ਮੰਡੀਆ ਵਿੱਚੋ 72 ਘੰਟੇ ਅੰਦਰ ਕਣਕ ਦੀਆ ਬੋਰੀਆਂ ਦੀ ਲਿਫਟਿੰਗ ਦੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਦੀ ਫੂਕ ਨਿਕਲੀ : ਰਾਜੂ ਖੰਨਾ
ਅਮਲੋਹ ਮੰਡੀ ਅੰਦਰ ਇੱਕ ਮਹੀਨਾ ਹੋ ਜਾਣ ਤੇ ਵੀ ਨਹੀ ਕਰਾ ਸਕੀ ਸਰਕਾਰ ਲਿਫਟਿੰਗ
ਮੌਸਮ ਖਰਾਬ ਹੋਣ ਤੇ ਲਿਫਟਿੰਗ ਨੂੰ ਲੈ ਕੇ ਆੜਤੀਏ ਤੇ ਮਜ਼ਦੂਰ ਗਹਿਰੀ ਚਿੰਨਤਾ ਵਿੱਚ
ਅਮਲੋਹ 16 ਮਈ (ਮਧੂਸਾਰ ਬਿਊਰੋ) ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚੋ 72 ਘੰਟਿਆਂ ਅੰਦਰ ਕਣਕ ਦੀਆ ਬੋਰੀਆਂ ਦੀ ਲਿਫਟਿੰਗ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਦੀ ਫੂਕ ਨਿਕਲੀ। ਕਿਉਂਕਿ ਅਨਾਜ ਮੰਡੀ ਅਮਲੋਹ ਵਿੱਚ 1 ਮਹੀਨਾ ਪਹਿਲਾਂ ਖਰੀਦ ਕੀਤੀ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ।
ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਲਿਫਟਿੰਗ ਸਬੰਧੀ ਅਨਾਜ ਮੰਡੀ ਅਮਲੋਹ ਦੇ ਆੜਤੀਆਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿਥੇ ਮੰਡੀਆਂ ਵਿੱਚ ਕਣਕ ਦੀ ਖਰੀਦ ਸਮੇ ਕਿਸਾਨਾਂ ਨੂੰ ਵਧੇਰੇ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਉਥੇ ਅੱਜ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਤੇ ਮਜ਼ਦੂਰ ਗਹਿਰੀ ਚਿੰਨਤਾ ਵਿੱਚ ਹਨ। ਕਿਉਂਕਿ ਭਾਵੇ ਅਨਾਜ ਮੰਡੀਆਂ ਵਿੱਚ ਇੱਕ ਮਹੀਨੇ ਤੋ ਕਣਕ ਦੀ ਖਰੀਦ ਕੀਤੀ ਜਾ ਰਹੀ ਸੀ,ਪਰ ਲਿਫਟਿੰਗ ਨਾ ਮਾਤਰ ਹੋਣ ਕਾਰਨ ਅਨਾਜ ਮੰਡੀ ਅਮਲੋਹ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਦਿਖਾਈ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿਥੇਂ ਹਰ ਰੋਜ ਮੌਸਮ ਖਰਾਬ ਹੋਣ ਕਾਰਨ ਬਰਸਾਤ ਆ ਜਾਦੀ ਹੈ ਉਥੇ ਇਹਨਾਂ ਕਣਕ ਦੀਆ ਬੋਰੀਆਂ ਦਾ ਬਰਸਾਤ ਨਾਲ ਭਿੱਜਣਾ ਲਾਜ਼ਮੀ ਹੀ ਹੈ,ਜਿਸ ਕਾਰਨ ਆੜਤੀਏ ਤੇ ਮਜ਼ਦੂਰ ਇਹ ਸੰਤਾਪ ਭੋਗਣ ਲੲੀ ਮਜਬੂਰ ਹਨ। ਕਿਉਂਕਿ ਜਿਥੇ ਆੜਤੀਆਂ ਤੇ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਖਰੀਦੀ ਗਈ ਕਣਕ ਦੀ ਰਾਖੀ ਕਰਨੀ ਪੈ ਰਹੀ ਹੈ ਉਥੇ ਬਰਸਾਤ ਤੋ ਕਣਕ ਨੂੰ ਬਚਾਉਣ ਲਈ ਵੀ ਪੁੱਖਤਾ ਪ੍ਰਬੰਧ ਕਰਨੇ ਪੈ ਰਹੇ ਹਨ। ਰਾਜੂ ਖੰਨਾ ਨੇ ਅੱਗੇ ਦੱਸਿਆ ਕਿ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ ਵੀ ਅਪਣੀ ਛੁੱਟੀ ਕਰਕੇ ਨਹੀ ਜਾ ਸਕਦੇ ਜਿਸ ਕਾਰਨ ਕਣਕ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਵੱਲੋਂ ਕਮਾਏ ਪੈਸੇ ਵੀ ਹੁਣ ਲਿਫਟਿੰਗ ਨਾ ਹੋਣ ਕਾਰਨ ਵਿਹਲੇ ਬੈਠ ਕੇ ਖਾਦੇ ਜਾ ਚੁੱਕੇ ਹਨ ,ਜਦੋ ਕਿ 72 ਘੰਟਿਆਂ ਬਾਅਦ ਖਰੀਦ ਏਜੰਸੀਆਂ ਦੀ ਬੋਰੀਆਂ ਸਬੰਧੀ ਚੁੱਕਣ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਤੋ ਇਲਾਵਾ ਜਦੋ ਇਹ ਕਣਕ ਦੀਆ ਬੋਰੀਆਂ ਦੀ ਲਿਫਟਿੰਗ ਖਰੀਦ ਏਜੰਸੀਆਂ ਤੇ ਸਰਕਾਰ ਕਰਵਾਏਗੀ ਉਦੋ ਪ੍ਰਤੀ ਟਰੱਕ ਮਗਰ ਆੜਤੀਏ ਤੋ ਸੋਟਿੰਜ ਦੇ ਨਾਮ ਤੇ ਵਾਧੂ ਕਣਕ ਵੀ ਵਸੂਲੀ ਜਾਵੇਗੀ ਜੋ ਕਿ ਸਰਕਾਰ ਦਾ ਆੜਤੀਆਂ ਨਾਲ ਸਰਾਸਰ ਧੱਕਾ ਹੈ। ਜਦੋਂ ਕਿ 72 ਘੰਟਿਆਂ ਬਾਅਦ ਜੇਕਰ ਸਰਕਾਰ ਜਾ ਖਰੀਦ ਏਜੰਸੀਆਂ ਮੰਡੀ ਵਿੱਚੋ ਲਿਫਟਿੰਗ ਨਹੀ ਕਰਵਾਉਂਦੀਆਂ ਤਾ ਇਹ ਜ਼ਿੰਮੇਵਾਰੀ ਸਰਕਾਰ ਤੇ ਖਰੀਦ ਏਜੰਸੀਆਂ ਦੀ ਬਣਦੀ ਹੈ। ਰਾਜੂ ਖੰਨਾ ਨੇ ਸਰਕਾਰ ਤੇ ਖਰੀਦ ਏਜੰਸੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਮੰਡੀਆਂ ਵਿੱਚ ਖਰੀਦ ਕੀਤੀ ਕਣਕ ਨੂੰ ਜਲਦ ਲਿਫਟ ਕਰਵਾ ਕੇ ਆੜਤੀਆਂ ਤੇ ਮਜ਼ਦੂਰਾਂ ਦੀ ਵੱਡੀ ਸਮੱਸਿਆ ਦਾ ਤੁਰੰਤ ਹੱਲ ਕਰਕੇ , ਤੇ ਮੰਡੀ ਵਿੱਚ ਬੈਠੇ ਮਜ਼ਦੂਰਾਂ ਲੲੀ ਰਾਸਨ ਦਾ ਪ੍ਰਬੰਧ ਵੀ ਕਰੇ ਕਿਉਂਕਿ ਮਜ਼ਦੂਰ ਵਰਗ ਪਿਛਲੇ ਇੱਕ ਮਹੀਨੇ ਤੋ ਸਰਕਾਰ ਵੱਲੋਂ ਖ਼ਰੀਦ ਕੀਤੀ ਕਣਕ ਦੀ ਸਾਭ ਸੰਭਾਲ ਤੇ ਰਾਖੀ ਕਰ ਰਿਹਾ ਹੈ।ਜੇਕਰ ਸਰਕਾਰ ਤੇ ਖਰੀਦ ਏਜੰਸੀਆਂ ਵੱਲੋਂ ਆੜਤੀਆਂ ਤੇ ਮਜ਼ਦੂਰਾਂ ਦੀ ਇਸ ਸਮੱਸਿਆਂ ਵੱਲ ਧਿਆਨ ਨਾ ਦਿੱਤਾ ਤਾ ਉਹ ਸਰਕਾਰ ਤੇ ਖਰੀਦ ਏਜੰਸੀਆਂ ਵਿਰੱਧ ਸਘੰਰਸ ਲਈ ਮਜਬੂਰ ਹੋਣਗੇ।
