ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨਹੀਂ ਪੰਜਾਬ ਪੁਲਿਸ ਹੀ ਕਰੇਗੀ: ਸੁਪਰੀਮ ਕੋਰਟ
ਨਵੀਂ ਦਿੱਲੀ 20 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨਹੀਂ, ਸਗੋਂ ਪੰਜਾਬ ਪੁਲਿਸ ਹੀ ਕਰੇਗੀ। ਇਹ ਫ਼ੈਸਲਾ ਅੱਜ ਸੁਪਰੀਮ ਕੋਰਟ ਨੇ ਸੁਣਾਇਆ।
ਅੱਜ ਜਿਵੇਂ ਹੀ ਸੁਪਰੀਮ ਕੋਰਟ ਦਾ ਅਜਿਹਾ ਹੁਕਮ ਆਇਆ, ਤਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਸੂਚਿਤ ਕੀਤਾ ਕਿ ਬਹਿਬਲ ਕਲਾਂ ਤੇ ਬਰਗਾੜੀ ਕੇਸ ਸੀਬੀਆਈ ਹਾਰ ਚੁੱਕੀ ਹੈ।
ਦਰਅਸਲ, ਪੰਜਾਬ ਸਰਕਾਰ ਨੇ ਵਿਧਾਨ ਸਭਾ ਦੀ ਸਹਿਮਤੀ ਤੋਂ ਬਾਅਦ ਬਾਕਾਇਦਾ ਆਪਣੀ ਸਹਿਮਤੀ ਵਾਪਸ ਲੈ ਲਈ ਸੀ ਤੇ ਕਿਹਾ ਸੀ ਕਿ ਹੁਣ ਬੇਅਦਬੀ ਕਾਂਡਾਂ ਦੀ ਜਾਂਚ ਸੀਬੀਆਈ ਨਹੀਂ, ਸਗੋਂ ਪੰਜਾਬ ਪੁਲਿਸ ਹੀ ਕਰੇਗੀ ਪਰ ਸੀਬੀਆਈ ਇਸ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਚਲੀ ਗਈ ਸੀ।
ਚੇਤੇ ਰਹੇ ਕਿ ਸੀਬੀਆਈ ਨੇ ਪੰਜਾਬ ਦੇ ਇਨ੍ਹਾਂ ਬੇਅਦਬੀ ਕਾਂਡਾਂ ਦੀ ਜਾਂਚ ਨੂੰ ਬੰਦ ਕਰਨ ਲਈ ਆਪਣੀ ਰਿਪੋਰਟ ਰੱਖੀ ਸੀ ਪਰ ਪੰਜਾਬ ਸਰਕਾਰ ਨੇ ਉਸ ‘ਕਲੋਜ਼ਰ ਰਿਪੋਰਟ’ ਨੂੰ ਚੁਣੌਤੀ ਦਿੱਤੀ ਸੀ।
ਇੱਥੇ ਵਰਨਣਯੋਗ ਹੈ ਕਿ ਬਰਗਾੜੀ ਬੇਅਦਬੀ ਕਾਂਡ ਜਿਹੇ ਨਾਜ਼ੁਕ ਮਾਮਲੇ ‘ਚ ਪੰਜਾਬ ਸਰਕਾਰ ਨੂੰ ਉਸ ਵੇਲੇ ਝਟਕਾ ਲੱਗਾ ਸੀ; ਜਦੋਂ ਸੀਬੀਆਈ ਨੇ ਆਪਣੀ ‘ਕਲੋਜ਼ਰ ਰਿਪੋਰਟ’ ਬੀਤੇ ਵਰ੍ਹੇ ਅਦਾਲਤ ‘ਚ ਦਾਖ਼ਲ ਕਰ ਦਿੱਤੀ ਸੀ।
ਉਂਝ ਪੰਜਾਬ ਸਰਕਾਰ ਨੇ ਪਿਛਲੇ ਸਾਲ ਪਹਿਲਾਂ 23 ਜੁਲਾਈ ਨੂੰ ਵੀ ਇਸ ਰਿਪੋਰਟ ਦੀ ਕਾਪੀ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਉਹ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਸਰਕਾਰ ਨੇ ਬੀਤੀ 20 ਅਗਸਤ ਨੂੰ ਇੱਕ ਜਾਇਜ਼ਾ ਪਟੀਸ਼ਨ ਦਾਇਰ ਕੀਤੀ ਸੀ।
ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ। ਸੀਬੀਆਈ ਨੇ 13 ਨਵੰਬਰ, 2015 ਨੂੰ ਤਿੰਨ ਵੱਖੋ-ਵੱਖਰੇ ਕੇਸ ਦਰਜ ਕੀਤੇ ਸਨ।
ਬਰਗਾੜੀ ਦਾ ਬੇਅਦਬੀ ਕਾਂਡ ਇਸ ਵੇਲੇ ਪੰਜਾਬ ਦੀ ਸਿਆਸਤ ਦਾ ਧੁਰਾ ਬਣ ਚੁੱਕਾ ਹੈ। ਹਰ ਤਰ੍ਹਾਂ ਦੀ ਚੋਣ ਵੇਲੇ ਇਹ ਮੁੱਦਾ ਜ਼ਰੂਰ ਭਖਦਾ ਹੈ।

