ਪੰਜਾਬਪਟਿਆਲਾ

ਕੋਰੋਨਾ ਸੰਕਟ : ਸਿਆਸਤ ਦੀ ਬਜਾਏ ਸਕਰਾਤਮਕ ਭੂਮਿਕਾ ਨਿਭਾਉਣ ਸਿਆਸੀ ਧਿਰਾਂ : ਜਸਪਾਲ ਸਿੰਘ ਪ੍ਰਧਾਨ

ਪਟਿਆਲਾ ਨੂੰ ਕੋਰੋਨਾ ਮੁਕਤ ਬਣਾਉਣ ਲਈ ਪਟਿਆਲਵੀ ਅੱਗੇ ਆਉਣ
ਪਟਿਆਲਾ 23 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਦੇ ਸਾਬਕਾ ਮੇਅਰ ਜਸਪਾਲ ਸਿੰਘ ਪ੍ਰਧਾਨ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਾਲਾਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਸਿਆਸਤ ਤੋਂ ਉਪਰ ਉਠ ਕੇ ਕੋਰੋਨਾ ਵਾਇਰਸ ਕਾਰਨ ਬਣੀ ਸਥਿਤੀ ਨਾਲ ਨਜਿੱਠਣ ਲਈ ਸਕਰਾਤਮਕ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਨੂੰ ਤਾਂ ਹੀ ਜਿੱਤਿਆ ਜਾ ਸਕਦਾ, ਜੇ ਅੱਜ ਸਿਆਸਤ ਤੋਂ ਪਿੱਛੇ ਹੱਟ ਕੇ ਮਨੁੱਖਤਾ ਦੀ ਸੇਵਾ ‘ਚ ਜੁਟੇ ਸਿਹਤ ਕਰਮੀਆਂ, ਡਾਕਟਰੀ ਸਟਾਫ ਅਤੇ ਪੁਲਿਸ ਦੇ ਜਵਾਨਾਂ ਦੀ ਹੌਂਸਲਾ ਅਫਜ਼ਾਈ ਕਰਨ ਦੇ ਨਾਲ-ਨਾਲ ਕਰਫਿਊ ਅਤੇ ਲਾਕਡਾਊਨ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਸਾਬਕਾ ਮੇਅਰ ਨੇ ਕਿਹਾ ਕਿ ਅੱਜ ਪਟਿਆਲਾ ਨੂੰ ਕੋਰੋਨਾ ਮੁਕਤ ਬਣਾਉਣ ਲਈ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਾਂਗ ਮਿਸਾਲ ਕਾਇਮ ਕਰਨ ਲਈ ਅੱਜ ਪਟਿਆਲਵੀਆਂ ਨੂੰ ਅੱਗੇ ਆਉਣਾ ਚਾਹੀਦਾ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਹਰ ਅਪੀਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੋਰੋਨਾ ਵਾਇਰਸ ਦੇ ਫੈਲਾਅ ਤੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਜਿਹੜੀਆਂ ਸੰਸਥਾਵਾਂ ਸੇਵਾ ਦੇ ਖੇਤਰ ‘ਚ ਯੋਗਦਾਨ ਪਾਉਣੀਆਂ ਚਾਹੁੰਦੀਆਂ ਉਹ ਖੁਦ ਆਪ ਬੀੜਾ ਚੁੱਕਣ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਸੇਵਾ ਦਾ ਮਹਾਨ ਕਾਰਜ ਕਰ ਸਕਦੀਆਂ, ਜਦਕਿ ਅੱਜ ਲੋੜ ਹੈ ਕਿ ਸਾਰੇ ਆਪੋ ਆਪਣੇ ਘਰ ਰਹੀਏ, ਸਮਾਜਕ ਦੂਰੀ ਅਤੇ ਸਵੱਛਤਾ ਨੂੰ ਪਹਿਲ ਦੇਈਏ ਤਾਂ ਕਿ ਮਹਾਂਮਾਰੀ ਨਾਲ ਨਜਿੱਠਿਆ ਜਾ ਸਕੇ। ਸਾਬਕਾ ਮੇਅਰ ਜਸਪਾਲ ਸਿੰਘ ਪ੍ਰਧਾਨ ਨੇ ਪਟਿਆਲਵੀਆਂ ਨੂੰ ਸੰਜਮ ਅਤੇ ਸੁਚੇਤ ਰਹਿਣ ਲਈ ਪ੍ਰੇਰਦਿਆਂ ਕਿਹਾ ਕਿ ਭਾਵੇਂ ਅੱਜ ਕੋਰੋਨਾ ਵਾਇਰਸ ਦਾ ਪ੍ਰਭਾਵ ਅੱਜ ਸੰਸਾਰ ਪੱਧਰ ‘ਤੇ ਪਿਆ ਹੈ, ਪਰ ਇਹ ਸਮੱਸਿਆ ਆਲਮੀ ਨਹੀਂ ਹੈ, ਜਿਸ ਦਾ ਹੱਲ ਨਾ ਹੋ ਸਕੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੇ ਖਾਤਮੇ ਦਾ ਹੱਲ ਸਾਹਮਣੇ ਨਹੀਂ ਆ ਜਾਂਦਾ। ਉਦੋਂ ਤੱਕ ਬਚਾਅ ਪੱਖ ਤੋਂ ਹੀ ਉਪਾਅ ਵਜੋਂ ਸਾਰਿਆਂ ਨੂੰ ਇਹਤਿਆਦ ਵਰਤਣ ਦੀ ਲੋੜ ਹੈ।

Leave a Reply

Your email address will not be published. Required fields are marked *