ਇਕਾਂਤਵਾਂਸ ਸੀਨੀ. ਡਿਪਟੀ ਮੇਅਰ ਨੇ ਤਾਲਾ ਖੁੱਲ੍ਹਵਾਕੇ ਸਕੂਲ ‘ਚ ਵੰਡਿਆ ਰਾਸ਼ਨ..!
ਮੁੱਖ ਮੰਤਰੀ ਦੇ ਆਪਣੇ ਸ਼ਹਿਰ ‘ਚ ਪ੍ਰਸ਼ਾਸਨ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ
ਡਿਪਟੀ ਕਮਿਸ਼ਨਰ ਪਟਿਆਲਾ ਨੇ ਸ਼ਹਿਰ ‘ਚ ਲੰਗਰ ਵੰਡਣ ‘ਤੇ ਲਗਾਈ ਹੋਈ ਪਾਬੰਦੀ
ਪਟਿਆਲਾ 24 ਅਪ੍ਰੈਲ (ਮਧੂਸਾਰ ਬਿਊਰੋ) ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਪ੍ਰਭਾਵ ਅਤੇ ਫਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਜਨਤਾ ਨੂੰ ਸਮੇਂ-ਸਮੇਂ ‘ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ, ਪਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿਚ ਕੁਝ ਦਿਨ ਪਹਿਲਾਂ ਇਕਾਂਤਵਾਸ ਕੀਤੇ ਗਏ ਨਿਗਮ ਦੇ ਸੀਨੀ. ਡਿਪਟੀ ਮੇਅਰ ਵੱਲੋਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਖਾਲਸਾ ਮੁਹੱਲੇ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਵਿਖੇ ਰਾਸ਼ਨ ਸਪਲਾਈ ਕੀਤੇ ਜਾਣ ਦੀ ਵੰਡ ਸੀਨੀਅਰ ਡਿਪਟੀ ਮੇਅਰ ਖੁਦ ਕਰਦੇ ਵਿਖਾਈ ਦਿੰਦੇ, ਜਦਕਿ ਡਾਕਟਰੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਡਾਕਟਰਾਂ ਵੱਲੋਂ ਸਿਹਤਯਾਬ ਹੋਣ ਲਈ 14 ਦਿਨਾਂ ਲਈ ਘਰ ‘ਚ ਹੀ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਸੀ। ਸੀਨੀ. ਡਿਪਟੀ ਮੇਅਰ ਦੇ ਘਰ ਦੇ ਬਾਹਰ ਲੱਗਾ ਇਕਾਂਤਵਾਸ ਦਾ ਸਾਈਨ ਬੋਰਡ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸ਼ੱਕ ਦੇ ਲੱਛਣ ਹੋਣ ਕਾਰਨ ਸਿਹਤ ਵਿਭਾਗ ਨੇ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਵੱਲੋਂ ਸ਼ਹਿਰ ਵਿਚ ਲੰਗਰ ਜਾਂ ਰਾਸ਼ਨ ਵੰਡਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੈ, ਜਿਸ ਦੇ ਬਾਵਜੂਦ ਹੁਕਮਾਂ ਦੀ ਉਲੰਘਣਾ ਹੁੰਦੀ ਵਿਖਾਈ ਦਿੱਤੀ ਹੈ। ਖਾਲਸਾ ਸੀਨੀ. ਸੈਕੰਡਰੀ ਸਕੂਲ ਨੂੰ ਖੁੱਲ੍ਹਵਾਕੇ ਕੇਵਲ ਰਾਸ਼ਨ ਵੰਡਣ ਦੀ ਉਲੰਘਣਾ ਉਸ ਸਮੇਂ ਕਰਨਾ, ਜਦ ਮੁੱਖ ਮੰਤਰੀ ਦੇ ਆਪਣੇ ਸ਼ਹਿਰ ‘ਚ ਕਰਫਿਊ ਅਤੇ ਲਾਕਡਾਊਨ ਹੋਇਆ ਹੋਵੇ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲ ਪੂਰਨ ਤੌਰ ‘ਤੇ ਬੰਦ ਰੱਖੇ ਜਾਣ ਦੇ ਆਦੇਸ਼ਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਨ। ਕਰਫਿਊ ਜਾਂ ਲਾਕਡਾਊਨ ਦੌਰਾਨ ਉਲੰਘਣਾ ਦੇ ਦੋਸ਼ ‘ਚ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਸਖਤੀ ਦੇ ਚੱਲਦਿਆਂ ਕਈਆਂ ਖਿਲਾਫ਼ ਮਾਮਲੇ ਵੀ ਦਰਜ ਕਰਕੇ ਸਾਰਿਆਂ ਨੂੰ ਘਰਾਂ ‘ਚ ਰਹਿਣ ਦੀ ਹਦਾਇਤ ਕੀਤੀ ਗਈ ਸੀ, ਪਰ ਇਕਾਂਤਵਾਸ ਕੀਤੇ ਜਾਣ ਦੇ ਬਾਵਜੂਦ ਸੀਨੀ. ਡਿਪਟੀ ਮੇਅਰ ਵੱਲੋਂ ਰਾਸ਼ਨ ਵੰਡਣਾ ਇਹ ਦਰਸਾਉਂਦਾ ਹੈ ਕਿ ਹਾਕਮ ਧਿਰ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਅਪੀਲ ਅਤੇ ਸਖਤੀ ਨੂੰ ਟਿੱਚ ਜਾਣਦੇ ਹਨ।
ਮੁੱਖ ਮੰਤਰੀ ਦੇ ਸ਼ਹਿਰ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਤੋਂ ਬਾਅਦ ਜਿਥੇ ਲੋਕ ਖੌਫਜ਼ਦਾ ਹਨ, ਉਥੇ ਹੀ ਪ੍ਰਸ਼ਾਸਨ ਲਈ ਵੀ ਸਿਰਦਰਦੀ ਬਣੀ ਹੋਈ ਹੈ। ਸ਼ਹਿਰ ‘ਚ ਕਰਫਿਊ ਦੌਰਾਨ ਹੁੰਦੀ ਚਹਿਲ ਪਹਿਲ ਨੂੰ ਰੋਕਣ ਲਈ ਕੀਤੀ ਸਖਤੀ ਦੇ ਚੱਲਦਿਆਂ ਜਿਥੇ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ ‘ਚ ਕਈ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਥੇ ਹੀ ਕਰਫਿਊ ਅਤੇ ਲਾਕਡਾਊਨ ਦੀ ਉਲੰਘਣਾ ਕਰਕੇ ਸੀਨੀ. ਡਿਪਟੀ ਮੇਅਰ ਵੱਲੋਂ ਕੀਤੀ ਰਾਸ਼ਨ ਦੀ ਵੰਡ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ ਕਿ ਕਾਨੂੰਨੀ ਕਾਰਵਾਈ ਦੌਰਾਨ ਪ੍ਰਸ਼ਾਸਨ ਦੋਹਰੇ ਮਾਪਦੰਡ ਨਾ ਅਪਣਾਵੇ।

