ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਬੱਤ ਦੇ ਭਲੇ ਲਈ ਸੰਗਤੀ ਰੂਪ ‘ਚ ਅਰਦਾਸ
ਗੁਰਬਾਣੀ ਦੇ ਸਿਧਾਂਤ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਸੰਭਵ : ਪ੍ਰੋ. ਬਡੂੰਗਰ
ਪਟਿਆਲਾ (ਮਧੂਸਾਰ ਅਪਡੇਟ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਯੋਗ ਅਗਵਾਈ ‘ਚ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਅਤੇ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਸਰਬੱਤ ਦੇ ਭਲੇ ਲਈ ਸੰਗਤੀ ਰੂਪ ‘ਚ ਅਰਦਾਸ ਕੀਤੀ ਅਤੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਬੀਬੀ ਕੁਲਦੀਪ ਕੌਰ ਟੌਹੜਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ ਅਤੇ ਧਾਰਮਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਵੀ ਸ਼ਿਰਕਤ ਕੀਤੀ।
ਇਸ ਉਪਰੰਤ ਸੰਗਤਾਂ ਨੂੰ ਪ੍ਰੇਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦ ਵੀ ਸੰਸਾਰ ‘ਚ ਕੋਰੋਨਾ ਵਾਇਰਸ ਵਰਗੀਆਂ ਮਹਾਂਮਾਰੀ ਬਿਮਾਰੀਆਂ ਨੇ ਮਨੁੱਖਤਾ ਦਾ ਜਾਨੀ ਨੁਕਸਾਨ ਕੀਤਾ ਤਾਂ ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਸੰਕਟ ‘ਚੋਂ ਕੱਢਣ ਦਾ ਬਲ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਸੰਗਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸ ਅਤੇ ਮਰਿਆਦਾ ਅਨੁਸਾਰ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਤੋਂ ਵੱਡਾ ਕੋਈ ਵਿਗਿਆਨ ਨਹੀਂ ਹੈ ਸ਼ਰਧਾ ਅਤੇ ਆਸਥਾ ਨਾਲ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੂੰ ਜੜ੍ਹ ਨੂੰ ਪੁੱਟਿਆ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪੁੱਜਦੀ ਸੰਗਤ ਨੂੰ ਵੀ ਸਾਵਧਾਨ ਅਤੇ ਸੁਚੇਤ ਰਹਿਣ ਦੀ ਲੋੜ ਹੈ। ਇਸੇ ਤਰ੍ਹਾਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ, ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਸੰਗਤੀ ਰੂਪ ‘ਚ ਅਰਦਾਸ ਸਮਾਗਮ ਆਯੋਜਿਤ ਕੀਤੇ ਗਏ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ, ਅਮਰਪਾਲ ਸਿੰਘ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਭਾਈ ਕੁਲਵਿੰਦਰ ਸਿੰਘ, ਭਾਈ ਹਰਵਿੰਦਰ ਸਿੰਘ ਹੈਡ ਗ੍ਰੰਥੀ ਮੋਤੀ ਬਾਗ ਸਾਹਿਬ, ਰਵਿੰਦਰਪਾਲ ਸਿੰਘ ਵਿੰਟੀ, ਭਗਵੰਤ ਸਿੰਘ, ਜੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਸਮੂਹ ਸਟਾਫ ਵੀ ਸ਼ਾਮਲ ਹੋਇਆ।

