ਕਰਾਫ਼ਟ ਮੇਲਾ ਪਟਿਆਲਾ ਸਮੇਤ ਆਲੇ-ਦੁਆਲੇ ਦੇ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ
ਪਟਿਆਲਾ, 24 ਫਰਵਰੀ (ਮਧੂਸਾਰ ਬਿਊਰੋ) ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਪਿੱਛਲੇ ਤਿੰਨ ਦਿਨਾਂ ਤੋਂ ਲੱਗੇ ਕਰਾਫ਼ਟ ਮੇਲੇ ਨੇ ਜਿਥੇ ਪਟਿਆਲਾ ਵਾਸੀਆਂ ਦਾ ਮਨ ਮੋਹਿਆ ਹੈ ਉਥੇ ਹੀ ਮੇਲੇ ਦਾ ਆਨੰਦ ਮਾਨਣ ਲਈ ਦੂਰ-ਦੁਰਾਡੇ ਤੋਂ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਕਰਾਫ਼ਟ ਮੇਲੇ ਵਿਚ ਜਿਥੇ ਲੋਕਾਂ ਵੱਲੋਂ ਸ਼ਿਲਪਕਾਰਾਂ ਦੀਆਂ ਬਣੀਆਂ ਵਸਤਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਉਥੇ ਹੀ ਵਿਦਿਆਰਥੀਆਂ ਨੂੰ ਇਤਿਹਾਸਕਾਰਾਂ ਵੱਲੋਂ ਵੱਖ-ਵੱਖ ਰਾਜਾਂ ਦੀ ਲੱਗੀਆਂ ਸਟਾਲਾਂ ‘ਤੇ ਲਿਜਾਕੇ ਉਨ੍ਹਾਂ ਦੇ ਸਭਿਆਚਾਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) –ਕਮ- ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੇਲੇ ਨੂੰ ਮਨੋਰੰਜਨ ਦੇ ਨਾਲ-ਨਾਲ ਗਿਆਨ ਦਾ ਸਰੋਤ ਬਣਾਉਣ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਰਾਜਾਂ ਦੀ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਲਈ ਇਤਿਹਾਸਕਾਰਾਂ ਵੱਲੋਂ ਮੇਲੇ ਦਾ ਵਿਰਾਸਤੀ ਟੂਰ ਕਰਵਾਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਮੇਲੇ ‘ਚ ਸਵੇਰੇ ਸਮੇਂ ਸ਼ਬਦ ਗਾਇਨ ਅਤੇ ਗੱਤਕਾ ਕਰਵਾਇਆ ਗਿਆ ਅਤੇ ਬੱਚਿਆਂ ਦੇ ਮਨੋਰੰਜਨ ਲਈ ਮੈਜਿਕ ਸ਼ੋਅ ਅਤੇ ਗਰੁੱਪ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਵੱਖ-ਵੱਖ ਰਾਜਾਂ ਦੇ ਸਭਿਆਚਾਰਾਂ ਨੂੰ ਦਰਸਾਉਣ ਦੇ ਥੀਮ ‘ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ 300 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸ਼ਾਮ ਸਮੇਂ ਐਨ.ਜੈਡ.ਸੀ.ਸੀ ਦੇ ਪ੍ਰੋਗਰਾਮ ਅਫ਼ਸਰ ਸ੍ਰੀ ਰਵਿੰਦਰ ਸ਼ਰਮਾ ਦੀ ਅਗਵਾਈ ਵਿਚ ਪੰਜਾਬ ਪੁਲਿਸ ਕਲਚਰਲ ਟਰੂਪ ਵੱਲੋਂ ਸਭਿਆਚਾਰਕ ਪੇਸ਼ਕਾਰੀ ਕੀਤੀ ਗਈ ਤੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਆਸਾਮ ਦਾ ਭੋਰਤਾਲ, ਮਨੀਪੁਰ ਦੀ ਮਾਈ ਬਾਈ ਅਤੇ ਥੰਗ ਟਾ, ਮੱਧ ਪ੍ਰਦੇਸ਼ ਦਾ ਨਰੂਟਾ, ਉੜੀਸਾ ਦਾ ਧਾਪ ਡਾਂਸ, ਰਾਜਸਥਾਨ ਦਾ ਤੇਰਾਤਾਲੀ ਅਤੇ ਉਤਰਾਖੰਡ ਦਾ ਜੌਨਸਾਰੀ ਦੀ ਪੇਸ਼ਕਾਰੀ ਕਰਕੇ ਲੋਕਾਂ ਦਾ ਮਨ ਮੋਹਿਆ। ਉਨ੍ਹਾਂ ਦੱਸਿਆ ਵੱਖ-ਵੱਖ ਰਾਜਾਂ ਵੱਲੋਂ ਰੋਜ਼ਾਨਾ ਆਪਣੇ ਰਾਜਾਂ ਦੀਆਂ ਪੇਸ਼ਕਾਰੀ ਕੀਤੀਆਂ ਜਾਣਗੀਆਂ।
ਇਸ ਮੌਕੇ ਐਸ.ਡੀ.ਐਮ. ਸਮਾਣਾ –ਕਮ- ਸਹਾਇਕ ਮੇਲਾ ਅਫ਼ਸਰ ਸ੍ਰੀ ਨਮਨ ਮੜਕਨ ਨੇ ਦੱਸਿਆ ਕਿ ਕਰਾਫ਼ਟ ਮੇਲੇ ਵਿੱਚ ਪਹੁੰਚ ਰਹੇ ਵੱਡੀ ਗਿਣਤੀ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿੱਚ ਵਲੰਟੀਅਰਜ਼ ਵੱਲੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

