ ਕਾਰਨ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਰੋਸ ਦੀ ਲਹਿਰ ਖੜੀ ਹੋ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਜਾਣ ਵਾਲੇ ਧਰਨੇ ਤੋਂ ਪਹਿਲਾਂ ਇਹ ਸਪੱਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਕਿ ਪਿੰਡ ਦੇ ਪੱਧਰ ਦੇ ਇਕ ਝਗੜੇ ਨੂੰ ਜ਼ਿਲ੍ਹਾ ਅਕਾਲੀ ਦਲ ਹੀ ਸਟੇਟ ਪੱਧਰੀ ਬਣਾਉਣ ਜਾ ਰਿਹਾ ਹੈ, ਜਦਕਿ ਅਕਾਲੀ ਦਲ ਦੇ ਦੋ ਆਪਸੀ ਧੜਿਆਂ ਦੀ ਖਿੱਚੋਤਾਣ ਹੀ ਧਰਨੇ ਦਾ ਮੁੱਢ ਬੰਨ ਰਹੀ ਹੈ। ਸਿਆਸੀ ਸੱਥ ‘ਚ ਇਹ ਵੀ ਚਰਚਾ ਹੈ ਕਿ ਸੋਗ ਤੇ ਵਿਰਾਗ ਦੇ ਏਨਾਂ ਦਿਨਾਂ ‘ਚ ਅਕਾਲੀ ਦਲ ਵੱਲੋਂ ਦਿੱਤਾ ਜਾ ਧਰਨਾ ਕਿਸੇ ਬੇਅਦਬੀ ਤੋਂ ਘੱਟ ਨਹੀਂ ਹੈ ਕਿਉਂਕਿ ਬੇਅਦਬੀ ਕਾਰਨ ਬੈਕਫੁੱਟ ‘ਤੇ ਧੱਕੇ ਗਏ ਅਕਾਲੀ ਦਲ ਦੇ ਆਗੂਆਂ ਨੇ ਅਜੇ ਤੱਕ ਕੋਈ ਸਬਕ ਹੀ ਨਹੀਂ ਲਿਆ। ਜ਼ਿਲ੍ਹਾ ਲੀਡਰਸ਼ਿਪ ਵੱਲੋਂ ਧਰਨੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਨੇ ਸਪੱਸ਼ਟ ਕੀਤਾ ਹੈ ਕਿ ਅਕਾਲੀ ਦਲ ਸਿਰਫ ਤੇ ਸਿਰਫ ਸਿਆਸੀ ਰੋਟੀਆਂ ਹੀ ਸੇਕਣਾ ਚਾਹੁੰਦਾ ਹੈ।
ਧਰਨੇ ਲਾਉਣ ਅਕਾਲੀ ਆਗੂ ਜਿਥੇ ਬਜ਼ਿੱਦ ਹਨ, ਉਥੇ ਸਿਆਸੀ ਸੱਥ ‘ਚ ਇਹ ਵੀ ਚਰਚਾ ਹੈ ਕਿ ਕਈ ਮਹੀਨਿਆਂ ਤੋਂ ਵੇਹਲੀ ਬੈਠੀ ਜ਼ਿਲ੍ਹਾ ਲੀਡਰਸ਼ਿਪ ਕੋਲ ਸਰਕਾਰ ਤੇ ਪ੍ਰਸ਼ਾਸਨ ਕੋਲ ਕੋਈ ਮੁੱਦਾ ਹੈ ਵੀ ਨਹੀਂ ਸੀ ਇਸ ਕਾਰਨ ਤਖਤੂਮਾਜਰਾ ਮੁੱਦੇ ਨੂੰ ਛੱਡ ਕੇ ਅਕਾਲੀ ਦਲ ਮੁੱਦਾਹੀਣ ਨਹੀਂ ਸੀ ਹੋਣਾ ਚਾਹੁੰਦਾ, ਅੱਜ ਜਦ ਅਕਾਲੀ ਆਗੂਆਂ ਦੇ ਪੈਰਾਂ ਹੇਠ ਬਟੇਰ ਆ ਹੀ ਗਿਆ ਹੈ ਤਾਂ ਉਹ ਧਰਨਾ ਲਗਾਕੇ ਸ਼ਿਕਾਰੀ ਬਣਨ ਨੂੰ ਤਰਜੀਹ ਦੇ ਰਹੇ ਹਨ।
ਸ਼ਹੀਦੀ ਹਫਤੇ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਇਆ ਜਾ ਰਿਹਾ ਧਰਨਾ ਕਈ ਪੱਖਾਂ ਤੋਂ ਮੁਨਾਸਿਬ ਨਾ ਮੰਨਿਆ ਜਾਣਾ ਇਹ ਦਰਸਾਉਂਦਾ ਹੈ ਕਿ ਜਿਥੇ ਸਮੁੱਚਾ ਜਗਤ ਸਾਹਿਬਜ਼ਾਦਿਆਂ ਦੇ ਸ਼ਹੀਦੀ ‘ਤੇ ਸੋਗ ਤੇ ਵਿਰਾਗ ਨਾਲ ਜੁੜਿਆ ਹੁੰਦਾ ਹੈ, ਉਥੇ 21 ਦਸੰਬਰ ਨੂੰ ਅਕਾਲੀ ਦਲ ਵੱਲੋਂ ਦਿੱਤਾ ਜਾ ਰਿਹਾ ਧਰਨਾ ਵੀ ਮੁੜ ਕਿਸੇ ਬੇਅਦਬੀ ਤੋਂ ਘੱਟ ਨਹੀਂ ਹੈ ?
ਰੱਖੜਾ ਤੇ ਚੰਦੂਮਾਜਰਾ ਧੜੇ ਦੀ ਆਪਸੀ ਕਸ਼ਮਕਸ਼ ਕਾਰਨ ਲੱਗ ਰਿਹਾ ਧਰਨਾ!
ਪਟਿਆਲਾ ਵਿਖੇ ਲਗਾਏ ਜਾ ਰਹੇ ਧਰਨੇ ਨੂੰ ਰੱਖੜਾ ਅਤੇ ਚੰਦੂਮਾਜਰਾ ਧੜੇ ‘ਚ ਚੱਲ ਰਹੀ ਆਪਸੀ ਕਸ਼ਮਕਸ਼ ਹੀ ਮੰਨਿਆ ਜਾ ਰਿਹਾ ਹੈ। ਤਖਤੂਮਾਜਰਾ ਮੁੱਦੇ ‘ਤੇ ਚੰਦੂਮਾਜਰਾ ਧੜੇ ਵੱਲੋਂ ਜਦ ਇਸ ਮੁੱਦੇ ਨੂੰ ਭਖਾਇਆ ਗਿਆ ਤਾਂ ਰੱਖੜਾ ਧੜਾ ਵੀ ਕਿਸੇ ਪੱਖ ਤੋਂ ਪਿੱਛੇ ਨਾ ਰਿਹਾ। ਦੋਵਾਂ ਧੜਿਆਂ ਵੱਲੋਂ ਆਪਸੀ ਸਿਆਸੀ ਸ਼ਾਖ ਲਈ ਇਸੇ ਮੁੱਦੇ ਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਪਿੰਡ ਪੱਧਰ ਦੇ ਝਗੜੇ ਨੂੰ ਸਟੇਟ ਪੱਧਰੀ ਧਰਨਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵਾਰ ਫਿਰ ਵਿਵਾਦਾਂ ਦੇ ਕਟਹਿਰੇ ‘ਚ ਖੜਾ ਕੀਤਾ ਜਾ ਰਿਹਾ ਹੈ।
ਸੁਖਬੀਰ ਬਾਦਲ ਦੇ ਆਉਣ ਨਾਲ ਛਿੜ ਸਕਦੈ ਵਿਵਾਦ!
ਪਿੰਡ ਪੱਧਰ ਦੇ ਝਗੜੇ ਨੂੰ ਲੈ ਕੇ ਦਿੱਤੇ ਜਾ ਰਹੇ ‘ਚ ਧਰਨੇ ‘ਚ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰਵਾਈ ਜਾ ਰਹੀ ਸ਼ਮੂਲੀਅਤ ਕੋਈ ਨਵਾਂ ਵਿਵਾਦ ਖੜਾ ਕਰ ਸਕਦੀ ਹੈ। ਅਕਾਲੀ ਦਲ ਦੇ ਸੀਨੀਅਰ ਅਤੇ ਟਕਸਾਲੀ ਆਗੂਆਂ ਨੇ ਦੱਬੀ ਜ਼ੁਬਾਨ ‘ਚ ਕਿਹਾ ਹੈ ਕਿ ਧਰਨੇ ‘ਚ ਪਾਰਟੀ ਪ੍ਰਧਾਨ ਦੀ ਛੋਟੇ ਜਿਹੇ ਮੁੱਦੇ ‘ਤੇ ਸ਼ਮੂਲੀਅਤ ਠੀਕ ਨਹੀਂ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਰਨੇ ਤੋਂ ਦੂਰੀ ਬਣਾ ਰੱਖਣ ਲਈ ਇਕ ਸੀਨੀਅਰ ਟਕਸਾਲੀ ਵੱਲੋਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੂੰ ਫੋਨ ‘ਤੇ ਅਜਿਹੀ ਸਲਾਹ ਦਿੱਤੀ ਹੈ ਕਿ ਉਹ ਪਾਰਟੀ ਪ੍ਰਧਾਨ ਤੱਕ ਇਹ ਸੁਨੇਹਾ ਪਹੁੰਚਾਉਣ ਕਿ ਜਦ ਸਮੁੱਚਾ ਸਿੱਖ ਜਗਤ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਿਹਾ ਹੈ ਤਾਂ ਧਰਨਾ ਦੇਣਾ ਕਿਸੇ ਵੀ ਤਰ੍ਹਾਂ ਮੁਨਾਸਿਬ ਨਹੀਂ ਹੈ।

