ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਨੂੰ ਸੀਨੀ. ਡਿਪਟੀ ਮੇਅਰ ਵੱਲੋਂ ਕਮਜ਼ੋਰ ਕਰਨਾ ਸ਼ਰਮਨਾਕ ਵਰਤਾਰਾ : ਜਸਪਾਲ ਸਿੰਘ ਪ੍ਰਧਾਨ
ਸਿਆਸਤ ਚਮਕਾਉਣ ਲਈ ਰਾਸ਼ਨ ਵੰਡਣਾ ਮਨੁੱਖਤਾ ਨਾਲ ਵੱਡਾ ਖਿਲਵਾੜ
ਕੋਰੋਨਾ ਖਿਲਾਫ਼ ਜੰਗ ਜਿੱਤਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਸਾਰਿਆਂ ਦਾ ਫਰਜ਼
ਪਟਿਆਲਾ 25 ਅਪ੍ਰੈਲ (ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਦੇ ਸਾਬਕਾ ਮੇਅਰ ਜਸਪਾਲ ਸਿੰਘ ਪ੍ਰਧਾਨ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਸਿਆਸਤ ਤੋਂ ਪਰਹੇਜ਼ ਕਰਦੇ ਕੋਰੋਨਾ ਖਿਲਾਫ਼ ਸਰਕਾਰਾਂ ਵੱਲੋਂ ਲੜੀ ਜਾ ਰਹੀ ਜੰਗ ਨੂੰ ਜਿੱਤਣ ਲਈ ਇਕਮੱਤ ਹੋਣ ਦੀ ਲੋੜ ਹੈ, ਜਦਕਿ ਨਗਰ ਨਿਗਮ ਦੇ ਸੀਨੀ. ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਵੱਲੋਂ ਇਕਾਂਤਵਾਸ ਤੋੜ ਕੇ ਕੇਵਲ ਸਿਆਸਤ ਲਈ ਰਾਸ਼ਨ ਦੀ ਵੰਡ ਪ੍ਰਸ਼ਾਸਨਿਕ ਮਰਿਆਦਾ ਦੀ ਉਲੰਘਣਾ ਕਰਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਨੂੰ ਸੀਨੀ. ਡਿਪਟੀ ਮੇਅਰ ਵੱਲੋਂ ਕਮਜ਼ੋਰ ਕਰਨਾ ਸ਼ਰਮਨਾਕ ਵਰਤਾਰਾ ਹੈ।
ਸਾਬਕਾ ਮੇਅਰ ਨੇ ਸੀਨੀ. ਡਿਪਟੀ ਮੇਅਰ ਦੇ ਇਸ ਕਦਮ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਸਿਆਸਤ ਕਰਨ ਲਈ ਭਵਿੱਖ ‘ਚ ਕਾਫੀ ਸਮਾਂ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕੋਰੋਨਾ ਮਹਾਂਮਾਰੀ ਦਾ ਸੰਕਟ ਪਟਿਆਲਾ ‘ਚ ਪੂਰੀ ਤਰ੍ਹਾਂ ਮੰਡਰਾ ਰਿਹਾ ਹੈ ਤਾਂ ਉਸ ਸਮੇਂ ਰਾਸ਼ਨ ਖਾਤਰ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ‘ਚ ਪਾਉਣਾ ਮਨੁੱਖਤਾ ਨਾਲ ਵੱਡਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਕਾਤਵਾਂਸ ਨੂੰ ਭੰਗ ਕਰਕੇ ਕਰਫਿਊ ਅਤੇ ਲਾਕਡਾਊਨ ਦੇ ਚੱਲਦਿਆਂ ਸਰਕਾਰੀ ਸਕੂਲ ਨੂੰ ਖੁੱਲ੍ਹਵਾਕੇ ਸਰਕਾਰ ਤੇ ਪ੍ਰਸ਼ਾਸਨ ਦੇ ਉਨ੍ਹਾਂ ਹੁਕਮਾਂ ਦੀ ਵੱਡੀ ਉਲੰਘਣਾ ਕੀਤੀ ਗਈ, ਜਦ ਸੂਬੇ ਦੇ ਸਰਕਾਰੀ ਤੇ ਨਿੱਜੀ ਸਕੂਲ ਖੋਲ੍ਹਣ ‘ਤੇ ਪੂਰਨ ਪਾਬੰਦੀ ਲੱਗੀ ਹੋਵੇ। ਸਾਬਕਾ ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ‘ਚ ਅਜਿਹਾ ਉਸ ਸਮੇਂ ਹੋਣਾ ਜਦ ਪ੍ਰਸ਼ਾਸਨ ਕੋਰੋਨਾ ਖਿਲਾਫ਼ ਜੰਗ ਲੜ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਸੀਨੀ ਡਿਪਟੀ ਮੇਅਰ ਵੱਲੋਂ ਜ਼ਿੰਮੇਵਾਰਨਾ ਭੂਮਿਕਾ ਨਾ ਨਿਭਾਉਣ ਕਾਰਨ ਜਿਥੇ ਪ੍ਰਸ਼ਾਸਨ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ, ਉਥੇ ਜੇ ਅਜਿਹੀ ਵੱਡੀ ਅਣਗਹਿਲੀ ਹੋਈ ਹੈ ਤਾਂ ਲੋਕਤੰਤਰ ‘ਚ ਕਾਨੂੰਨ ਲਈ ਕੋਈ ਛੋਟਾ ਜਾਂ ਵੱਡਾ ਨਹੀਂ ਹੈ।
ਸਾਬਕਾ ਮੇਅਰ ਜਸਪਾਲ ਸਿੰਘ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਅਤੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਸਮੇਤ ਕੋਰੋਨਾ ਵਾਇਰਸ ਨੂੰ ਜ਼ਿਲ੍ਹੇ ‘ਚੋਂ ਖਦੇੜਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਰਾਜਪੁਰਾ ‘ਚ ਆਏ ਕੇਸਾਂ ਕਾਰਨ ਪਟਿਆਲਾ ਭਿਆਨਕ ਮਹਾਂਮਾਰੀ ਖਿਲਾਫ਼ ਜੰਗ ਲੜ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਦੇ ਮਾਧਿਅਮ ਨਾਲ ਲੋੜਵੰਦਾਂ ਦੀ ਸਹਾਇਤਾਂ ਲਈ ਯਤਨਸ਼ੀਲ ਹੋਣਾ ਚੰਗਾ ਉਪਰਾਲਾ ਵੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ਼ ਪ੍ਰਸ਼ਾਸਨ ਵੱਲੋਂ ਲੜੀ ਜਾ ਰਹੀ ਇਸ ਜੰਗ ‘ਚ ਉਹ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਕਰਨਗੇ।

