ਇਕਾਂਤਵਾਸ ਤੋੜਨ ਵਾਲੇ ਸੀਨੀ. ਡਿਪਟੀ ਮੇਅਰ ਖਿਲਾਫ਼ ਪ੍ਰਸ਼ਾਸਨ ਕਰੇ ਸਖਤ ਕਾਰਵਾਈ : ਚੀਮਾ, ਮਲੂਕਾ
ਮੁੱਖ ਮੰਤਰੀ ਦੇ ਸ਼ਹਿਰ ‘ਚ ਇਕਾਂਤਵਾਸ ਦੀ ਉਲੰਘਣਾ ਦਾ ਮਾਮਲਾ
ਨੈਤਿਕਤਾ ਦੇ ਆਧਾਰ ‘ਤੇ ਸੀਨੀਅਰ ਡਿਪਟੀ ਮੇਅਰ ਅਹੁਦੇ ਤੋਂ ਦੇਵੇ ਅਸਤੀਫ਼ਾ
ਪਟਿਆਲਾ 25 ਅਪ੍ਰੈਲ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਸ. ਦਲਜੀਤ ਸਿੰਘ ਚੀਮਾ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਵੱਲੋਂ ਇਕਾਂਤਵਾਸ ਦੀ ਉਲੰਘਣਾ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਸ਼ਾਸਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ ‘ਚ ਕਰਫਿਊ ਅਤੇ ਲਾਕਡਾਊਨ ਦੌਰਾਨ ਕਾਨੂੰਨ ਦੀ ਸ਼ਰੇਆਮ ਉਲੰਘਣਾ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਵੱਡੀ ਅਣਦੇਖੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੀਤੇ ਜਾਣ ਦੀ ਉਲੰਘਣਾ ਕਰਕੇ ਸੀਨੀ. ਡਿਪਟੀ ਮੇਅਰ ਵੱਲੋਂ ਸਰਕਾਰੀ ਸਕੂਲ ਦਾ ਤਾਲਾ ਖੁੱਲ੍ਹਵਾਕੇ ਰਾਸ਼ਨ ਵੰਡਣ ਨੂੰ ਤਰਜੀਹ ਦੇਣਾ ਇਹ ਸਾਬਤ ਕਰਦਾ ਹੈ ਕਿ ਹਾਕਮ ਧਿਰ ਸੱਤਾ ਦੇ ਨਸ਼ੇ ‘ਚ ਪ੍ਰਸ਼ਾਸਨਕ ਹਦਾਇਤਾਂ ਦੀ ਅਜਿਹੇ ਸਮੇਂ ‘ਚ ਅਣਦੇਖੀ ਕਰ ਰਹੀ ਹੈ, ਜਦ ਸੰਸਾਰ ਪੱਧਰ ‘ਤੇ ਲੋਕ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹੋਣ। ਉਨ੍ਹਾਂ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਵੱਲੋਂ ਐਕਟ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ ਅਤੇ ਅੱਜ ਪ੍ਰਸ਼ਾਸਨ ਨੂੰ ਦੋਹਰੇ ਮਾਪਦੰਡ ਰੱਖਣ ਦੀ ਬਜਾਏ ਐਕਟ ਦੀ ਉਲੰਘਣਾ ਕੀਤੇ ਜਾਣ ਤਹਿਤ ਕਾਨੂੰਨੀ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਹੈ। ਸ. ਚੀਮਾ ਨੇ ਕਿਹਾ ਕਿ ਅੱਜ ਪ੍ਰਸ਼ਾਸ਼ਨ ਨੂੰ ਕਾਰਵਾਈ ਕਰਕੇ ਸਾਰਿਆਂ ਸਾਹਮਣੇ ਇਹ ਮਿਸਾਲ ਰੱਖਣੀ ਚਾਹੀਦੀ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਭਾਵੇਂ ਸੱਤਾਧਿਰ ਜਾਂ ਵਿਰੋਧੀ ਧਿਰ ਦਾ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਦੂਜੇ ਪਾਸੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਨੂੰ ਨੈਤਿਕਤਾ ਦੇ ਆਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਚਾਹੀਦਾ ਹੈ। ਸ. ਮਲੂਕਾ ਨੇ ਕਿਹਾ ਕਿ ਜਦ ਮੁੱਖ ਮੰਤਰੀ ਦੇ ਸ਼ਹਿਰ ‘ਚ ਕੋਰੋਨਾ ਫੈਲਾਉਣ ਦੇ ਦੋਸ਼ ਤਹਿਤ ਵਿਅਕਤੀਆਂ ‘ਤੇ ਮਾਮਲਾ ਦਰਜ ਹੋ ਸਕਦਾ ਹੈ ਤਾਂ ਸੀਨੀ ਡਿਪਟੀ ਮੇਅਰ ਖਿਲਾਫ਼ ਇਕਾਂਤਵਾਸ ਭੰਗ ਕਰਨ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਦੋਸ਼ ਤਹਿਤ ਕਾਰਵਾਈ ਕਰਨ ਤੋਂ ਪ੍ਰਸ਼ਾਸਨ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ।
ਸਿਵਲ ਸਰਜਨ ਨੇ ਜਵਾਬ ਐਸਐਸਪੀ ਨੂੰ ਭੇਜਿਆ
ਨਿਗਮ ਦੇ ਸੀਨੀ. ਡਿਪਟੀ ਮੇਅਰ ਵੱਲੋਂ ਇਕਾਂਤਵਾਸ ਭੰਗ ਕੀਤੇ ਜਾਣ ‘ਤੇ ਸਿਹਤ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਡਿਪਟੀ ਮੇਅਰ ਤੋਂ 24 ਘੰਟਿਆਂ ‘ਚ ਜਵਾਬ ਮੰਗਿਆ ਸੀ, ਜੋ ਅੱਜ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੂੰ ਪ੍ਰਾਪਤ ਹੋਇਆ ਹੈ। ਸਿਵਲ ਸਰਜਨ ਨੇ ਸੀਨੀ. ਡਿਪਟੀ ਮੇਅਰ ਵੱਲੋਂ ਭੇਜਿਆ ਜਵਾਬ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੂੰ ਭੇਜ ਦਿੱਤਾ ਗਿਆ। ਵੇਖਣਾ ਹੋਵੇਗਾ ਕਿ ਐਸਐਸਪੀ ਪਟਿਆਲਾ ਅਗਲੇਰੀ ਕਿਹੜੀ ਕਾਰਵਾਈ ਕਰਨਗੇ।
ਸਪੈਸ਼ਲ ਚੀਫ਼ ਸੈਕਟਰੀ ਪੰਜਾਬ ਨੇ ਵੀ ਕੀਤਾ ਸੀ ਟਵੀਟ
ਸੀਨੀਅਰ ਡਿਪਟੀ ਮੇਅਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਪੈਸ਼ਲ ਚੀਫ਼ ਸੈਕਟਰੀ ਪੰਜਾਬ ਕਰਨਬੀਰ ਸਿੰਘ ਸਿੱਧੂ ਨੇ ਟਵੀਟ ਕਰਕੇ ਜਿਥੇ ਫੇਕ ਖ਼ਬਰ ਵੱਲ ਧਿਆਨ ਦਿਵਾਇਆ ਸੀ, ਉਥੇ ਹੀ ਉਨ੍ਹਾਂ ਐਸਐਸਪੀ ਪਟਿਆਲਾ ਨੂੰ ਇਕਾਂਤਵਾਸ ਤੋੜਨ ਅਤੇ ਐਕਟ 1897 ਤਹਿਤ ਕਾਰਵਾਈ ਦੀ ਮੰਗ ਵੀ ਕੀਤੀ ਸੀ।

