ਪੰਜਾਬ

ਪੰਜਾਬ ਵਿਧਾਨ ਸਭਾ ਵੱਲੋਂ 10 ਉੱਘੀਆਂ ਸ਼ਖ਼ਸੀਅਤਾਂ ਅਤੇ ਹੋਰਾਂ ਨੂੰ ਸ਼ਰਧਾਂਜਲੀ

ਸਕੂਲ ਵੈਨ ਵਿਚ ਮਾਰੇ ਗਏ 4 ਬੱਚਿਆਂ ਨੂੰ ਵੀ ਕੀਤਾ ਗਿਆ ਯਾਦ
ਚੰਡੀਗੜ੍ਹ, 20 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੀ ਅਗਵਾਈ ਕਰਦਿਆਂ ਵੀਰਵਾਰ ਨੂੰ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਈਆਂ ਰਾਜਨੀਤਿਕ ਸ਼ਖਸੀਅਤਾਂ, ਪੱਤਰਕਾਰਾਂ ਅਤੇ ਸੁਤੰਤਰਤਾ ਸੰਗਰਾਮੀਆਂ ਸਮੇਤ 10 ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

15 ਵੀਂ ਵਿਧਾਨ ਸਭਾ ਦੇ ਬਜਟ ਸੈਸ਼ਨ (11ਵੇਂ ਸੈਸ਼ਨ) ਦੇ ਪਹਿਲੇ ਦਿਨ ਸਦਨ ਵਿੱਚ ਸਾਂਝੇ ਪੰਜਾਬ (ਪੁਨਰਗਠਨ ਤੋਂ ਪਹਿਲਾਂ) ਦੇ ਸਾਬਕਾ ਵਿਧਾਇਕ ਚੌਧਰੀ ਖੁਰਸ਼ੀਦ ਅਹਿਮਦ ਅਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਸਮੇਤ ਅਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਅਤੇ ਦਰਬਾਰਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਦੇ ਨਾਲ ਹੀ ਸਦਨ ਨੇ ਸੀਨੀਅਰ ਪੱਤਰਕਾਰ ਅਤੇ ਪੰਜਾਬ ਕੇਸਰੀ ਪਬਲੀਕੇਸ਼ਨਜ਼ (ਦਿੱਲੀ) ਦੇ ਮੁੱਖ ਸੰਪਾਦਕ ਅਤੇ ਕਰਨਾਲ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਕੁਮਾਰ ਚੋਪੜਾ ਨੂੰ ਵੀ ਯਾਦ ਕੀਤਾ। ਸਦਨ ਨੇ ਉੱਘੇ ਪੰਜਾਬੀ ਲੇਖਿਕਾ ਡਾ: ਦਲੀਪ ਕੌਰ ਟਿਵਾਣਾ, ਡਾ: ਜਸਵੰਤ ਸਿੰਘ ਕੰਵਲ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਲਾਚੀ ਬਾਵਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਸਦਨ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਲੌਂਗੋਵਾਲ ਵਿਖੇ ਮੰਦਭਾਗੀ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਜਾਨ ਗਵਾਉਣ ਵਾਲੇ ਚਾਰ ਬੱਚਿਆਂ ਸਿਮਰਨਜੀਤ ਸਿੰਘ, ਸੁਖਜੀਤ ਕੌਰ, ਨਵਜੋਤ ਕੌਰ ਅਤੇ ਅਰੁਧਿਆ ਕੁਮਾਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ । ਸ਼ਰਧਾਂਜਲੀ ਦੌਰਾਨ ਵਿਛੜੀਆਂ ਰੂਹਾਂ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਵੀ ਰੱਖਿਆ ਗਿਆ।
ਇਸ ਦੌਰਾਨ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਮੈਂਬਰਾਂ ਨੂੰ ਨਿੱਘੀ ਸ਼ਰਧਾਂਜਲੀ ਦੇਣ ਲਈ ਪ੍ਰਸਤਾਵ ਪੇਸ਼ ਕੀਤਾ। 4 ਬੱਚਿਆਂ ਤੇ 8 ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਦੇਣ ਕਰਨ ਉਪਰੰਤ ਉਨ੍ਹਾਂ ਸਬੰਧਤ ਪਰਿਵਾਰਾਂ ਨਾਲ ਸਦਨ ਵਲੋਂ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਮਤਾ ਪਾਸ ਕੀਤਾ। ਮਤਾ ਮੈਂਬਰਾਂ ਦੀ ਜ਼ੁਬਾਨੀ ਵੋਟਾਂ ਰਾਹੀਂ ਪਾਸ ਕੀਤਾ ਗਿਆ। ਸਪੀਕਰ ਵਲੋਂ ਨੌਜਵਾਨ ਪੱਤਰਕਾਰ ਅਮਨ ਬਰਾੜ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੀ ਪ੍ਰਸਤਾਵ ਪੇਸ਼ ਕੀਤਾ ਗਿਆ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੇਨਤੀ ‘ਤੇ ਤਰਨ ਤਾਰਨ ਵਿਖੇ ਪਟਾਕਿਆਂ ਦੇ ਧਮਾਕੇ ਨਾਲ ਮਾਰੇ ਗਏ 3 ਬੱਚਿਆਂ ਦਾ ਨਾਮ ਵੀ ਸ਼ਰਧਾਂਜਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਬੇਨਤੀ ‘ਤੇ ਸਪੀਕਰ ਨੇ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਦੇ ਨਾਂ ਨੂੰ ਵੀ ਸ਼ਰਧਾਂਜਲੀਆਂ ਦੀ ਸੂਚੀ ਵਿੱਚ ਦਰਜ ਕਰਨ ਦੀ ਇਜਾਜ਼ਤ ਦਿੱਤੀ ।

Leave a Reply

Your email address will not be published. Required fields are marked *