ਅਰਵਿੰਦਰ ਕੇਜਰੀਵਾਲ ਨੇ ਦਿੱਲੀ ਦਾ ਜਿੱਤਿਆ ‘ਦਿਲ’
ਦਿੱਲੀ ‘ਚ ਆਪ ਦਾ ਜੇਤੂ ਪਰਚੰਮ, ਭਾਜਪਾ ਅਤੇ ਕਾਂਗਰਸ ਦਾ ਸੁਪੜਾ ਸਾਫ਼
ਨਵੀਂ ਦਿੱਲੀ 11 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਦੂਜੀ ਵਾਰ ਸਰਕਾਰ ਬਣਾਉਣ ‘ਚ ਸਫਲਤਾ ਹਾਸਲ ਕਰਕੇ ਭਾਜਪਾ ਨੂੰ ਵੱਡੀ ਹਾਰ ਦੇ ਦਿੱਤੀ ਹੈ। ਸਵੇਰ ਤੋਂ ਚੱਲ ਰਹੇ ਰੁਝਾਨਾਂ ‘ਚ ਭਾਵੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਵਾਅਦਾ ਕਰਨ ਵਾਲੀ ਭਾਜਪਾ ਬੜ੍ਹਤ ਬਣਾਉਂਦੀ ਨਜ਼ਰ ਆ ਰਹੀ ਸੀ, ਪਰ ਕੇਜਰੀਵਾਲ ਦੀ ਸਿਆਸੀ ਪੈਂਤੜੇਬਾਜ਼ੀ ਅਤੇ ਦਿੱਲੀ ਦੀ ਦੋ ਕਰੋੜ ਦੀ ਜਨਤਾ ਤੋਂ ਮਿਲੇ ਫਤਵੇ ਨਾਲ ਆਮ ਆਦਮੀ ਪਾਰਟੀ ਨੇ ਜੇਤੂ ਪਰਚੰਮ ਲਹਿਰਾਉਂਦਿਆਂ 63 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਭਾਜਪਾ ਨੂੰ 7 ਸੀਟਾਂ ਹੀ ਹਾਸਲ ਹੋਈਆਂ ਹੈ।
ਦਿੱਲੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਸਭ ਤੋਂ ਸ਼ਰਮਨਾਕ ਹਾਰ ਹੋਈ ਹੈ। ਕਾਂਗਰਸ ਨੇ ਸਵੇਰੇ ਇਕ ਸੀਟ ‘ਤੇ ਬੜ੍ਹਤ ਬਣਾਈ ਸੀ, ਪਰ ਜਲਦ ਹੀ ਕਾਂਗਰਸੀ ਖੇਮੇ ‘ਚ ਵੱਡੀ ਨਿਰਾਸ਼ਾ ਵੇਖਣ ਨੂੰ ਮਿਲੀ ਅਤੇ ਕਾਂਗਰਸ ਦਿੰਲੀ ਵਿਚ ਆਪਣਾ ਖਾਤਾ ਖੋਲ੍ਹ ਹੀ ਨਹੀਂ ਸਕੀ ਅਤੇ ਅਜ਼ਾਦ ਵਿਧਾਇਕਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ ਹਨ।
ਦਿੱਲੀ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਸਮਰਥਕਾਂ ਨੇ ਰੋਡ ਕੱਢਕੇ ਦਿੱਲੀ ਦੀ ਜਨਤਾ ਦਾ ਧੰਨਵਾਦ ਵੀ ਕੀਤਾ। ਦਿੱਲੀ ਚੋਣਾਂ ਰਾਹੀਂ ਆਏ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਰਵਿੰਦਰ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦਾ ਦਿਲ ਜਿੱਤ ਲਿਆ ਹੈ।

